ਵੋਟਰਾਂ ਲਈ ਸਹਾਈ ਸਾਬਤ ਹੋ ਰਿਹਾ ਹੈ ‘ਵੋਟਰ ਹੈਲਪਲਾਈਨ’ ਐਪ: ਡਿਪਟੀ ਕਮਿਸ਼ਨਰ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆ ਰਹੀਆਂ ਲੋਕ ਸਭਾ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਜਿਥੇ ‘ਸੁਵਿਧਾ ਐਪ’ ਅਤੇ ‘ਸੀ-ਵਿਜਿਲ’ ਐਪ ਸ਼ੁਰੂ ਕਰਕੇ ਨਿਵੇਕਲੇ ਉਪਰਾਲੇ ਕੀਤੇ ਗਏ ਹਨ, ਉਥੇ ਵੋਟਰਾਂ ਦੀ ਸਹੂਲਤ ਲਈ ‘ਵੋਟਰ ਹੈਲਪਲਾਈਨ’ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਈਸ਼ਾ ਕਾਲੀਆ ਨੇ ‘ਸੀ-ਵਿਜਿਲ’ ਐਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਐਪ ਆਦਰਸ਼ ਚੋਣ ਜ਼ਾਬਤਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸਹਾਈ ਸਾਬਤ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਦੀ ਉਲੰਘਣਾ ਸਬੰਧੀ ਕੋਈ ਵੀ ਵਿਅਕਤੀ ਇਸ ਮੋਬਾਇਲ ਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਪਰੰਤ ਸਬੰਧਤ ਉੱਡਣ ਦਸਤਿਆਂ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇਸ ਐਪ ਤਹਿਤ ਅਪਲੋਡ ਕੀਤੀ ਗਈ ਸ਼ਿਕਾਇਤ ‘ਤੇ 100 ਮਿੰਟ ‘ਚ ਕਾਰਵਾਈ ਯਕੀਨੀ ਬਣਾਈ ਜਾ ਰਹੀ ਹੈ।

Advertisements

‘ਸੁਵਿਧਾ ਐਪ’ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਇਹ ਐਪ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਇਕ ਛੱਤ ਥੱਲੇ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਉਹਨਾਂ ਦੱਸਿਆ ਕਿ ਉਮੀਦਵਾਰ ਅਤੇ ਰਾਜਨੀਤਿਕ ਪਾਰਟੀਆਂ ਮੀਟਿੰਗਾਂ ਅਤੇ ਰੈਲੀਆਂ ਆਦਿ ਦੀ ਮਨਜ਼ੂਰੀ ਲੈਣ ਲਈ ਇਸ ਐਪ ਰਾਹੀਂ ਸੁਵਿਧਾ ਪ੍ਰਾਪਤ ਕਰ ਸਕਦੀਆਂ ਹਨ। ਉਹਨਾਂ ਦੱਸਿਆ ਚੋਣ ਕਮਿਸ਼ਨ ਦੇ ਨਿਰਦੇਸ਼ਾਂ ‘ਤੇ ਉਮੀਦਵਾਰਾਂ ਅਤੇ ਪਾਰਟੀਆਂ ਵਲੋਂ ਅਪਲਾਈ ਕਰਨ ਦੇ 24 ਘੰਟੇ ਅੰਦਰ ਸਬੰਧਤ ਮਨਜ਼ੂਰੀਆਂ ਦਿੱਤੀਆਂ ਜਾਣਗੀਆਂ। ਈਸ਼ਾ ਕਾਲੀਆ ਨੇ ‘ਵੋਟਰ ਹੈਲਪਲਾਈਨ’ ਬਾਰੇ ਦੱਸਦਿਆਂ ਕਿਹਾ ਕਿ ਇਸ ਐਪ ਰਾਹੀਂ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਲੱਭਣ, ਆਨਲਾਈਨ ਫਾਰਮ ਜਮਾਂ ਕਰਵਾਉਣ, ਅਰਜ਼ੀ ਦੀ ਸਥਿਤੀ ਦਾ ਪਤਾ ਲਾਉਣ, ਮੋਬਾਇਲ ਐਪ ‘ਤੇ ਸ਼ਿਕਾਇਤ ਦਰਜ ਕਰਵਾਉਣ ਅਤੇ ਜਵਾਬ ਹਾਸਲ ਕਰਨ ਦੇ ਨਾਲ-ਨਾਲ ਬੂਥ ਲੈਵਲ ਅਧਿਕਾਰੀਆਂ, ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਅਤੇ ਜ਼ਿਲਾ ਚੋਣ ਅਫ਼ਸਰਾਂ ਨਾਲ ਸੰਪਰਕ ਕਰਨ ਸਬੰਧੀ ਵੇਰਵੇ ਹਾਸਲ ਕਰਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਸਾਰੀ ਜਾਣਕਾਰੀ ਵੋਟਰ ਹੈਲਪਲਾਈਨ ਮੋਬਾਇਲ ਐਪ ਜਾਂ www.nvsp.in   ਪੋਰਟਲ ਜਾਂ 1950 ਹੈਲਪਲਾਈਨ ਨੰਬਰ ‘ਤੇ ਕਾਲ ਕਰਕੇ ਹਾਸਲ ਕੀਤੀ ਜਾ ਸਕਦੀ ਹੈ। ਇਸੇ ਤਰਾਂ ਆਮ ਲੋਕ 1950 ‘ਤੇ ਐਸ.ਐਮ.ਐਸ. ਭੇਜ ਕੇ ਐਸ.ਐਮ.ਐਸ. ਸੇਵਾ ਦਾ ਲਾਭ ਵੀ ਉਠਾ ਸਕਦੇ ਹਨ ਅਤੇ ਇਹ ਬਿਲਕੁਲ ਮੁਫ਼ਤ ਹੈ।

ਇਸ ਮੋਬਾਇਲ ਐਪ ਜ਼ਰੀਏ ਸਾਰੇ ਫ਼ਾਰਮ, ਨਤੀਜੇ, ਉਮੀਦਵਾਰ ਦਾ ਹਲਫ਼ਨਾਮਾ ਅਤੇ ਹੋਰ ਮਹੱਤਵਪੂਰਨ ਨਿਰਦੇਸ਼ ਆਦਿ ਸਹੂਲਤਾਂ ਉਪਲੱਬਧ ਹੋ ਜਾਂਦੀਆਂ ਹਨ। ਜ਼ਿਲਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਸਦੇ ਨਾਲ ਹੀ ਦਿਵਆਂਗਜਨ ਵੋਟਰਾਂ (ਪੀ.ਡਬਲਿਊ.ਡੀਜ਼) ਦੀ ਸਹੂਲਤ ਲਈ ‘ਪੀ.ਡਬਲਿਊ.ਡੀ. ਐਪ’ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਸ ਐਪ ਵਿਚ ਦਿਵਆਂਗਜਨ ਨਵੀਂ ਰਜਿਸਟ੍ਰੇਸ਼ਨ ਲਈ ਬੇਨਤੀ ਕਰਨ, ਪਤੇ ਵਿੱਚ ਤਬਦੀਲੀ, ਵੇਰਵੇ ਵਿੱਚ ਤਬਦੀਲੀ ਅਤੇ ਆਪਣੇ ਆਪ ਨੂੰ ਪੀ.ਡਬਲਿਊ.ਡੀ ਵਜੋਂ ਮਾਰਕ ਕਰਨ ਦੀਆਂ ਸਹੂਲਤਾਂ ਹਾਸਲ ਕਰ ਸਕਦੇ ਹਨ। ਦਿਵਆਂਗਜਨ ਵੋਟਰਾਂ ਨੇ ਸਿਰਫ਼ ਆਪਣੇ ਸੰਪਰਕ ਸਬੰਧੀ ਵੇਰਵੇ ਭਰਨੇ ਹਨ ਅਤੇ ਫਿਰ ਉਹਨਾਂ ਨੂੰ ਉਹਨਾਂ ਦੇ ਘਰ ਪੁੱਜ ਕੇ ਸਹੂਲਤ ਪ੍ਰਦਾਨ ਕਰਨਾ, ਬੂਥ ਲੈਵਲ ਅਫ਼ਸਰ ਦੀ ਜ਼ਿੰਮੇਵਾਰੀ ਹੋਵੇਗੀ। ਈਸ਼ਾ ਕਾਲੀਆ ਨੇ ਅਪੀਲ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਸ਼ੁਰੂ ਕੀਤੀਆਂ ਗਈਆ ਉਕਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਯਕੀਨੀ ਬਣਾਇਆ ਜਾਵੇ। ਉਹਨਾਂ  ਕਿਹਾ ਕਿ 18 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਨੌਜਵਾਨਾਂ ਤੋਂ ਇਲਾਵਾ ਜੇਕਰ ਕਿਸੇ ਨੇ ਅਜੇ ਤੱਕ ਵੋਟ ਨਹੀਂ ਬਣਾਈ, ਤਾਂ ਉਹ ਪਹਿਲ ਦੇ ਅਧਾਰ ‘ਤੇ ਵੋਟ ਜ਼ਰੂਰ ਬਣਵਾਉਣ। ਉਹਨਾਂ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਬਿਨਾਂ ਕਿਸੇ ਡਰ ਅਤੇ ਭੈਅ ਦੇ ਵਰਤੋਂ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here