ਨਿੱਕੂ ਪਾਰਕ ’ਚ ਜਲਦ ਚਾਲੂ ਹੋਣਗੇ ਕੋਲੰਬਸ ਅਤੇ ਬ੍ਰੇਕ ਡਾਂਸ ਝੂਲੇ: ਘਨਸ਼ਿਆਮ ਥੋਰੀ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਕੂ ਪਾਰਕ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਕੀਤੇ ਜਾ ਰਹੇ ਠੋਸ ਯਤਨਾਂ ਸਦਕਾ ਪਾਰਕ ਵਿੱਚ ਤਿੰਨ ਹੋਰ ਮੁੱਖ ਝੂਲੇ ਜਲਦ ਚਾਲੂ ਹੋ ਰਹੇ ਹਨ , ਜਿਸ ਨਾਲ ਆਮ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਲਈ ਮਨੋਰੰਜਨ ਦੇ ਦਾਇਰੇ ਦਾ ਵਿਸਥਾਰ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਬਹੁਤ ਹੀ ਘੱਟ ਸਮੇਂ ਵਿੱਚ ਨਿੱਕੂ ਪਾਰਕ ਵਿੱਚ ਅਤਿ ਆਧੁਨਿਕ ਬਾਲਿੰਗ ਕੋਰਟ ਤੋਂ ਇਲਾਵਾ ਦੋ ਮੁੱਖ ਝੂਲੇ ਕੋਲੰਬਸ ਅਤੇ ਬ੍ਰੇਕ ਡਾਂਸ ਜਲਦ ਸ਼ੁਰੂ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਜਾਂ ਨੂੰ ਮੁਕੰਮਲ ਕਰਨ ਲਈ ਲਗਭਗ 12 ਲੱਖ ਰੁਪਏ ਖਰਚ ਕੀਤੇ ਜਾਣਗੇ,ਜੋ ਕਿ ਇਥੇ ਰੋਜ਼ਾਨਾ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਵੀ ਹੋਣਗੇ।

Advertisements

ਉਨ੍ਹਾਂ ਦੱਸਿਆ ਕਿ ਬਾਲਿੰਗ ਕੋਰਟ ਅਗਲੇ ਚਾਰ ਜਾਂ ਪੰਜ ਦਿਨਾਂ ਵਿੱਚ 1.5 ਲੱਖ ਰੁਪਏ ਦੀ ਲਾਗਤ ਨਾਲ ਚਾਲੂ ਹੋ ਜਾਵੇਗਾ ਜਦਕਿ ਕੋਲੰਬਸ ਝੂਲੇ ਨੂੰ ਮੁੜ ਸ਼ੁਰੂ ਕਰਨ ਲਈ 7 ਲੱਖ ਰੁਪਏ ਅਤੇ ਬ੍ਰੇਕ ਡਾਂਸ ਝੂਲੇ ਨੂੰ ਚਾਲੂ ਕਰਨ ਲਈ 3.75 ਲੱਖ ਰੁਪਏ ਖ਼ਰਚੇ ਜਾ ਰਹੇ ਹਨ, ਜੋ ਕਿ ਪਿਛਲੇ ਅੱਠ ਸਾਲ ਤੋਂ ਕੰਮ ਨਹੀਂ ਕਰ ਰਹੇ ਸਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਰਕ ਵਿਖੇ ਵੱਖ-ਵੱਖ ਸਹੂਲਤਾਂ ਨੂੰ ਮੁੜ ਸ਼ੁਰੂ ਕਰਨ ਲਈ ਪਹਿਲਾਂ ਹੀ 12 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਹ ਪਾਰਕ, ਜੋ ਕਿ ਸ਼ਹਿਰ ਦੇ ਪ੍ਰਮੁੱਖ ਸਥਾਨ ’ਤੇ ਸਥਿਤ ਹੈ, ਰੱਖ-ਰਖਾਅ ਦੀ ਘਾਟ ਕਰਕੇ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਅਤੇ ਕੋਵਿਡ-19 ਕਰਕੇ ਪਿਛਲੇ ਇਕ ਸਾਲ ਤੋਂ ਬੰਦ ਵੀ ਪਿਆ ਸੀ ।

ਸ਼੍ਰੀ ਥੋਰੀ ਨੇ ਦੱਸਿਆ ਕਿ 13 ਲੱਖ ਰੁਪਏ ਦੀ ਲਾਗਤ ਨਾਲ ਇਸ ਪਾਰਕ ਦੀ ਨੁਹਾਰ ਬਦਲਣ ਤੋਂ ਇਲਾਵਾ ਪਿਛਲੇ ਕੁਝ ਮਹੀਨਿਆਂ ਤੋਂ ਸਮੁੱਚੇ ਝੂਲਿਆਂ ਦੀ ਮੁਰੰਮਤ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪਾਰਕ ਵਿੱਚ ਸਮੁੱਚੇ ਮੁੱਖ ਝੂਲੇ, ਜਿਨ੍ਹਾਂ ਵਿੰਚ ਮਨੋਰੰਜਨ ਬੱਸ, ਫ਼ੁਹਾਰੇ, ਸੰਗੀਤਮਈ ਫ਼ੁਹਾਰੇ, ਰੇਲ ਗੱਡੀ, ਫਲੱਡ ਲਾਈਟਾਂ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ,  ਹਾਲ ਹੀ ਵਿੱਚ ਚਾਲੂ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪਾਰਕ ਵਿਖੇ ਸੁਰੱਖਿਆ ਦੇ ਮੱਦੇਨਜ਼ਰ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ।

LEAVE A REPLY

Please enter your comment!
Please enter your name here