ਠੇਕਾ ਮੁਲਾਜ਼ਮਾਂ ਵੱਲੋਂ ਮਈ ਦਿਵਸ ਮੌਕੇ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਹੁਸ਼ਿਆਰਪੁਰ: ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਅੱਜ ਇਥੇ ਬਰਾਂਚ ਹੁਸ਼ਿਆਰਪੁਰ ਵਲੋਂ ਖਡਿਆਲਾ ਸੈਣੀਆਂ ਵਿਖੇ.ਮਜਦੂਰ ਦਿਹਾੜੇ ਦੇ ਮੌਕੇ ਇਕੱਠੇ ਹੋ ਕੇ ਜੱਥੇਬੰਦੀ ਦਾ ਝੰਡਾ ਲਹਿਰਾਉਣ ਉਪਰੰਤ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਇਸ ਸਮੇਂ ਹਾਜ਼ਰ ਆਗੂਆਂ ਜਤਿੰਦਰ ਸਿੰਘ ਬੱਧਣ ਸੁਖਵਿੰਦਰ ਸਿੰਘ ਚੁੰਬਰ ਨੇ ਕਿਹਾ ਕਿ ਅੱਜ ਤੋਂ 135 ਵਰ੍ਹੇ ਪਹਿਲਾਂ 1886 ਵਿਚ ਅਮਰੀਕਨ ਸਰਮਾਏਦਾਰੀ ਪ੍ਰਬੰਧ ਵੱਲੋਂ ਉੱਥੋਂ ਦੇ ਮਜਦੂਰਾਂ ਦੀ ਕੀਤੀ ਜਾ ਰਹੀ ਕਿਰਤ ਦੀ ਅੰਨ੍ਹੀ ਲੁੱਟ ਨੂੰ ਰੋਕਣ ਅਤੇ 8 ਘੰਟੇ ਸਮਾਂਬੱਧ ਦਿਹਾੜੀ ਕਰਨ ਲਈ ਉੱਥੋਂ ਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸ਼ਾਨਾਮੱਤੇ ਸੰਘਰਸ਼ ਨੂੰ ਅਮਰੀਕੀ ਸਰਮਾਏਦਾਰੀ ਪ੍ਰਬੰਧ ਵੱਲੋਂ ਕੁਚਲਣ ਲਈ 1 ਮਈ 1886 ਨੂੰ ਖੂਨੀ ਕਾਂਡ ਰਚਕੇ ਸ਼ਿਕਾਂਗੋ ਸ਼ਹਿਰ ਦੀ ਧਰਤੀ ਨੂੰ ਮਜਦੂਰਾਂ ਦੇ ਖੂਨ ਨਾਲ ਲਾਲ ਕਰ ਦਿੱਤਾ ਸੀ ਅਤੇ ਮਜ਼ਦੂਰ ਆਗੂਆਂ ਨੂੰ ਸ਼ਖਤ ਸਜਾਵਾਂ ਦੇ ਕੇ ਫਾਂਸੀਆਂ ਤੇ ਚਾੜ ਦਿੱਤਾ ਸੀ।

Advertisements

ਆਗੂਆਂ ਨੇ ਕਿਹਾ ਸਾਨੂੰ ਸ਼ਿਕਾਂਗੋ ਦੇ ਸ਼ਹੀਦਾਂ ਦੀ ਵਿਰਾਸਤ ਨੂੰ ਸਾਂਭਦੇ ਹੋਏ ਸ਼ਹੀਦਾਂ ਦੇ ਨਕਸ਼ੇ-ਕਦਮ ਤੇ ਚੱਲਣ ਦੀ ਜ਼ਰੂਰਤ ਹੈ ਕਿਉਕਿ ਅੱਜ ਫਿਰ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਸਾਮਰਾਜੀ ਤਾਕਤਾਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਕਾਰਪੋਰੇਟ ਘਰਾਣਿਆਂ ਪੱਖੀ ਵਿਕਾਸ ਮਾਡਲ ਦੇਸ ਦੇ ਲੋਕਾਂ ਉੱਪਰ ਜ਼ਬਰਦਸਤੀ ਮੜ੍ਹ ਰਹੀ ਹੈ ਉਥੇ ਹੀ ਸੂਬੇ ਦੀ ਕੈਪਟਨ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਜੋਕਿ ਵਿਕਾਸ ਮਾਡਲ ਦੇ ਏਜੰਡੇ ਤਹਿਤ ਬਿਜਲੀ, ਪਾਣੀ, ਸਿਹਤ, ਸਿੱਖਿਆ, ਟ੍ਰਾਂਸਪੋਰਟ, ਰੇਲਵੇ, ਹਵਾਈ ਜਹਾਜ਼, ਹਵਾਈ ਅੱਡੇ, ਬੈਂਕ, ਬੀਮਾ, ਦੂਰ ਸੰਚਾਰ,ਬੰਦਰਗਾਹਾਂ ਆਦਿ ਬੁਨਿਆਦੀ ਮਹੱਤਤਾ ਵਾਲੇ ਲੋਕ ਅਦਾਰਿਆਂ ਦਾ ਨਿੱਜੀਕਰਨ ਕਰਕੇ ਦੇਸੀ-ਵਿਦੇਸ਼ੀ ਲੋਟੂ ਕੰਪਨੀਆਂ ਦੇ ਹਵਾਲੇ ਕੀਤੇ ਜਾ ਰਹੇ ਹਨ ਅਤੇ ਮੁਲਕ ਦੇ ਕੁਦਰਤੀ ਮਾਲ-ਖਜ਼ਾਨਿਆਂ ਜਲ, ਜੰਗਲਾਂ, ਖਣਿਜ ਖਾਨਾ, ਕੋਇਲਾ ਖਾਨਾ, ਸਮੁੰਦਰੀ ਟਾਪੂਆਂ ਉੱਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੀ ਆੜ ਵਿਚ ਕਿਰਤ ਅਤੇ ਖੇਤੀ ਕਾਨੂੰਨਾਂ ਵਿਚ ਬੇਲੋੜੀਆਂ ਸੋਧਾਂ ਕਰਕੇ ਕਿਰਤ ਅਤੇ ਖੇਤੀ ਕਾਨੂੰਨਾਂ ਨੂੰ ਮਜਦੂਰ-ਕਿਸਾਨ ਵਿਰੋਧੀ ਬਣਾਇਆ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਸਾਮਰਾਜ ਦੇ ਹੱਥੇ ਚੱੜੀ ਮੋਦੀ ਸਰਕਾਰ ਦੇ ਇਹਨਾਂ ਲੋਕਮਾਰੂ ਹੱਲਿਆਂ ਅਤੇ ਨੀਤੀਆਂ ਨੂੰ ਠੱਲ ਪਾਉਣ ਲਈ ਸਮੂਹ ਕਿਰਤੀ ਵਰਗਾਂ ਨੂੰ ਸਾਂਝੇ ਸੰਘਰਸ਼ਾਂ ਦੇ ਪਿੜ ਮੱਲਣ ਦੀ ਲੋੜ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ .. ਸੁਖਦੇਵ ਸਿੰਘ ਰਾਜ ਕੁਮਾਰ ਕੁਲਦੀਪ ਸਿੰਘ ਸੈਣੀ ਵਿਨੋਦ ਕੁਮਾਰ ਮਲਕੀਤ ਸਿੰਘ ਸੁਰਿੰਦਰ ਸਿੰਘ ਜਸਵਿੰਦਰ ਸਿੰਘ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here