ਇੰਟਰਨੈੱਟ ਦੀ ਹੱਦੋਂ ਵੱਧ ਵਰਤੋਂ ਨੇ ਮਨੁੱਖ ਨਾਲੋਂ ਮਨੁੱਖ ਨੂੰ ਤੋੜ ਕੇ ਰੱਖ ਦਿੱਤਾ ਹੈ:ਅਭਿਸ਼ੇਕ

ਅਜੋਕਾ ਯੁਗ ਤਕਨੀਕ ਦਾ ਯੁਗ ਹੈ। ਹਰ ਪਾਸੇ ਵਿਗਿਆਨਕ ਕਾਢਾਂ ਦੀ ਝੰਡੀ ਹੈ। ਖ਼ਾਸ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿਚ ਵਿਗਿਆਨਕ ਕਾਢਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਮਨੁੱਖ ਦਾ ਜੀਵਨ ਇਹਨਾਂ ਵਿਗਿਆਨਕ ਕਾਢਾਂ ਉੱਪਰ ਨਿਰਭਰ ਹੋ ਗਿਆ ਹੈ। ਇਹਨਾਂ ਕਾਢਾਂ ਵਿੱਚੋਂ ਹੀ ਇੱਕ ਕਾਢ ਹੈ ਮੋਬਾਈਲ। ਮੋਬਾਈਲ ਤੋਂ ਬਾਅਦ ਇੰਟਰਨੈੱਟ ਅਤੇ ਇੰਟਰਨੈੱਟ ਤੋਂ ਮਗਰੋਂ ਸੋਸ਼ਲ- ਮੀਡੀਆ ਦਾ ਪ੍ਰਯੋਗ ਕਰਨਾ ਅੱਜ ਦੇ ਵਕਤ ਵਿਚ ਹਰ ਮਨੁੱਖ ਲਈ ਲਾਜ਼ਮੀ ਹੋ ਗਿਆ ਹੈ। ਸ਼ਾਇਦ ਇਸੇ ਕਰਕੇ ਨਿੱਕੇ ਜੁਆਕਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਸੋਸ਼ਲ- ਮੀਡੀਆ ਦੀ ਵਰਤੋਂ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ। ਇੱਕ ਹੱਦ ਤੱਕ ਇਹ ਕਾਰਜ ਵਰਦਾਨ ਦਾ ਰੂਪ ਲੱਗਦਾ ਹੈ ਪਰ ਹੱਦੋਂ ਵੱਧ ਇਹ ‘ਵਰਦਾਨ’ ਵੀ ਸਰਾਪ ਦਾ ਰੂਪ ਧਾਰਨ ਕਰਨ ਲੱਗਦਾ ਹੈ। ਸੋਸ਼ਲ- ਮੀਡੀਆ ਜਿੱਥੇ ਮਨੁੱਖ ਨੂੰ ਸਹੂਲਤ ਦੇਣ ਲਈ ਆਪਣੀ ਜਿੰਮੇਵਾਰੀ ਬਹੁਤ ਵਧੀਆ ਢੰਗ ਨਾਲ ਨਿਭਾ ਰਿਹਾ ਹੈ ਉੱਥੇ ਮਨੁੱਖ ਦੀ ਅਣਗਹਿਲੀ ਕਰਕੇ ਇਹ ਇੱਕ ਸਰਾਪ ਦਾ ਰੂਪ ਵੀ ਧਾਰਨ ਕਰਦਾ ਜਾ ਰਿਹਾ ਹੈ। ਇੰਟਰਨੈੱਟ ਦੀ ਹੱਦੋਂ ਵੱਧ ਵਰਤੋਂ ਨੇ ਮਨੁੱਖ ਨਾਲੋਂ ਮਨੁੱਖ ਨੂੰ ਤੋੜ ਕੇ ਰੱਖ ਦਿੱਤਾ ਹੈ। ਮਨੁੱਖ ਇਕਲਾਪੇ ਦਾ ਸ਼ਿਕਾਰ ਹੋ ਗਿਆ ਹੈ। ਨਿੱਕੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਲੋਕਾਂ ਤੱਕ ਇਸਦੇ ਵੱਸ ਵਿਚ ਹਨ/ ਪ੍ਰਭਾਵ ਵਿਚ ਹਨ। ਸੋਸ਼ਲ- ਮੀਡੀਆ ਦੀ ਦੁਰਵਰਤੋਂ ਕਰਕੇ ਦੇਸ਼ ਦੀ ਸੁਰੱਖਿਆ ਨਾਲ ਜੁੜੇ ਕਈ ਦਸਤਾਵੇਜ਼ ਲੀਕ ਕੀਤੇ ਜਾ ਚੁਕੇ ਹਨ। ਦੁਸ਼ਮਣ ਮੁਲਕਾਂ ਦੇ ਖੁਫ਼ੀਆਂ ਅਫ਼ਸਰ ਸੋਸ਼ਲ- ਮੀਡੀਏ ਦੇ ਰਾਹੀਂ ਨੌਜਵਾਨਾਂ ਨੂੰ ਆਪਣੇ ਜਾਲ਼ ਵਿਚ ਫਸਾਉਂਦੇ ਹਨ ਅਤੇ ਦੇਸ਼ ਦੀਆਂ ਖੁਫ਼ੀਆਂ ਜਾਣਕਾਰੀਆਂ ਹਾਸਿਲ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ। ਕਈ ਵਾਰ ਭੋਲੇ- ਭਾਲੇ ਨੌਜਵਾਨ ਇਹਨਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਜਾਂਦੇ ਹਨ। ਸੋਸ਼ਲ- ਮੀਡੀਆ ਉੱਪਰ ਸਰਗਰਮ ਲੋਕ ਸਰੀਰਕ ਕੰਮਾਂ ਨੂੰ ਲਗਭਗ ਭੁੱਲ ਹੀ ਜਾਂਦੇ ਹਨ। ਉਹ ਲੋਕ ਦਿਨ- ਰਾਤ ਮੋਬਾਈਲ ਦੀ ਟੱਚ ਉੱਪਰ ਆਪਣੇ ਸਮੇਂ ਨੂੰ ਬਤੀਤ ਕਰਦੇ ਹਨ। ਇਸ ਕਰਕੇ ਕਈ ਪ੍ਰਕਾਰ ਦੀਆਂ ਬੀਮਾਰੀਆਂ ਨੇ ਅਜਿਹੇ ਲੋਕਾਂ ਨੂੰ ਘੇਰਾ ਪਾ ਗਿਆ ਹੈ। ਅੱਖਾਂ ਦੀ ਨਿਗਾਹ ਕਮਜ਼ੋਰ ਹੋ ਗਈ ਹੈ, ਮੋਟਾਪੇ ਦੇ ਸ਼ਿਕਾਰ ਹੋ ਗਏ ਹਨ ਅਤੇ ਇਕਲਾਪੇ ਕਰਕੇ ਮਾਨਸਿਕ ਰੋਗੀ ਵੀ ਬਣਦੇ ਜਾ ਰਹੇ ਹਨ।

Advertisements

ਅੱਜ ਕੱਲ ਖੁਦਕੁਸ਼ੀਆਂ ਦਾ ਰੁਝਾਨ ਬਹੁਤ ਵੱਧ ਗਿਆ ਹੈ। ਮਾਨਸਿਕ ਰੋਗੀਆਂ ਦੀ ਗਿਣਤੀ ਦਿਨੋਂ- ਦਿਨ ਵੱਧਦੀ ਜਾ ਰਹੀ ਹੈ। ਇਹਨਾਂ ਦਾ ਮੂਲ ਕਾਰਨ ਹੈ ‘ਸੋਸ਼ਲ- ਮੀਡੀਆ ਦੀ ਹੱਦੋਂ ਵੱਧ ਵਰਤੋਂ’ ਮਨੁੱਖ ਦੇ ਕੋਲ ਆਪਣੇ ਦੁੱਖ- ਸੁੱਖ ਨੂੰ ਦੱਸਣ ਲਈ ਵਕਤ ਹੀ ਨਹੀਂ ਹੈ। ਇਸ ਲਈ ਉਹ ਪੂਰਾ ਦਿਨ ਇੰਟਰਨੈੱਟ ਦੀ ਦੁਨੀਆਂ ਵਿਚ ਗੁਆਚਿਆ ਰਹਿੰਦਾ ਹੈ। ਇਸ ਕਰਕੇ ਉਹ ਆਪਣੇ ਆਸ- ਪਾਸ ਦੀ ਅਸਲ ਦੁਨੀਆਂ ਤੋਂ ਟੁੱਟ ਜਾਂਦਾ ਹੈ ਅਤੇ ਕਲਪਣਾ ਦੇ ਸੰਸਾਰ ਵਿਚ ਗੁਆਚ ਜਾਂਦਾ ਹੈ। ਇਸ ਕਲਪਣਾ ਦੇ ਸੰਸਾਰ ਕਰਕੇ ਉਹ ਕਈ ਤਰਾਂ ਦੀ ਬੀਮਾਰੀਆ ਦਾ ਸ਼ਿਕਾਰ ਹੋ ਜਾਂਦਾ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਨਿੱਕੇ ਬੱਚੇ ਵੀ ਖੁਦਕੁਸ਼ੀ ਵਰਗੇ ਸਖ਼ਤ ਕਦਮ ਚੁੱਕ ਲੈਂਦੇ ਹਨ। ਅੱਜ ਕੱਲ ਅਖ਼ਬਾਰਾਂ ਵਿਚ ਆਮ ਹੀ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਦੱਸਵੀਂ ਦੇ ਇਮਤਿਹਾਨ ਵਿਚੋਂ ਫੇਲ ਹੋਏ ਵਿਦਿਆਰਥੀ ਨੇ ਆਤਮ- ਹੱਤਿਆ ਕਰ ਲਈ। ਅਸਲ ਵਿਚ ਉਹ ਵਿਦਿਆਰਥੀ ਜਾਂ ਉਸ ਵਿਦਿਆਰਥੀ ਦੇ ਮਾਂ- ਬਾਪ ਇੰਟਰਨੈੱਟ ਦੀ ਦੁਨੀਆਂ ਵਿਚ ਅਜਿਹੇ ਗੁਆਚੇ ਹੁੰਦੇ ਹਨ ਕਿ ਉਹ ਆਪਣੇ ਬੱਚੇ ਦੀਆਂ ਤੰਗੀਆਂ- ਖੂਬੀਆਂ ਨੂੰ ਦੇਖ ਹੀ ਨਹੀਂ ਪਾਉਂਦੇ। ਦੂਜੇ ਪਾਸੇ ਬੱਚਾ ਵੀ ਇੰਟਰਨੈੱਟ ਦੇ ਜਾਲ਼ ਵਿਚ ਫੱਸਿਆ ਹੁੰਦਾ ਹੈ ਉਹ ਆਪਣੀ ਮਨੋ- ਸਥਿਤੀ ਨੂੰ ਆਪਣੇ ਮਾਪਿਆਂ ਸਾਹਮਣੇ ਬਿਆਨ ਹੀ ਨਹੀਂ ਕਰ ਪਾਉਂਦਾ। ਇਸ ਦੇ ਨਤੀਜੇ ਵੱਜੋਂ ਆਤਮ- ਹੱਤਿਆ ਵਰਗੀ ਘਟਨਾ ਵਾਪਰ ਜਾਂਦੀ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ। ਇਸ ਤੋਂ ਬਚਣ ਦੀ ਲੋੜ ਹੈ। ਸੋਸ਼ਲ- ਮੀਡੀਆ ਦੇ ਮੰਦੇ ਪ੍ਰਭਾਵਾਂ ਤੋਂ ਬਚਣ ਲਈ ਇਸਦਾ ਪ੍ਰਯੋਗ ਸੀਮਤ ਸਮੇਂ ਲਈ ਕਰੋ ਭਾਵ ਦਿਨ ਵਿਚ ਕੁਝ ਵਕਤ ਮਿੱਥ ਲਓ ਕਿ ਇਸ ਸਮੇਂ ਦੇ ਦੌਰਾਨ ਹੀ ਸੋਸ਼ਲ- ਮੀਡੀਏ ਉੱਪਰ ਸਰਗਰਮ ਹੋਣਾ ਹੈ, ਬਾਕੀ ਪੂਰਾ ਦਿਨ ਆਪਣੇ ਪਰਿਵਾਰ ਨਾਲ ਸਮਾਂ ਬਿਤਾਓ।

ਸੋਸ਼ਲ- ਮੀਡੀਏ ਉੱਪਰ ਵਾਧੂ ਦੀਆਂ ਕਾਰਵਾਈਆਂ ਤੋਂ ਬਚੋ ਭਾਵ ਜਿਹੜੀ ਚੀਜ਼ ਤੁਹਾਡੇ ਨਾਲ ਸੰਬੰਧਿਤ ਹੈ ਉਸ ਨੂੰ ਦੇਖੋ ਜਾਂ ਕਰੋ। ਵਾਧੂ ਦੀਆਂ ਚੀਜ਼ਾਂ ਉੱਪਰ ਆਪਣੇ ਧਿਆਨ ਨੂੰ ਕੇਂਰਦਿਤ ਨਾ ਕਰੋ। ਵਿਅਕਤੀਗਤ ਜਾਣਕਾਰੀ ਘੱਟ ਤੋਂ ਘੱਟ ਸਾਂਝੀ ਕਰੋ। ਆਪਣੇ ਬਾਰੇ, ਆਪਣੇ ਪਰਿਵਾਰ ਬਾਰੇ ਅਤੇ ਆਪਣੇ ਕਾਰੋਬਾਰ ਬਾਰੇ। ਸੋਸ਼ਲ- ਮੀਡੀਆ ਉੱਪਰ ਉੱਡਦੀਆਂ ਅਫ਼ਵਾਹਾਂ ਤੋਂ ਬਚੋ ਅਤੇ ਅਫ਼ਵਾਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕਰੋ। ਜਿਸ ਗੱਲ ਦਾ ਤੁਹਾਨੂੰ ਪੱਕਾ ਯਕੀਨ ਨਹੀਂ ਉਸ ਨੂੰ ਅੱਗੇ ਭੇਜਣ ਤੋਂ ਸੰਕੋਚ ਕਰੋ। ਕਈ ਵਾਰ ਬਹੁਤ ਸਾਰੀਆਂ ਝੂਠੀਆਂ ਖ਼ਬਰਾਂ ਵੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਫੈਲਾਈਆਂ ਜਾਂਦੀਆਂ ਹਨ ਤਾਂ ਕਿ ਸਮਾਜਿਕ ਮਾਹੌਲ ਨੂੰ ਵਿਗਾੜਿਆ ਜਾ ਸਕੇ। ਇਸ ਲਈ ਅਫ਼ਵਾਹਾਂ ਨੂੰ ਫੈਲਾਉਣ ਵਿਚ ਹਿੱਸੇਦਾਰ ਨਾ ਬਣੋ। ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਸੀਮਤ ਸਮੇਂ ਲਈ ਕੀਤਾ ਗਿਆ ਸੋਸ਼ਲ- ਮੀਡੀਆ ਦਾ ਪ੍ਰਯੋਗ ਵਰਦਾਨ ਸਿੱਧ ਹੁੰਦਾ ਹੈ ਪਰ, ਹੱਦੋਂ ਵੱਧ ਕੇ ਇਸੇਤਿਮਾਲ ਸਰਾਪ ਦਾ ਰੂਪ ਧਾਰਨ ਕਰ ਜਾਂਦਾ ਹੈ। ਇਸ ਲਈ ਸੋਸ਼ਲ- ਮੀਡੀਆ ਦਾ ਪ੍ਰਯੋਗ ਕਰੋ ਪਰ, ਸੀਮਤ ਸਮੇਂ ਲਈ ਲਈ ਜਾਂ ਸਮਾਂ ਮਿੱਥ ਕੇ। ਇਸ ਨਾਲ ਸੋਸ਼ਲ- ਮੀਡੀਆ ਵਰਦਾਨ ਸਿੱਧ ਹੋਵੇਗਾ।

LEAVE A REPLY

Please enter your comment!
Please enter your name here