ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਅਤੇ ਗੁਆਚਿਆ ਸਮਾਂ ਕਦੇ ਵਾਪਸ ਨਹੀਂ ਆ ਸਕਦਾ:ਜਸਵੀਰ ਸਿੰਘ

ਅਜੋਕੇ ਯੁੱਗ ਦੇ ਵਿਚ ਸਮੇਂ ਨੇ ਆਪਣੀ ਮਜ਼ਬੂਤ ਪਕੜ ਵਿਚ ਮਨੁੱਖ ਨੂੰ ਇਨਾਂ ਵਿਅਸਤ ਕਰ ਦਿੱਤਾ ਹੈ ਕਿ ਕਿਸੇ ਵੀ ਵਿਅਕਤੀ ਕੋਲ ਇਕ ਦੂਜੇ ਲਈ ਸਮਾਂ ਕੱਢਣਾ ਬੜਾ ਹੀ ਮੁਸ਼ਕਿਲ ਜਿਹਾ ਜਾਪਦਾ ਹੈ। ਸਮਾਂ ਬੜਾ ਹੀ ਕੀਮਤੀ ਤੇ ਅਨਮੋਲ ਹੈ। ਜਿਨ੍ਹਾ ਨੇ ਸਮੇਂ ਦੀ ਚਾਲ ਨਾਲ ਚੱਲਣਾ ਨਾ ਸਿਖਿਆ ਜਾਂ ਫਿਰ ਕੋਈ ਵੀ ਵਿਅਕਤੀ ਸਮੇਂ ਦੀ ਰਫ਼ਤਾਰ ਤੋਂ ਪੱਛੜ ਕੇ ਚੱਲਦਾ ਹੈ ਤਾ ਉਸਦੀ ਕਾਮਯਾਬੀ ਨਿਰਾਰਥਕ ਰੂਪ ਧਾਰਨ ਕਰ ਲੈਂਦੀ ਹੈ। ਸਿੱਟੇ ਵੱਜੋ ਜਿਸ ਨਾਲ ਸਫਲਤਾ ਵੀ ਅਸਫਲਤਾ ਵਿਚ ਕਈ ਵਾਰ ਪਰਿਵਰਤਿਤ ਹੋ ਜਾਂਦੀ, ਫਿਰ ਆਸ਼ਾ ਦੀ ਥਾਂ ਨਿਰਾਸ਼ਾ ਹੱਥ ਲੱਗਦੀ ਹੈ। ਅਜਿਹੇ ਵਿਅਕਤੀ ਸਮੇਂ ਨੂੰ ਫਜ਼ੂਲ ਹੱਥੋਂ ਗ਼ੁਆ ਕੇ ਬਾਅਦ ਪਿਛੋ ਪਛਤਾਉਂਦੇ ਹਨ ਪਰ ਨਿਕਲਿਆ ਵਖ਼ਤ ਦੁਬਾਰਾ ਨਹੀ ਮਿਲਦਾ। ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਅਤੇ ਗੁਆਚਿਆ ਸਮਾਂ ਕਦੇ ਵਾਪਸ ਨਹੀਂ ਆ ਸਕਦਾ। ਇਸ ਲਈ ਸਮਾਂ ਕੇਵਲ ਬਤੀਤ ਹੀ ਨਹੀਂ ਕਰਨਾ ਚਾਹੀਦਾ ਸਗੋਂ ਇਸ ਨੂੰ ਨਿਵੇਸ਼ ਕਰਨਾ ਚਾਹੀਦਾ ਹੈ। ਉਕਤ ਵਿਚਾਰ ਪੇਸ਼ ਕਰਦੇ ਹੋਏ ਜਸਵੀਰ ਸਿੰਘ ਨੇ ਕਿਹਾ ਕਿ ਨਿਵੇਸ਼ ਤੋਂ ਭਾਵ ਸਮੇਂ ਦਾ ਸਦਉਪਯੋਗ ਕਰਦੇ ਹੋਏ ਇਸ ਨੂੰ ਕਿਸੇ ਸਾਰਥਕ ਕੰਮ ਵਿਚ ਲਾਉਣਾ ਚਾਹੀਦਾ ਹੈ ਤਾਂ ਜੋ ਆਪਣੇ ਵੱਲੋਂ ਮਿੱਥੇ ਮਕਸਦ ਨੂੰ ਵਧੀਆ ਢੰਗ ਨਾਲ ਪ੍ਰਾਪਤ ਕੀਤਾ ਜਾ ਸਕੇ। ਜ਼ਿੰਦਗੀ ਦੇ ਹਰ ਖੇਤਰ ‘ਚ ਸਮੇਂ ਦੀ ਬਹੁਤ ਮਹੱਤਤਾ ਹੈ। ਸਮਾਂ ਇਕ ਅਜਿਹੀ ਸ਼ੈਅ ਹੈ ਜੋ ਆਜ਼ਾਦ ਹੈ। ਇਸ ਨੂੰ ਜ਼ੰਜੀਰਾਂ ਵਿਚ ਬੰਨ੍ਹਿਆ ਨਹੀਂ ਜਾ ਸਕਦਾ। ਤੁਸੀਂ ਕੇਵਲ ਇਸ ਦਾ ਇਸਤੇਮਾਲ ਆਪਣੀ ਸਮਰੱਥਾ ਮੁਤਾਬਕ ਘੱਟ ਜਾਂ ਵੱਧ ਕਰ ਸਕਦੇ ਹੋ। ਸਮਾਂ ਨਿਸ਼ਚਿਤ ਹੈ । ਜਿਵੇਂ ਦਿਨ-ਰਾਤ ਦੇ ਚੌਵੀ ਘੰਟੇ ਹਨ। ਇਸ ਨੂੰ ਵਧਾਇਆ ਨਹੀਂ ਜਾ ਸਕਦਾ। ਕੋਈ ਵੀ ਇਨਸਾਨ ਸਮੇਂ ਨੂੰ ਆਪਣੇ ਅਨੁਸਾਰ ਨਹੀਂ ਚਲਾ ਸਕਦਾ। ਸਮਾਂ ਇੰਨਾ ਬਲਵਾਨ ਹੈ ਕਿ ਨਾ ਤਾਂ ਇਸ ਨੂੰ ਹਰਾਇਆ ਜਾ ਸਕਦਾ ਹੈ ਅਤੇ ਨਾ ਹੀ ਇਸ ਨੂੰ ਨੱਥ ਪਾਈ ਜਾ ਸਕਦੀ ਹੈ। ਇਹ ਕਿਸੇ ਦੀ ਸਲਤਨਤ ਦਾ ਗ਼ੁਲਾਮ ਨਹੀਂ ਹੈ। ਸਮਾਂ ਕਿਸੇ ਦਾ ਮੁਥਾਜ ਵੀ ਨਹੀਂ ਹੁੰਦਾ। ਇਹ ਆਪਣੀ ਚਾਲੇ ਚੱਲਦਾ ਰਹਿੰਦਾ ਹੈ। ਇਤਿਹਾਸ ਗਵਾਹ ਹੈ ਕਿ ਰਾਜੇ-ਮਹਾਰਾਜੇ ਵੀ ਇਸ ਅੱਗੇ ਬੇਵੱਸ ਦਿਸੇ। ਸਮਾਂ ਉਸ ਇਨਸਾਨ ਦਾ ਮਿੱਤਰ ਹੈ ਜੋ ਇਸ ਦਾ ਸਹੀ ਇਸਤੇਮਾਲ ਕਰਦਾ ਹੈ। ਸਾਡੇ ਸਾਹਮਣੇ ਅਣਗਿਣਤ ਮਿਸਾਲਾਂ ਹਨ ਕਿ ਜਿਹੜੇ ਲੋਕਾਂ ਨੇ ਸਮੇਂ ਦਾ ਸਹੀ ਇਸਤੇਮਾਲ ਕੀਤਾ, ਉਨ੍ਹਾਂ ਨੇ ਹੀ ਸੰਸਾਰ ਵਿਚ ਸਫਲਤਾ ਪ੍ਰਾਪਤ ਕਰ ਕੇ ਨਾਮਣਾ ਖੱਟਿਆ ਹੈ। ਅਜੋਕੀ ਪੀੜ੍ਹੀ ਵਿਚ ਬੇਚੈਨੀ ਦਾ ਮੁੱਖ ਕਾਰਨ ਇਹ ਹੈ ਕਿ ਉਹ ਸਮੇਂ ਦਾ ਸਹੀ ਢੰਗ ਨਾਲ ਨਿਵੇਸ਼ ਨਹੀਂ ਕਰਦੀ। ਆਪਣੇ ਸੀਮਤ ਸਮੇਂ ਨੂੰ ਬੇਲੋੜੇ ਕਾਰਜਾਂ ਵਿਚ ਲਗਾ ਕੇ ਨੌਜਵਾਨ ਰਾਹ ਤੋਂ ਭਟਕ ਰਹੇ ਹਨ। ਅੱਜ ਦੇ ਵਿਦਿਆਰਥੀ ਸਮੇਂ ਦੇ ਮੁੱਲ ਨੂੰ ਪਛਾਣਦੇ ਹੋਏ ਇਸ ਨੂੰ ਸੁਚਾਰੂ ਰੂਪ ਵਿਚ ਇਸਤੇਮਾਲ ਕਰਦੇ ਹੋਏ ਟੀਚੇ ਹਾਸਲ ਕਰਨ। ਉਨ੍ਹਾਂ ਨੂੰ ਪਛਤਾਉਣਾ ਨਾ ਪਵੇ, ਉਸ ਵਾਸਤੇ ਉਹ ਸਮੇਂ ਦੀ ਮਹੱਤਤਾ ਨੂੰ ਸਮਝਣ। ਸਮੇਂ ਦੀ ਸਹੀ ਵਰਤੋਂ ਉਨ੍ਹਾਂ ਦੇ ਵਰਤਮਾਨ ਤੇ ਭਵਿੱਖ ਨੂੰ ਸੰਵਾਰ ਸਕਦੀ ਹੈ। ਜੇ ਕੋਈ ਸਮੇਂ ਨੂੰ ਬਰਬਾਦ ਕਰੇਗਾ ਤਾਂ ਸਮਾਂ ਉਸ ਨੂੰ ਬਰਬਾਦ ਕਰ ਦੇਵੇਗਾ। ਕੋਈ ਵੀ ਸਿਆਣਾ ਮਨੁੱਖ ਆਪਣੀ ਬਰਬਾਦੀ ਨਹੀਂ ਚਾਹੇਗਾ। ਬੇਵਕੂਫ ਹੀ ਸਮੇਂ ਦੀ ਬੇਕਦਰੀ ਕਰਦੇ ਹਨ। ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਵੀ ਤਾਰਨੀ ਪੈਂਦੀ ਹੈ।

Advertisements

LEAVE A REPLY

Please enter your comment!
Please enter your name here