ਅਗਲੇ ਅਕਾਦਮਿਕ ਸੈਸ਼ਨ ਤੋਂ ਸਰਕਾਰੀ ਕਾਲਜ ਕਰਨਗੇ ਆਨਲਾਈਨ ਦਾਖਲੇ

ਚੰਡੀਗੜ,(ਦਾ ਸਟੈਲਰ ਨਿਊਜ਼)। ਸੂਬੇ ਦੀ ਉਚੇਰੀ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਪੱਧਰ ‘ਤੇ ਸੁਧਾਰ ਲਿਆਉਣ ਲਈ ਅਗਲੇ ਅਕਾਦਮਿਕ ਸੈਸ਼ਨ ਤੋਂ ਸਰਕਾਰੀ ਕਾਲਜਾਂ ਵਿੱਚ ਆਨਲਾਈਨ ਦਾਖਲੇ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ। ਸਰਕਾਰੀ ਕਾਲਜਾਂ ਵਿੱਚ ਸਿੱਖਿਆ ਦੇ ਮਿਆਰ ਦੀ ਸਮੀਖਿਆ ਕਰਨ ਲਈ ਹਰ ਕਾਲਜ ਵੱਲੋਂ ਅਕਾਦਮਿਕ ਤੇ ਹੋਰ ਗਤੀਵਿਧੀਆਂ ਸਬੰਧੀ ਮਹੀਨਾਵਾਰ ਰਿਪੋਰਟ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਇਹ ਫੈਸਲੇ ਸ੍ਰੀਮਤੀ ਰਜ਼ੀਆ ਸੁਲਤਾਨਾ, ਉਚੇਰੀ ਸਿੱਖਿਆ ਮੰਤਰੀ, ਪੰਜਾਬ ਦੀ ਪ੍ਰਧਾਨਗੀ ਅਧੀਨ ਸਰਕਾਰੀ ਕਾਲਜ ਦੇ ਪ੍ਰਿੰਸੀਪਲਾਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਲਏ ਗਏ।
ਇਸ ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਉਚੇਰੀ ਸਿੱਖਿਆ ਐਸ.ਕੇ. ਸੰਧੂ, ਵਿਸ਼ੇਸ਼ ਸਕੱਤਰ ਉਚੇਰੀ ਸਿੱਖਿਆ ਐਮ.ਪੀ. ਅਰੋੜਾ ਤੇ ਡੀ.ਪੀ.ਆਈ. (ਕਾਲਜ) ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਕੀਤੇ ਗਏ ਫੈਸਲੇ ਅਤੇ ਨਵੇਕਲੇ ਉਪਰਾਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਵਿੱਚ ਉਚੇਰੀ ਸਿੱਖਿਆ ਦਾ ਮਿਆਰ ਵਧਾਉਣ ਲਈ ਵਿਭਿੰਨ ਮੁੱਦਿਆਂ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਇੱਥੇ ਇਹ ਵੀ ਫੈਸਲਾ ਲਿਆ ਗਿਆ ਕਿ ਅਗਲੀ ਮੀਟਿੰਗ ਵਿਚ ਅਕਾਦਮਿਕ ਗਤੀਵਿਧੀਆਂ ਅਤੇ ਅਗਲੇ ਸਾਲ ਲਈ ਵਿੱਢੀ ਗਈ ਰੂਪ ਰੇਖਾ ਦੀ ਸਮੀਖਿਆ, ਆਨਲਾਈਨ ਦਾਖਲੇ, ਵਿਦਿਆਰਥੀਆਂ ਦੀ ਹਾਜ਼ਰੀ ਨੂੰ ਯਕੀਨੀ ਤੌਰ ‘ਤੇ ਵਧਾਉਣਾ, ਫੈਕਲਟੀ, ਐਨ.ਏ.ਏ.ਸੀ. ਪ੍ਰਵਾਨਗੀ ਸਬੰਧੀ ਸਥਿਤੀ, ਗ੍ਰੈਜੂਏਟ ਕੋਰਸਾਂ ਦੇ ਵਿਸ਼ਿਆਂ ਦੇ ਕੰਬਿਨੇਸ਼ਨ ਅਤੇ ਵਿਦਿਆਰਥੀਆਂ ਵਿੱਚ ਹਾਂ-ਪੱਖੀ ਜਜ਼ਬਾ ਪੈਦਾ ਕਰਨ ਲਈ ਵਿਸ਼ੇਸ਼ ਲੈਕਚਰ, ਲਾਇਬ੍ਰੇਰੀਆਂ ਦੀ ਸਥਿਤੀ ਸੁਧਾਰਣ ਲਈ ਆਦੇਸ਼ ਦਿੱਤੇ ਗਏ।

Advertisements

-ਵਿਦਿਆਰਥੀਆਂ ਦੀ ਲੱਗੇਗੀ ਆਨਲਾਈਨ ਹਾਜ਼ਰੀ

ਉਚੇਰੀ ਸਿੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਕਾਲਜਾਂ ਦੇ ਸਾਰੇ ਅਧਿਆਪਕਾਂ ਦੀ ਜਾਣਕਾਰੀ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਸਾਲ ਹਫਤਾਵਾਰ ਓਰੀਐਂਟੇਸ਼ਨ/ਰੀਫਰੈਸ਼ੱਰ ਕੋਰਸ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਕਿਸੇ ਵੀ ਪ੍ਰਿੰਸੀਪਲ ਕੋਲ ਵਿਦਿਆਰਥੀਆਂ ਦੀ ਹਾਜਰੀ ਸਬੰਧੀ ਕੋਈ ਛੋਟ ਦੇਣ ਦਾ ਅਧਿਕਾਰ ਨਹੀਂ ਹੋਵੇਗਾ, ਸਰਕਾਰ ਇਸ ਬਾਰੇ ਜਲਦ ਹਦਾਇਤਾਂ ਵੀ ਜਾਰੀ ਕਰਨ ਜਾ ਰਹੀ ਹੈ।   ਸ੍ਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਅਗਲੇ ਅਕਾਦਮਿਕ ਸੈਸ਼ਨ ਤੋਂ ਸਰਕਾਰੀ ਕਾਲਜਾਂ ਵਿਚ ਆਨਲਾਈਨ ਹਾਜਰੀ ਦੀ ਪ੍ਰਣਾਲੀ ਅਪਣਾਈ ਜਾਵੇਗੀ ਅਤੇ ਅਕਾਦਮਿਕ ਆਡਿਟ ਲਈ ਵਿਸ਼ੇਸ਼ ਕਮੇਟੀ ਗਠਿਤ ਕੀਤੀ ਜਾਵੇਗੀ ਤਾਂ ਜੋ ਸਰਕਾਰੀ ਕਾਲਜਾਂ ਦੇ ਵਿੱਦਿਅਕ ਮਿਆਰ ਨੂੰ ਸਿਖਰਾਂ ‘ਤੇ ਪਹੁੰਚਾਇਆ ਜਾ ਸਕੇ। ਉਹਨਾਂ ਲਾਇਬ੍ਰਰੇਰੀ ਵਿਚ ਅਖਬਾਰਾਂ, ਮੈਗਜ਼ੀਨ ਅਤੇ ਕੌਮਾਂਤਰੀ ਜਰਨਲਜ਼ ਦੀ ਉਪਲਬੱਧਤਾ ਯਕੀਨੀ ਬਣਾਉਣ ‘ਤੇ ਵੀ ਜੋਰ ਦਿੱਤਾ।

 ਮੰਤਰੀ ਨੇ ਮੀਟਿੰਗ ਵਿਚ ਹਾਜਰ ਸਾਰੇ ਪ੍ਰਿੰਸੀਪਲਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵਿਦਿਆਰਥੀ, ਅਧਿਆਪਕ ਅਤੇ ਪ੍ਰਸ਼ਾਸਨ ਵਿਚ ਸਹਿਮਤੀ ਤੇ ਤਾਲਮੇਲ ਬਣਾਉਣਾ, ਸਮੇਂ ਦੀ ਸਭ ਤੋਂ ਵੱਡੀ ਜਰੂਰਤ ਹੈ, ਜਿਸ ਲਈ ਉਹਨਾਂ ਵਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਆਪਸੀ ਵਿਸ਼ਵਾਸ਼ ਪੈਦਾ ਕਰਨ ਵਿਚ ਕੋਈ ਵੀ ਕਸਰ ਨਾ ਛੱਡੀ ਜਾਵੇ। ਉਹਨਾਂ ਮੀਟੰਗ ਦੌਰਾਨ ਘੋਸ਼ਣਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਪੱਧਰ ‘ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਤਿੰਨ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ ਜਿਸ ਨਾਲ ਹੋਰ ਵਿਦਿਆਰਥੀਆਂ ਨੂੰ ਪ੍ਰੇਰਣਾ ਮਿਲੇਗੀ। ਉਹਨਾਂ ਅੱਗੇ ਕਿਹਾ ਕਿ ਉਚੇਰੀ ਸਿੱਖਿਆ ਦੇ ਮਿਆਰ ਵਿਚ ਵਾਧਾ ਕਰਨ ਲਈ ਕਾਲਜਾਂ ਵਲੋਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾਣ ਅਤੇ ਪ੍ਰਿੰਸੀਪਲ ਵਿਦਿਆਥੀਆਂ ਦੀ ਹਾਜਰੀ ਵਿਚ ਵਾਧਾ ਕਰਨਾ ਯਕੀਨੀ ਬਣਾਉਣ।

LEAVE A REPLY

Please enter your comment!
Please enter your name here