ਕੈਪਟਨ ਨੇ ਸਵ. ਵਾਜਪਾਈ ਦੀ ਰਿਹਾਇਸ਼ ‘ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਨਵੀਂ ਦਿੱਲੀ/ਚੰਡੀਗੜ, (ਦਾ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਰਿਹਾਇਸ਼ 6-ਏ ਕ੍ਰਿਸ਼ਨਾ ਮੈਨਨ ਵਿਖੇ ਜਾ ਕੇ ਉਹਨਾਂ ਦੇ ਪਰਿਵਾਰ ਕੋਲ ਆਪਣਾ ਸਤਿਕਾਰ ਭੇਟ ਕੀਤਾ। 

Advertisements

ਮੁੱਖ ਮੰਤਰੀ ਨੇ ਉਹਨਾਂ ਦੇ ਘਰ ਲਗਪਗ ਅੱਧਾ ਘੰਟਾ ਬਿਤਾਇਆ ਅਤੇ ਵਿਜ਼ਟਰ ਬੁੱਕ ਵਿੱਚ ਸ੍ਰੀ ਵਾਜਪਾਈ ਜੀ ਪ੍ਰਤੀ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕੀਤੀਆਂ ਜਿਹਨਾਂ ਨਾਲ ਸਾਲ 1970 ਵਿੱਚ ਹੋਈ ਪਹਿਲੀ ਮੁਲਾਕਾਤ ਨੂੰ ਚੇਤੇ ਕੀਤਾ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸ੍ਰੀ ਵਾਜਪਾਈ ਜੀ ਦੀ ਗੋਦ ਲਈ ਧੀ ਨਮਿਤਾ ਅਤੇ ਜਵਾਈ ਰੰਜਨ ਸਮੇਤ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਮੁਲਾਕਾਤ ਕਰਕੇ ਨਿੱਜੀ ਤੌਰ ‘ਤੇ ਦੁੱਖ ਸਾਂਝਾ ਕੀਤਾ।

ਸਾਲ 1970 ਵਿੱਚ ਸ੍ਰੀ ਵਾਜਪਾਈ ਜੀ ਦੀ ਪੰਜਾਬ ਫੇਰੀ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਵੇਲੇ ਸ੍ਰੀ ਅਟਲ ਜੀ ਉਹਨਾਂ ਲਈ ਚੋਣ ਪ੍ਰਚਾਰ ਕਰਨ ਲਈ ਆਏ ਸਨ ਅਤੇ ਉਹਨਾਂ ਨੇ ਪਟਿਆਲਾ ਵਿੱਚ ਤਿੰਨ ਦਿਨ ਬਿਤਾਏ ਸਨ। ਮੁੱਖਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ ਉਹ (ਕੈਪਟਨ) ਸਾਲ 1968 ਵਿੱਚ ਫੌਜ ‘ਚੋਂ ਆਏ ਸਨ ਅਤੇ ਪਹਿਲੀ ਚੋਣ ਸਾਲ 1970 ਵਿੱਚ ਡਕਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਸੀਟ ਤੋਂ ਲੜੀ ਸੀ ਜੋ ਨਕਸਲਵਾਦੀਆਂ ਵੱਲੋਂ ਤਤਕਾਲੀ ਵਿਧਾਇਕ ਬਸੰਤ ਸਿੰਘ ਦੀ ਹੱਤਿਆ ਕਰ ਦੇਣ ਨਾਲ ਖਾਲੀ ਹੋਈ ਸੀ।

ਮੁੱਖ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਇਕ ਮਹਾਨ ਨੇਤਾ, ਕੱਦਾਵਰ ਸ਼ਖਸੀਅਤ, ਸਤਿਕਾਰਯੋਗ ਸਿਆਸਦਾਨ ਅਤੇ ਸੁਲਝੇ ਹੋਏ ਇਨਸਾਨ ਵਜੋਂ ਯਾਦ ਕਰਦਿਆਂ ਕਿਹਾ ਕਿ ਉਹਨਾ ਦੇ ਤੁਰ ਜਾਣ ਨਾਲ ਪੈਦਾ ਹੋਇਆ ਖਲਾਅ ਪੂਰਨਾ ਬਹੁਤ ਔਖਾ ਹੈ।

LEAVE A REPLY

Please enter your comment!
Please enter your name here