ਐਮਐਲਏ ਪਵਨ ਆਦੀਆ ਨੇ ਪੀ.ਐਚ.ਸੀ. ਚੱਕੋਵਾਲ ਵਿਖੇ ਮੋਤੀਆ ਮੁਕਤ ਕੈਂਪ ਅਤੇ ਪਾਣੀ ਦੀ ਟੈਂਕੀ ਦੀ ਉਸਾਰੀ ਦਾ ਕੀਤਾ ਉਦਘਾਟਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਤਹਿਤ ਅੱਖਾਂ ਦੀ ਮੁਫ਼ਤ ਸਕਰੀਨਿੰਗ ਕੈਂਪ ਅੱਜ ਪੀ.ਐਚ.ਸੀ. ਚੱਕੋਵਾਲ ਵਿਖੇ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਜੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਕੈਂਪ ਦਾ ਉਦਘਾਟਨ ਮਾਨਯੋਗ ਸ਼੍ਰੀ ਪਵਨ ਕੁਮਾਰ ਆਦੀਆ ਜੀ ਵਿਧਾਇਕ ਹਲਕਾ ਸ਼ਾਮ ਚੌਰਾਸੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਆਪਣੇ ਕਰ ਕਮਲ ਦੁਆਰਾ ਕੀਤਾ ਗਿਆ। ਇਸ ਉਪਰੰਤ ਉਹਨਾਂ ਵੱਲੋਂ ਪੀ.ਐਚ.ਸੀ. ਵਿਖੇ ਪਾਣੀ ਦੀ ਟੈਂਕੀ ਦੀ ਉਸਾਰੀ ਦਾ ਵੀ ਉਦਘਾਟਨ ਕੀਤਾ ਗਿਆ। ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਕੁਸੁਮ ਆਦੀਆ ਜੀ ਵੀ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ। ਆਪਣੇ ਉਦਘਾਟਨੀ ਭਾਸ਼ਨ ਦੌਰਾਨ ਪਵਨ ਕੁਮਾਰ ਆਦੀਆ ਜੀ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਮਿਤੀ 26 ਨਵੰਬਰ ਤੋਂ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਅੱਖਾਂ ਦੇ ਕੈਂਪ 31 ਦਸੰਬਰ ਤੱਕ ਲਗਾਏ ਜਾਣਗੇ ਜਿਸ ਵਿੱਚ ਚਿੱਟੇ ਮੋਤੀਆਬਿੰਦ ਨਾਲ ਪੀੜਤ 50 ਸਾਲ ਤੋਂ ਉਪਰ ਦੇ ਵਿਅਕਤੀਆਂ ਨੂੰ ਮੁਫ਼ਤ ਅੱਖਾਂ ਦੇ ਅਪਰੇਸ਼ਨ ਦੀ ਸੁਵਿਧਾ ਮੁਹੱਈਆ ਕੀਤੀਆਂ ਜਾਣਗੀਆਂ। ਇਸਦੇ ਨਾਲ ਹੀ ਮੁਫ਼ਤ ਆਉਣ-ਜਾਣ, ਖਾਣ ਪੀਣ (ਰਿਫਰੈਸ਼ਮੈਂਟ) ਅਤੇ ਮੁਫ਼ਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ।
ਮੋਤੀਆਬਿੰਦ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਬਲਦੇਵ ਸਿੰਘ ਜੀ ਨੇ ਕਿਹਾ ਕਿ ਭਾਰਤ ਵਿੱਚ 62.6 ਫੀਸਦੀ ਨੇਤਰਹੀਣਤਾ ਦਾ ਕਾਰਣ ਮੋਤੀਆਬਿੰਦ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਿਕ 2003 ਤੋਂ ਭਾਰਤ ਵਿੱਚ ਮੋਤੀਆਬਿੰਦ ਦੇ ਕਾਰਣ ਹੋਣ ਵਾਲੇ ਅੰਨ੍ਹੇਪਣ ਵਿੱਚ 25 ਫੀਸਦੀ ਦੀ ਕਮੀ ਆਈ ਹੈ ਜੋ ਕਿ ਲੋਕਾਂ ਦੇ ਮੋਤੀਆਬਿੰਦ ਦੀ ਸਰਜਰੀ (ਅਪਰੇਸ਼ਨ) ਪ੍ਰਤੀ ਜਾਗਰੂਕਤਾ ਹੈ। ਇਸ ਲਈ ਜੇਕਰ ਕਿਸੇ ਨੂੰ ਦੂਰੋ ਜਾਂ ਨੇੜੇ ਤੋਂ ਘੱਟ ਦਿਖਾਈ ਦੇਵੇ ਜਾਂ ਬਜੁਰਗਾਂ ਵਿੱਚ ਨੇੜੇ ਦੀ ਦ੍ਰਿਸ਼ਟੀ ਦਾ ਲਗਾਤਾਰ ਘਟਣਾ, ਅੱਖਾਂ ਦਾ ਧੁੰਦਲਾਪਣ, ਦਿਨ ਦੇ ਸਮੇਂ ਅੱਖਾਂ ਦਾ ਚੌਧਿਆਣਾ, ਦੋਹਰੀ ਦ੍ਰਿਸ਼ਟੀ ਹੋਣਾ ਜਾਂ ਐਨਕਾਂ ਦੇ ਨੰਬਰ ਦਾ ਅਚਾਨਕ ਬਦਲ ਜਾਣਾ ਆਦਿ ਲੱਛਣ ਪੈਦਾ ਹੋਣ ਤਾਂ ਹੋ ਸਕਦਾ ਹੈ ਕਿ ਉਸ ਵਿਅਕਤੀ ਦੀਆਂ ਅੱਖਾਂ ਵਿੱਚ ਮੋਤੀਆਬਿੰਦ ਵਿਕਸਿਤ ਹੋ ਰਿਹਾ ਹੋਵੇ। ਇਸ ਲਈ ਤੁਰੰਤ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂਕਿ ਮੋਤੀਅਬਿੰਦ ਤੋਂ ਹੋਣ ਵਾਲੇ ਅੰਨ੍ਹੇਪਣ ਤੋਂ ਬਚਾਅ ਕੀਤਾ ਜਾ ਸਕੇ।

Advertisements

ਉਕਤ ਕੈਂਪ ਦੇ ਉਦਘਾਟਨ ਉਪਰੰਤ ਪਵਨ ਕੁਮਾਰ ਆਦੀਆ ਜੀ ਵੱਲੋਂ ਪੀ.ਐਚ.ਸੀ. ਚੱਕੋਵਾਲ ਵਿਖੇ ਪਾਣੀ ਦੇ 30000 ਲੀਟਰ ਸ਼ਮਤਾ ਵਾਲੇ ਟੈਂਕ ਦੀ ਉਸਾਰੀ ਦਾ ਵੀ ਉਦਘਾਟਨ ਕੀਤਾ ਗਿਆ। ਉਹਨਾਂ ਕਿਹਾ ਕਿ ਪੀ.ਐਚ.ਸੀ. ਵਿੱਖੇ ਪਹਿਲਾ ਬਣਿਆ ਟੈਂਕ ਜੋ ਕਿ ਪੀ.ਐਚ.ਸੀ. ਦੀ ਉਸਾਰੀ ਦੇ ਸਮੇਂ ਸਾਲ 1965 ਵਿੱਚ ਲੋਹੇ ਦਾ ਬਣਾਇਆ ਗਿਆ ਸੀ ਜੋ ਕਿ ਬਹੁਤ ਹੀ ਜਰਜਰ ਹਾਲਤ ਵਿੱਚ ਸੀ। ਇਸ ਲਈ ਇਲਾਕੇ ਦੇ ਲੋਕ ਜੋ ਕਿ ਪੀ.ਐਚ.ਸੀ. ਵਿਖੇ ਸਿਹਤ ਸਹੂਲਤਾਂ ਲੈਣ ਲਈ ਆਉਂਦੇ ਹਨ, ਦੀ ਸਿਹਤ ਦਾ ਖਿਆਲ ਰੱਖਦੇ ਹੋਏ ਸੀਮੈਂਨਟੇਡ ਟੈਂਕ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਹਨਾਂ ਉਦਘਾਟਨਾਂ ਮੌਕੇ ਉਕਤ ਤੋਂ ਇਲਾਵਾ ਚੱਕੋਵਾਲ ਪਿੰਡ ਦੇ ਸਰਪੰਚ ਸ਼੍ਰੀ ਸਤਨਾਮ ਸਿੰਘ ਅਤੇ ਹੋਰ ਪੰਚਾਇਤ ਮੈਂਬਰ, ਡੈਂਟਲ ਸਰਜਨ ਡਾ. ਸੁਰਿੰਦਰ ਸਿੰਘ, ਮੈਡੀਕਲ ਅਫ਼ਸਰ ਡਾ. ਮਨਵਿੰਦਰ ਕੌਰ, ਡਾ. ਜਸਵੀਰ ਕਲਸੀ, ਡਾ. ਨਰਿੰਦਰ ਸਿੰਘ, ਡਾ. ਹਰਜਿੰਦਰ ਸਿੰਘ, ਪੀ.ਐਚ.ਸੀ. ਦਾ ਸਮੂਹ ਸਟਾਫ਼ ਅਤੇ ਇਲਾਕਾ ਨਿਵਾਸੀ ਸ਼ਾਮਿਲ ਹੋਏ।

LEAVE A REPLY

Please enter your comment!
Please enter your name here