ਜ਼ਿਹਨ ਵਿੱਚ ਚੰਗੇ ਖਿਆਲਾਂ ਦਾ ਆਉਣਾ ਵੀ

ਜ਼ਿਹਨ ਵਿੱਚ ਚੰਗੇ ਖਿਆਲਾਂ ਦਾ ਆਉਣਾ ਵੀ
ਚੰਨ ਦੀ ਚਾਨਣੀ ਤੋਂ ਘੱਟ ਨਹੀੰ ਹੁੰਦਾ
ਮਹਿਕਾਂ ਭਰੇ ਹਵਾ ਦੇ ਬੁੱਲੇ ਤੋਂ ਘੱਟ ਨਹੀ
ਮਨੁੱਖ ਦੇ ਅੰਦਰ ਵੀ ਬੜਾ ਕੁਝ ਚੱਲਦਾ ਹੈ
ਤੇ ਬਾਹਰ ਵੀ ਕੁਦਰਤ ਦੇ ਅਪਣੇ ਹੀ ਰੰਗ ਹੁੰਦੇ ਹਨ

Advertisements

ਕੁਦਰਤ ਆਪਣੇ ਆਪ ਵਿੱਚ ਹੀ ਬਹੁਤ ਖ਼ੂਬਸੂਰਤ ਹੈ ਬਹੁਤ
ਪਰ ਕਈ ਵਾਰ ਬਹੁਤ ਕਰੂਪ ਚਿਹਰਾ ਲੈ ਕੇ ਵੀ ਪ੍ਰਗਟ ਹੁੰਦੀ ਹੈ
ਉਦੋਂ ਜਦੋੰ ਕਰੋਪੀ ਵਰਤਾਉਂਦੀ ਹੈ
ਉਦੋਂ ਜਦੋੰ ਤਬਾਹੀ ਮਚਾਉਂਦੀ ਹੈ
ਉਦੋਂ ਜਦੋੰ ਹੜ , ਭੁਚਾਲ, ਬਿਮਾਰੀਆਂ
ਤੇ ਗਰੀਬੀ ਲਿਆਉਂਦੀ ਹੈ

ਹਾਂ ।ਹਾਂ । ਹੈ ਤਬਦੀਲੀ ਕੁਦਰਤ ਦਾ ਨਿਯਮ ਵੀ
ਤਾਹੀਓ ਸਰਕਾਰਾਂ ਉਲ਼ਟਦੀਆਂ
ਤਾਹੀਓੰ ਸ਼ਹਿਨਸ਼ਾਹਾਂ ਦੇ ਸਿਰਾਂ ਤੋਂ ਤਾਜ ਲੱਥਦੇ
ਤਾਹੀਓੰ ਰੁੱਤਾਂ ਬਦਲਦੀਆਂ
ਦੇਖਿਓ ਕਿਤੇ ਭੁਲੇਖਾ ਨਾ ਖਾਇਓ ਰੁੱਤਾਂ ਛੋਟੀ ਚੀਜ਼ ਨਹੀ ਹੁੰਦੀਆਂ

ਰੁੱਤਾਂ ਦੀ ਤਾਂ ਹਰ ਇਕ ਨੂੰ ਹੀ ਉਡੀਕ ਰਹਿੰਦੀ ਹੈ
ਕਾਸ਼! ਰੁੱਤਾਂ ਅਪਣੇ ਨਾਲ ਸੁੱਖ, ਸ਼ਾਂਤੀ ਤੇ ਮੁਹੱਬਤਾਂ ਲੈ ਕੇ ਆਉਣ
ਇਹ ਸੱਭ ਕੁਦਰਤ ਦੇ ਵਰਤਾਰੇ ਹੀ ਹਨ
ਰੁੱਤਾਂ ਨੂੰ ਆਉਣੋਂ ਨਹੀ ਰੋਕਿਆ ਜਾ ਸਕਦਾ

ਇੱਕ ਗੱਲ ਵਧੀਆਂ ਕਿ ਰੁੱਤਾਂ ਨੂੰ ਪਾਸ ਨਹੀ ਬਣਾਉਣਾ ਪੈਂਦਾ
ਟੋਲ ਪਲਾਜੇ ਉੱਤੋੰ ਲੰਘਣ ਲਈ ਟਿਕਟ ਨਹੀ ਕਟਵਾਉਣਾ ਪੈਂਦਾ

ਉਹ ਚਾਹੁੰਣ ਤਾਂ ਖਾਲ਼ੀ ਹੱਥ ਵੀ ਆ ਸਕਦੀਆਂ
ਪਰ ਨਹੀ ਇਹ ਰੁੱਤਾਂ ਦੀ ਫ਼ਿਤਰਤ ਨਹੀ ਹੁੰਦੀ
ਉਹ ਬਹੁਤ ਕੁਝ ਨਾਲ ਲੈ ਕੇ ਹੀ ਆਉਂਦੀਆਂ
ਕਦੀ ਬਹਾਰਾਂ, ਕਦੀ ਪਤਝੜਾਂ, ਕਦੀ ਬਰਸਾਤਾਂ
ਤੇ ਜਾਣ ਲਗੀਆਂ ਕਿਸੇ ਨੂੰ ਦੱਸਦੀਆਂ ਵੀ ਨਹੀ
ਮਲਕੜੇ ਜਿਹੇ ਹੀ ਚਲੇ ਜਾਂਦੀਆਂ
ਕੀ ਪਤਾ ਰੁੱਤਾਂ ਕਾਹਦੇ ਉੱਤੇ ਚੜ ਕੇ ਆਉਂਦੀਆਂ ?
ਤੇ ਕਾਹਦੇ ਉੱਤੇ ਚੜ ਕੇ ਵਾਪਸ ਪਰਤਦੀਆਂ ਹਨ ?
ਮਨੁੱਖ ਕੋਲ ਹੀ ਹੈ ਬਹੁਤ ਕੁਝ ਚੜਣ ਉਤਰਨ ਲਈ
ਲੱਕੜੀ ਦੇ ਪਹੀਆਂ ਵਾਲੇ ਗੱਡੇ ਤੋਂ ਟਾਇਰਾਂ ਵਾਲੀਆਂ ਗੱਡੀਆਂ
ਤੇ ਫਿਰ ਗੱਡੀਆਂ ਤੋਂ ਤਰਾਂ ਤਰਾਂ ਦੀਆਂ ਵੱਡੀਆਂ ਵੱਡੀਆਂ ਗੱਡੀਆਂ
ਟ੍ਰੇਨਾਂ ,ਬੱਸਾਂ ,ਜਹਾਜ ਤੇ ਹੋਰ ਵੀ ਬਹੁਤ ਕੁਝ ਹੈ
ਮਨੁੱਖ ਦੇ ਉਤਰਨ ਚੜਣ ਲਈ

ਲੱਗ ਰਿਹਾ ਜ਼ਿੰਦਗੀ ਬਹੁਤ ਤੇਜ ਹੋ ਗਈ ਦਿੱਲੀ ਬੰਬੇ ਵਾਂਗ ਤੇਜ
ਘਰਾਂ ਵਿੱਚ ਜਗਾ ਭਾਵੇਂ ਘੱਟ ਹੈ
ਪਰ ਕਾਰਾਂ ਰੱਖਣੀਆਂ ਪੈ ਜਾਂਦੀਆਂ ਕਈਆਂ ਨੂੰ
ਬੇਸ਼ਕ ਜਾਣ ਆਉਣ ਲਈ ਟੈਕਸੀਆਂ ਦੀ ਵੀ ਘਾਟ ਨਹੀ

ਇੱਕ ਉਹ ਵੀ ਜ਼ਮਾਨਾ ਸੀ ਜਦੋੰ ਕਾਰਾਂ ਨਹੀ ਸਨ
ਉਦੋਂ ਤਾਂ ਗੱਲਾਂ ਹੀ ਹੋਰ ਸਨ ਸੱਭ ਕੁਝ ਅਜੀਬ ਸੀ
ਉਦੋੰ ਕਾਰਾਂ ਭਾਵੇਂ ਨਹੀ ਸਨ ਹੁੰਦੀਆਂ ਪਰ ਯਾਰ ਤਾਂ ਹੁੰਦੇ ਸਨ
ਜੋ ਆਪਣੇ ਨਾਲ ਲੈ ਜਾਣ ਲਈ ਆ ਜਾਂਦੇ ਸਨ ਵੇਲੇ ਸਿਰ
ਕਦੀ ਸਾਈਕਲਾਂ ਉੱਤੇ ਤੇ ਕਦੀ ਪੈਦਲ ਹੀ

ਭਾਵੇਂ ਕਾਂ ਹੱਥ ਸੁਨੇਹਾ ਭੇਜ ਦਿਓ
ਯਾਰ ਭੱਜੇ ਆਉਂਦੇ ਸਨ ਸੁੱਖ ਦੁੱਖ ਵਿੱਚ
ਹੁਣ ਨਹੀ ਰਹੀਆਂ ਉਹ ਗੱਲਾਂ
ਹੁਣ ਤਾਂ ਅਫ਼ਸੋਸ ਵੀ ਉਹ ਫ਼ੋਨਾਂ ਉੱਤੇ ਹੀ ਕਰ ਲੈਂਦੇ
ਤੇ ਉਹ ਵੀ ਕਈ ਕਈ ਦਿਨਾਂ ਬਾਅਦ

ਹੁਣ ਤਾਂ ਜਿਗਰੀ ਯਾਰ ਵੀ
ਕਈ ਕਈ ਸਾਲ ਮਿਲਣ ਹੀ ਨਹੀ ਆਉਂਦੇ
ਹਾਲਾਂ ਕਿ ਹੁਣ ਉਂਨਾਂ ਕੋਲ ਸਕੂਟਰ ਹਨ
ਮੋਟਰ ਸਾਈਕਲ ਵੀ ਹਨ
ਤੇ ਕਈਆਂ ਕੋਲ ਕਾਰਾਂ ਵੀ
ਪਰ ਤਾਂ ਵੀ ਨਹੀ ਆਉਂਦੇ ਉਹ

ਉਦੋਂ ਯਾਰ ਤਾਂ ਯਾਰ ਦੀ ਜ਼ਿੰਦਗੀ ਵਿਚਲੇ
ਖਲਾਅ ਨੂੰ ਭਰਨ ਲਈ ਹੁੰਦੇ ਸਨ
ਉਦੋਂ ਤਾਂ ਯਾਰ ਮੀਲਾਂ ਤੱਕ ਨਾਲ ਨਾਲ ਪੈਦਲ ਹੀ ਤੁਰਦੇ ਸਨ
ਤੇ ਹੁਣ ਕਈਆਂ ਕੋਲ ਕਾਰਾਂ ਹਨ
ਤਾਂ ਵੀ ਘਰੋੰ ਹੀ ਨਹੀ ਨਿਕਲਦੇ
ਆਖਣਗੇ ਵਿਹਲ ਹੀ ਨਹੀ ਮਿਲਿਆ
ਸਾਲੇ ਵਿਹਲ ਦੇ
ਜਿਉਣਾਂ ਹੀ ਭੁੱਲ ਗਏ ਲੱਗਦੇ ..

ਅਸਲ ਵਿੱਚ ਜ਼ਿੰਦਗੀ ਜ਼ਿੰਦਗੀ ਤਾਂ ਰਹੀ ਨਹੀ
ਜ਼ਿੰਦਗੀ ਤਾਂ ਵਿਉਪਾਰ ਬਣਦੀ ਜਾ ਰਹੀ
ਹਾਂ ਹਾਂ ਬਹੁਤ ਤੇਜ਼ੀ ਨਾਲ ਹੋ ਰਹੇ ਹਨ ਕਾਰੋਬਾਰ
ਪਰੋਫੈਸ਼ਨਲ ਲੋਕ ਕਾਰਾਂ ਦੇ ਟਾਇਰ ਘਸਾ ਦਿੰਦੇ
ਦੂਰ ਦੁਰਾਡੀਆਂ ਥਾਂਵਾਂ ਉੱਤੇ ਜਾ ਜਾ ਕੇ
ਸੜਕਾਂ ਵਿਚਾਰੀਆਂ ਵੀ ਕੀ ਕਰਨ
ਸੜਕਾਂ ਤਾਂ ਕਾਰਾਂ ਨਾਲ ਹੀ ਭਰੀਆਂ ਰਹਿੰਦੀਆਂ
ਬਹੁਤ ਔਖਾ ਹੋ ਗਿਆ ਸੜਕਾਂ ਨੂੰ ਪੈਦਲ ਕਰੌਸ ਕਰਨਾ ਵੀ
ਕਾਰਾਂ ਹੋਰ ਵੱਧ ਰਹੀਆਂ ਹਨ ਤੇ ਸੜਕਾਂ ਉੱਤੇ ਦੌੜ ਵੀ ਰਹੀਆਂ ਹਨ
ਭਾਵੇਂ ਪੈਟਰੋਲ ਕਿਨਾ ਵੀ ਮਹਿੰਗਾ ਕਿਉਂ ਨਾ ਹੋ ਜਾਵੇ
ਭਾਵੇਂ ਪਰਦੂਸ਼ਣ ਕਿਨਾ ਵੀ ਕਿਉ ਨਾ ਵੱਧ ਜਾਵੇ

ਕਾਰੋਬਾਰੀ ਲੋਕਾਂ ਕੋਲ ਯਾਰ ਨਹੀ ਪਾਰਟਨਰ ਹੁੰਦੇ ਹਨ
ਏਨੇ ਨੌਕਰ ਨਹੀ ਹੁੰਦੇ ਉਂਨਾਂ ਕੋਲ ਜਿਨੇ ਏਜੰਟ ਹੁੰਦੇ ਹਨ
ਕਮਿਸ਼ਨ ਜਿਉਂ ਚੱਲਦੇ ਹਨ ਅਗਲਿਆਂ ਦੇ ਉੱਪਰ ਤੋਂ ਹੇਠਾਂ ਤੱਕ
ਇੱਕ ਦੂਜੇ ਨਾਲ ਵੀ ਠੱਗੀ ਹੀ ਮਾਰੀ ਜਾਂਦੇ
ਬੰਦਾ ਹੀ ਬੰਦੇ ਨੂੰ ਸ਼ੋਸ਼ਤ ਕਰਦਾ
ਅੰਨੀ ਪੀਸੀ ਜਾਂਦੀ ਤੇ ਕੁੱਤੇ ਚੱਟੀ ਜਾਂਦੇ
ਬੜੇ ਗੋਰਖ ਧੰਦੇ ਹਨ ਉਂਨਾਂ ਕੋਲ
ਢੰਗ ਤਰੀਕੇ ਵੀ ਅਲੱਗ ਅਲੱਗ
ਲੱਖਾਂ ਤੋਂ ਕਰੋੜਾਂ ਵੱਲ ਨੂੰ ਵੱਧਦੇ ਹਨ
ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਹਨ

ਹਾਂ ਉਂਨਾਂ ਕੋਲ ਪੈਰ ਤਾਂ ਹੁੰਦੇ ਹੀ ਹਨ ਪਰ ਤੁਰਨ ਲਈ ਨਹੀ
ਸਿਰਫ ਗੋਗੜਾਂ ਵਧਾਉਣ ਲਈ ਕਿਉਂਕਿ ਤੁਰਦੇ ਕਿੱਥੇ ਹਨ ਉਹ

ਘਰਾਂ ਦੇ ਅੰਦਰੋਂ ਹੀ ਕਾਰ ਦੀ ਪਿੱਛਲੀ ਸੀਟ ਉੱਤੇ ਬੈਠ ਕੇ ਨਿਕਲਦੇ
ਆਪੋ ਆਪਣੇ ਗੋਰਖ ਧੰਦਿਆਂ ਲਈ

ਇੰਨਾਂ ਦੀ ਹਰ ਰੁੱਤ ਹੀ ਰੁਪਈਆਂ ਦੀ ਹੁੰਦੀ ਹੈ
ਜੇ ਕਿਤੇ ਇੱਕ ਦਿਨ ਦੀ ਵੀ ਹੜਤਾਲ਼ ਹੋ ਜਾਵੇ
ਤਾਂ ਤੜਫਦੇ ਹਨ ,ਵਿਲਕਦੇ ਹਨ ,ਉਦਾਸ ਹੋ ਜਾਂਦੇ ਹਨ ,
ਜਿਵੇਂ ਉਹ ਜਿਉੰਦੇ ਹੀ ਮਰ ਚਲੇ ਹੋਣ
ਲਾਲਸਾਵਾਂ ਏਨੀਆਂ ਕਿ ਰਾਤ ਦਿਨ
ਪੈਸੇ ਕਮਾਉਣ ਦੇ ਆਹਰ ਵਿੱਚ ਹੀ ਲੱਗੇ ਰਹਿੰਦੇ

ਇਹ ਚੰਦ ਚੜਿਆ ਨਹੀ ਵੇਖਦੇ
ਤਾਰਿਆਂ ਨਾਲ ਕੋਈ ਰਿਸ਼ਤਾ ਨਹੀ ਇੰਨਾਂ ਦਾ
ਮੁਹੱਬਤਾਂ ਤੋਂ ਕੋਹਾਂ ਦੂਰ ਰਹਿੰਦੇ
ਪਰੌਫਿੱਟ ਨਾਲ ਹੁੰਦੀ ਹੈ ਇੰਨਾਂ ਦੀ ਪੱਕੀ ਯਾਰੀ
ਇਸ ਮਾਮਲੇ ਵਿੱਚ ਇਹ ਕਦੇ ਧੋਖਾ ਨਹੀ ਖਾਂਦੇ
ਇੰਨਾਂ ਨੂੰ ਪੈਸਾ ਕਮਾਉਣਾ ਆਉਂਦਾ ਹੈ
ਹੋਰ ਕੁਝ ਆਵੇ ਚਾਹੇ ਨਾ ਆਵੇ
ਧੰਦੇ ਕਰਦਿਆਂ ਅੱਵਲ ਤਾਂ ਇਹ ਕਦੇ ਫੱਸਦੇ ਹੀ ਨਹੀ
ਤੇ ਜੇ ਕਿਤੇ ਫੱਸ ਵੀ ਜਾਣ ਤਾਂ ਪੈਸੇ ਦੇ ਕੇ ਤੁਰੰਤ ਛੁੱਟ ਜਾਂਦੇ ਐ

ਊੰ ਜੇ ਕਿਤੇ ਇਹ ਫਸ ਵੀ ਜਾਣ ਤਾਂ ਇਹ ਵਿੱਚੋਂ ਬੜੇ ਡਰਪੋਕ ਹੁੰਦੇ ਐ
ਹਵਾਲਾਤ ਵਿੱਚ ਇੱਕ ਰਾਤ ਨਹੀ ਕੱਟ ਸਕਦੇ
ਇੰਨਾਂ ਨੂੰ ਛੁਡਾਉਣ ਵਾਲੇ ਰਾਤੋ ਰਾਤ ਜੁਗਾੜ ਬਣਾ ਲੈੰਦੇ
ਬੱਸ ਫਿਰ ਤਾਂ ਇਹ ਘਰ ਭਰ ਦਿੰਦੇ ਹਨ ਅਫਸਰਸ਼ਾਹੀ ਦੇ
ਤਾਂ ਕਿ ਇੰਨਾਂ ਦਾ ਕੋਈ ਵਾਲ ਵੀ ਵਿੰਗਾ ਨਾ ਕਰ ਸਕੇ

ਇਹੀ ਹੁੰਦੇ ਮੋਦੀ ਵਰਗਿਆਂ ਦੇ ਪੱਕੇ ਭਗਤ
ਇਹੀ ਹੁੰਦੇ ਕਾਂਗਰਸੀਆਂ ਦੇ ਯਾਰ
ਇਹੀ ਹੁੰਦੇ ਅਕਾਲੀਆਂ ਦੇ ਖ਼ੈਰ ਖਵਾਹ
ਹਰ ਵਰਗ ਵਿੱਚ ਘੁੱਸਪੈਠ ਹੈ ਇੰਨਾਂ ਦੀ
ਇਹ ਸੱਭ ਨੂੰ ਫੰਡ ਦਿੰਦੇ ਹਨ ਫੰਡ
ਇਹ ਧਰਮਾਂ ਦੇ ਠੇਕੇਦਾਰਾਂ ਨੂੰ ਉਗਰਾਹੀ ਵੀ ਦਿੰਦੇ ਹਨ

ਜੇ ਇੰਨਾਂ ਦੀ ਪਾਰਟੀ ਵਾਲੇ ਨਾ ਜਿੱਤਣ
ਤਾਂ ਇਹ ਰਾਤੋ ਰਾਤ ਦੂਸਰੀਆਂ ਪਾਰਟੀਆਂ ਦੇ ਯਾਰ ਬਣ ਜਾਂਦੇ
ਇੰਨਾਂ ਨੂੰ ਕੀ ਪਤਾ ਕਿ ਯਰਾਨਿਆਂ ਵਿੱਚ ਵਫ਼ਾਦਾਰੀ ਵੀ ਹੁੰਦੀ ਹੈ
ਇੰਨਾਂ ਨੂੰ ਕੀ ਪਤਾ ਕਿ ਰੁੱਤਾਂ ਵੀ ਖ਼ੂਬਸੂਰਤ ਹੁੰਦੀਆਂ ਹਨ
ਇੰਨਾਂ ਨੂੰ ਕੀ ਪਤਾ ਕਿ ਚੰਦ ਚੜਿਆ ਵੀ ਦਿਸਦਾ ਹੈ
ਪਰ ਇਹ ਨਹੀ ਵੇਖਦੇ ਚੰਦ ਚੁੰਦ
ਵੱਡੀਆਂ ਵਾਟਾਂ ਵਾਲੇ ਬਲਵ ਜਿਉਂ ਲੱਗੇ ਹੁੰਦੇ
ਇੰਨਾਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਵਿੱਚ

ਹਾਂ । ਭਾਵੇੰ ਮਾਲੀ ਰੱਖੇ ਹੁੰਦੇ ਇੰਨਾਂ ਨੇ ਵੀ
ਪਰ ਫੁੱਲਾਂ ਵੱਲ ਤਾਂ ਇਹ ਵੇਖਦੇ ਵੀ ਨਹੀ
ਕੋਲੋਂ ਦੀ ਹੀ ਲੰਘ ਜਾਂਦੇ ਤਜੌਰੀਆਂ ਦੀਆਂ ਚਾਬੀਆਂ ਚੁੱਕ ਕੇ

ਪਿਆਰ , ਮੁਹੱਬਤ, ਇਮਾਨ, ਸਚਾਈ,
ਤਰਸ, ਸੰਵੇਦਨਸ਼ੀਲਤਾ ,ਹਮਦਰਦੀ ,ਨੈਤਿਕਤਾ
ਸੱਭ ਛਿੱਕੇ ਉੱਤੇ ਟੰਗ ਦਿੱਤਾ ਹੁੰਦਾ ਇੰਨਾਂ ਨੇ
ਤੇ ਜਿੱਥੇ ਪੈਸੇ ਹੋਣ ਉੱਥੇ ਜਾ ਕੇ ਰੁਕਦੇ ਹਨ ਇਹਨਾਂ ਦੇ ਕਦਮ
ਜਿੱਥੇ ਨੋਟ ਹੋਣ ਉੱਥੇ ਜਾ ਕੇ ਹੀ ਲਗਦਾ ਇੰਨਾਂ ਦਾ ਮਨ

ਇੰਨਾਂ ਦੇ ਤਾਂ ਮਨ ਵੀ ਪਤਾ ਨਹੀ ਕਾਹਦੇ ਬਣੇ ਹੁੰਦੇ
ਪਤਾ ਨਹੀ ਇੰਨਾਂ ਦਾ ਲਹੂ ਲਾਲ ਹੁੰਦਾ ਜਾਂ ਸਫ਼ੈਦ
ਇੰਨਾਂ ਦਾ ਮਨ ਤੇ ਇੰਨਾਂ ਦੀਆਂ ਅੱਖਾਂ
ਸਿਰਫ ਪੈਸਿਆਂ ਉੱਤੇ ਜਾਂ ਜਾਇਦਾਦਾਂ ਉੱਤੇ ਹੀ ਟਿਕਦੀਆਂ ਹਨ
ਬਾਕੀ ਸੱਭ ਕੁਝ ਫ਼ਜ਼ੂਲ ਜਿਹਾ ਲਗਦਾ ਇੰਨਾਂ ਨੂੰ
ਹਾਂ ਬਿਲਕੁਲ ਫ਼ਜ਼ੂਲ

ਰਘਵੀਰ ਸਿੰਘ ਟੇਰਕਿਆਨਾ ਐਡਵੋਕੇਟ ਹੁਸ਼ਿਆਰਪੁਰ ਫ਼ੋਨ: 9814173402

LEAVE A REPLY

Please enter your comment!
Please enter your name here