ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਰਾਸ਼ਟਰੀ ਪ੍ਰਤਿਭਾ ਖੋਜ ਮੁਕਾਬਲਿਆਂ ਲਈ ਮੁੱਢਲੀ ਪ੍ਰੀਖਿਆ 31 ਮਈ ਨੂੰ

ਹੁਸ਼ਿਆਰਪੁਰ, 30 ਮਈ : ਪਿਛਲੇ ਵਰ੍ਹੇ ਤੋਂ ਹੀ ਸਿੱਖਿਆ ਵਿਭਾਗ ਪੰਜਾਬ ਦੀ ਅਗਵਾਈ ਵਿੱਚ  ਐੱਸ.ਸੀ.ਈ.ਆਰ.ਟੀ. ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਐਨ. ਟੀ. ਐੱਸ. ਈ ਅਤੇ ਐੱਨ. ਐੱਮ. ਐੱਮ. ਐੱਸ. ਆਦਿ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਤਾਵਾਂ ਦੀ ਤਿਆਰੀ ਸਰਕਾਰੀ ਸਕੂਲਾਂ ਵਿੱਚ ਹੀ ਕਰਵਾਈ ਜਾ ਰਹੀ ਹੈ ਜਿਸ ਤਹਿਤ ਇਸ ਸੈਸ਼ਨ ਲਈ ਵੀ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਰਾਸ਼ਟਰੀ ਪ੍ਰਤਿਭਾ ਖੋਜ ਮੁਕਾਬਲਿਆਂ ਲਈ ਮੁੱਢਲੀ ਪ੍ਰੀਖਿਆ 31 ਮਈ ਨੂੰ ਲਈ ਜਾ ਰਹੀ ਹੈ।

Advertisements

ਇਸ ਸਬੰਧੀ ਸ. ਗੁਰਸ਼ਰਨ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ( ਸੈ.ਸਿੱ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਮਈ ਨੂੰ ਹੋਣ ਜਾ ਰਹੀ ਬੇਸਲਾਈਨ ਪ੍ਰੀਖਿਆ ਵਿੱਚ ਵਿਦਿਆਰਥੀਆਂ ਕੋਲੋਂ 30 ਚੋਣਵੇਂ ਪ੍ਰਸ਼ਨ ਪੁੱਛੇ ਜਾਣਗੇ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਵਿੱਚ ਪ੍ਰੀਖਿਆ ਪ੍ਰਤੀ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਸ਼ਟਰੀ ਪੱਧਰ ਦੀਆਂ ਇਹਨਾਂ ਪ੍ਰੀਖਿਆਵਾਂ ਨੂੰ ਪਾਸ ਕਰਨ ਵਾਲੇ ਵਿਦਿਆਰਥੀ ਮਹੀਨਾਵਾਰ ਵਜ਼ੀਫ਼ੇ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ। ਸਰਕਾਰੀ ਸਕੂਲਾਂ ਦੇ ਸਿਰਮੌਰ ਅਤੇ ਤਜ਼ਰਬੇਕਾਰ ਅਧਿਆਪਕਾਂ ਦੀ ਅਗਵਾਈ ਵਿੱਚ ਜਿੱਥੇ ਪਿਛਲੇ ਵਰ੍ਹੇ ਵੀ ਸਰਕਾਰੀ ਸਕੂਲਾਂ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਐੱਨ ਟੀ ਐੱਸ ਸੀ ਪੱਧਰ -1 ਦੀ ਪ੍ਰੀਖਿਆ ਵਿੱਚ ਸ਼ਾਨਾਮੱਤੀਆਂ ਪ੍ਰਾਪਤੀਆਂ ਕੀਤੀਆਂ ਸਨ। ਉੱਥੇ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਨਾਲ ਵਿਦਿਆਰਥੀ ਭਵਿੱਖ ਵਿੱਚ ਵੀ ਉੱਚ ਦਰਜ਼ੇ ਦੀਆਂ ਮੁਕਾਬਲੇ ਦੀਆਂ ਵੱਖ-ਵੱਖ ਪ੍ਰੀਖਿਆਵਾਂ ਵਿੱਚ ਭਾਗ ਲੈਣ ਦੇ ਕਾਬਿਲ ਬਣ ਰਹੇ ਹਨ।
ਰਾਕੇਸ਼ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈ.ਸਿੱ)  ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਵੱਲੋਂ ਸੈਸ਼ਨ 2021-22 ਲਈ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਰੈਗੂਲਰ ਪੜ੍ਹਾਈ ਦੇ ਨਾਲ -ਨਾਲ ਸੈਸ਼ਨ ਦੇ ਆਰੰਭ ਵਿੱਚ ਹੀ ਕਰਵਾਉਣ ਦਾ ਅਹਿਦ ਲਿਆ ਗਿਆ ਸੀ। ਜਿਸ ਤਹਿਤ ਸਰਕਾਰੀ ਸਕੂਲਾਂ ਦੇ ਮਿਹਨਤਕਸ਼ ਅਮਲਾ ਅਤੇ   ਵਿਦਿਆਰਥੀ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਬੜੇ ਜ਼ੋਰ -ਸ਼ੋਰ ਨਾਲ ਰੁੱਝੇ ਹੋਏ ਸਨ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਕੋਚਿੰਗ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਹ ਸਿਖਲਾਈ ਬਿਲਕੁੱਲ ਮੁਫ਼ਤ ਹੈ, ਦੂਜਾ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਤਿਆਰੀ ਸਟੇਟ ਅਤੇ ਜ਼ਿਲ੍ਹਾ ਪੱਧਰ ‘ਤੇ ਚੁਣੇ ਗਏ ਤਜ਼ਰਬੇਕਾਰ ਵਿਸ਼ਾ ਮਾਹਿਰਾਂ ਦੁਆਰਾ ਕਰਵਾਈ ਜਾਂਦੀ ਹੈ। ਦੂਜੇ ਪਾਸੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪੇ ਇਹਨਾਂ ਪ੍ਰੀਖਿਆਵਾਂ ਲਈ ਭਾਰੀ ਭਰਕਮ ਫ਼ੀਸਾਂ ਉਤਾਰ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਕੋਚਿੰਗ ਸੈਟਰਾਂ ਵਿੱਚ ਜਾ ਕੇ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰਨੀ ਪੈਂਦੀ ਹੈ।

ਵਿਭਾਗ ਵੱਲੋਂ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਦਾ ਕੰਮ ਸੁਚਾਰੂ ਰੂਪ ਵਿੱਚ ਚਲਾਉਣ ਲਈ ਮਿਹਨਤੀ ਅਤੇ ਮਾਹਿਰ ਅਧਿਆਪਕਾਂ ਦੀ ਸ਼ਮੂਲੀਅਤ ਵਾਲੀ ਐੱਨ ਟੀ ਐੱਸ ਈ ਕੋਰ ਕਮੇਟੀ ਵੀ ਬਣਾਈ ਗਈ ਹੈ ਜਿਹਨਾਂ ਵੱਲੋਂ ਤਿਆਰ ਕੀਤੀ ਗਈ ਉੱਚ ਪਾਏ ਦੀ ਸਿੱਖਣ ਸਮੱਗਰੀ ਵਿਦਿਆਰਥੀਆਂ ਨੂੰ ਭੇਜੀ ਜਾ ਰਹੀ ਹੈ। ਵਿਭਾਗ ਵੱਲੋਂ ਇਹਨਾਂ  ਪ੍ਰੀਖਿਆਵਾਂ ਲਈ ਜ਼ੂਮ ਕਲਾਸਾਂ ਰਾਹੀਂ ਵਿਦਿਆਰਥੀਆਂ ਨੂੰ ਲਗਾਤਾਰ ਤਿਆਰੀ ਵੀ ਕਰਵਾਈ ਜਾ ਰਹੀ ਹੈ।

LEAVE A REPLY

Please enter your comment!
Please enter your name here