ਸਾਂਝਾ ਅਧਿਆਪਕ ਮੋਰਚਾ 18 ਜੂਨ ਨੂੰ ਸਿੱਖਿਆ ਸਕੱਤਰ ਦੇ ਦਫ਼ਤਰ ਦਾ ਕਰਨਗੇ ਘਿਰਾਓ

ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਸਿੱਖਿਆ ਸਕੱਤਰ ਦੀਆਂ ਦਿਸ਼ਾਹੀਣ ਨੀਤੀਆਂ ਸਦਕਾ ਸੂਬੇ ਦਾ ਸਿੱਖਿਆ ਢਾਂਚਾ ਲੀਹੋਂ ਲੱਥ ਗਿਆ ਹੈ। ਸਰਕਾਰ ਦੇ ਬੇਲੋੜੇ ਬੋਝ ਨੇ ਅਧਿਆਪਕਾਂ ਨੂੰ ਮਾਨਸਿਕ ਗੁਲਾਮ ਬਣਾ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੀਟੀਯੂ ਦੀ ਸਥਾਨਕ ਇਕਾਈ ਦੀ ਮੀਟਿੰਗ ਦੌਰਾਨ ਅਧਿਆਪਕ ਆਗੂ ਵਰਿੰਦਰ ਵਿੱਕੀ ਤੇ ਸ਼ਸ਼ੀਕਾਂਤ ਨੇ ਕੀਤਾ। ਬਲਾਕ ਪ੍ਰਧਾਨ ਨਰੇਸ਼ ਮਿੱਡਾ ਦੀ ਅਗਵਾਈ ਹੇਠ ਹੋਈ ਜੀਟੀਯੂ ਦੀ ਮੀਟਿੰਗ ‘ਚ ਬਲਾਕ ਪ੍ਰਧਾਨ ਕਮਾਹੀ ਦੇਵੀ ਸੁਰਿੰਦਰ ਰੌਲ਼ੀ ਅਤੇ ਹਾਜੀਪੁਰ ਪ੍ਰਧਾਨ ਰਮਨ ਚੌਧਰੀ ਵੀ ਸ਼ਾਮਲ ਹੋਏ। ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਅਧਿਆਪਕਾਂ ਨਾਲ ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਜ਼ਾਰੀ ਅਤੇ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲ ਦਾ ਸਮਾਂ ਪੂਰਾ ਹੋਣ ਦੇ ਬਾਵਜੂਦ ਕੈਪਟਨ ਸਰਕਾਰ ਦੇ ਇੱਕ ਵੀ ਵਾਅਦੇ ਨੂੰ ਬੂਰ ਨਹੀਂ ਪਿਆ। ਸਿੱਖਿਆ ਸੱਕਤਰ ਨੇ ਬਡ਼ੀ ਹੀ ਚਲਾਕੀ ਨਾਲ ਅਧਿਆਪਕਾਂ ਤੋਂ ਪੱਲਿਓਂ ਪੈਸੇ ਖਰਚ ਕਰਵਾ ਕੇ ਸਕੂਲਾਂ ਦੀ ਦਿੱਖ ਸੁਧਾਰੀ ਅਤੇ ਜਿਸਦਾ ਨਾਮਣਾ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕਰ ਕਾਂਗਰਸ ਸਰਕਾਰ ਖੱਟ ਰਹੀ ਹੈ।

Advertisements

ਜਦਕਿ ਜ਼ਮੀਨੀ ਹਕੀਕਤ ਤੋਂ ਦੂਰ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਹਾਜ਼ਾਰਾਂ ਆਸਾਮੀਆਂ ਨੂੰ ਸਰਕਾਰ ਭਰਨ ਤੋਂ ਟਾਲਾ ਵੱਟ ਰਹੀ ਹੈ। ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਦੇਣ ਦੀ ਬਜਾਇ ਉਨ੍ਹਾਂ ’ਤੇ ਪੁਲੀਸੀਆ ਤਸ਼ਦੱਦ ਢਾਹਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਲਾਰਿਆਂ ਅਤੇ ਸਿੱਖਿਆ ਸਕੱਤਰ ਦੇ ਨਾਦਰਸ਼ਾਹੀ ਫੁਰਮਾਨਾਂ ਤੋਂ ਅੱਕੇ ਸਾਂਝਾ ਅਧਿਆਪਕ ਮੋਰਚਾ,ਪੰਜਾਬ ਨੇ 18 ਤਾਰੀਕ ਨੂੰ ਮੋਹਾਲੀ ਵਿਖੇ ਸਥਿਤ ਸਿੱਖਿਆ ਸਕੱਤਰ ਦੇ ਦਫ਼ਤਰ ਨੂੰ ਘੇਰਨ ਦਾ ਐਲਾਨ ਕੀਤਾ ਹੈ।

ਜਿਸ ਵਿੱਚ ਬਲਾਕ ਤਲਵਾਡ਼ਾ, ਕਮਾਹੀ ਦੇਵੀ ਤੇ ਹਾਜੀਪੁਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਹੋਣਗੇ। ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਜਸਬੀਰ ਤਲਵਾਡ਼ਾ ਨੇ ‘ਘਰ ਘਰ ਨੌਕਰੀ ’ ਦੇਣ ਦਾ ਵਾਅਦਾ ਕਰ ਸੱਤਾ ‘ਚ ਆਈ ਕੈਪਟਨ ਸਰਕਾਰ ਦੀ ਨੌਕਰੀ ਦੀ ਮੰਗ ਕਰ ਰਹੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ’ਤੇ ਅੰਨ੍ਹਾਂ ਤਸ਼ਦੱਦ ਕਰ ਆਵਾਜ਼ ਦਬਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ। ਉਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦਾ ਪੂਰਨ ਤੌਰਤੇ ਸਮਰਥਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਾਜੇਸ਼ ਕੁਮਾਰ, ਜਸਵਿੰਦਰ ਸਿੰਗਲਾ, ਮੁਕੇਸ਼ ਹਾਂਡਾ ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here