ਪਿੰਡ ਹੁੱਕੜਾਂ ’ਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੁਚਾਰੂ ਪ੍ਰਬੰਧਨ ਲਈ ਕੀਤਾ ਗਿਆ ਜਾਗਰੂਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਝੋਨੇ ਦੀ ਪਰਾਲੀ ਦੇ ਸੁਚਾਰੂ ਪ੍ਰਬੰਧਨ ਸਬੰਧੀ ਵੱਖ-ਵੱਖ ਪ੍ਰਸਾਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੜੀ ਵਿਚ ਪਿਛਲੇ ਦਿਨਾਂ ’ਚ ਅਪਨਾਏ ਗਏ ਪਿੰਡ ਹੁੱਕੜਾਂ ਵਿਚ ਪਿੰਡ ਪੱਧਰੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡਿਪਟੀ ਡਾਇਰੈਕਟਰ (ਟਰੇਨਿੰਗ) ਡਾ. ਮਨਿੰਦਰ ਸਿੰਘ ਬੌਂਸ ਵਲੋਂ ਹਾਜ਼ਰ ਕਿਸਾਨਾਂ ਦਾ ਸਵਾਗਤ ਕੀਤਾ ਗਿਆ। ਡਾ. ਬੌਂਸ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਫ਼ਸਲਾਂ ਦੀ ਰਹਿੰਦ-ਖੂਹੰਦ ਦਾ ਸੁਚਾਰੂ ਪ੍ਰਯੋਗ ਕਰਕੇ ਵਾਤਾਵਰਣ ਹਿਤੈਸ਼ੀ ਤਕਨੀਕਾਂ ਅਪਨਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਪੂਰਾ ਲਾਭ ਲੈਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਮੁਹਿੰਮ ਰੂਪ ਵਿਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਦੇ ਖੇਤਾਂ ਵਿਚ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਡਾ. ਬੌਂਸ ਨੇ ਕਿਸਾਨਾਂ ਨੂੰ ਕ੍ਰਿਸ਼ੀ ਮਸ਼ੀਨਰੀ ਰਾਹੀਂ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਹਾੜੀ ਦੀਆਂ ਮੁੱਖ ਫ਼ਸਲਾਂ ਦੀ ਕਾਸ਼ਤ ਬਾਰੇ ਚਾਨਣਾ ਪਾਇਆ।

Advertisements


ਕੇਂਦਰ ਵਿਚ ਪਸ਼ੂ ਵਿਗਿਆਨ ਦੇ ਮਾਹਰ ਡਾ. ਕੰਵਰਪਾਲ ਸਿੰਘ ਢਿੱਲੋਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਨ ਸਬੰਧੀ ਦੱਸਿਆ ਅਤੇ ਪਰਾਲੀ ਵਿਚ ਮੌਜੂਦ ਵੱਖ-ਵੱਖ ਤੱਤਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਪਰਾਲੀ ਦਾ ਪਸ਼ੂ ਖੁਰਾਕ ਦੇ ਤੌਰ ’ਤੇ ਪ੍ਰਯੋਗ ਅਤੇ ਪਸ਼ੂਆਂ ਦੀ ਮੌਸਮੀ ਸੰਭਾਲ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਕੇਂਦਰ ਦੇ ਪ੍ਰੋਗਰਾਮ ਸਹਾਇਕ ਸਨੀਤਾ ਵਲੋਂ ਮਿੱਟੀ ਪਰਖ ਦੀ ਮਹੱਤਤਾ ਅਤੇ ਮਿੱਟੀ ਤੇ ਪਾਣੀ ਪਰਖ ਲਈ ਨਮੂਨੇ ਲੈਣ ਦੀ ਵਿਧੀ ਬਾਰੇ ਦੱਸਿਆ ਗਿਆ।


ਇਸ ਮੌਕੇ ਪਿੰਡ ਹੁੱਕੜਾਂ ਦੇ ਪਰਾਲੀ ਪ੍ਰਬੰਧ ਕਰਨ ਵਾਲੇ ਪ੍ਰਗਤੀਸ਼ੀਲ ਕਿਸਾਨਾਂ ਗੁਰਪ੍ਰੀਤ ਸਿੰਘ, ਇਕਬਾਲ ਸਿੰਘ, ਮਹਿੰਦਰ ਸਿੰਘ, ਮਲਕੀਅਤ ਸਿੰਘ, ਮਨਜੀਤ ਸਿੰਘ, ਰਵਿੰਦਰ ਸਿੰਘ ਅਤੇ ਹੁੱਕੜਾਂ ਬਹੁਮੰਤਵੀ ਸਹਿਕਾਰੀ ਸੋਸਾਇਟੀ ਦੇ ਸਕੱਤਰ ਬਲਕਾਰ ਸਿੰਘ ਨੇ ਕੈਂਪ ਵਿਚ ਸ਼ਮੂਲੀਅਤ ਕੀਤੀ ਅਤੇ ਆਪਣੇ ਸ਼ੰਕਿਆਂ ਬਾਰੇ ਮਾਹਰਾਂ ਨਾਲ ਵਿਚਾਰ ਚਰਚਾ ਕੀਤੀ। ਕੇਂਦਰ ਵਲੋਂ ਕਿਸਾਨਾਂ ਦੀ ਸੁਵਿਧਾ ਲਈ ਬੀਜ ਅਤੇ ਕ੍ਰਿਸ਼ੀ ਸਾਹਿਤ ਵੀ ਮੁਹੱਈਆ ਕਰਵਾਇਆ ਗਿਆ। ਅੰਤ ਵਿਚ ਪਿੰਡ ਹੁੱਕੜਾਂ ਦੇ ਸਰਪੰਚ ਸੋਹਨ ਸਿੰਘ ਅਤੇ ਆਜ਼ਾਦ ਕਿਸਾਨ ਯੂਨੀਅਨ (ਦੋਆਬਾ) ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਪਿੰਡ ਰਾਜਪੁਰ ਭਾਈਆਂ ਵਲੋਂ ਆਏ ਮਾਹਿਰਾਂ ਅਤੇ ਹਾਜ਼ਰ ਕਿਸਾਨਾਂ ਦਾ ਇਸ ਜਾਗਰੂਕਤਾ ਕੈਂਪ ਵਿਚ ਹਿੱਸਾ ਲੈਣ ਲਈ ਧੰਨਵਾਦ ਕੀਤਾ ਗਿਆ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਪਰਾਲੀ ਪ੍ਰਬੰਧਨ ਦੇ ਇਸ ਅਭਿਆਨ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।

LEAVE A REPLY

Please enter your comment!
Please enter your name here