ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਿਆਉਣ ਲਈ ਜ਼ਿਲ੍ਹਾ ਪੱਧਰੀ ਮਾਹਰ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ: ਪਰਗਟ ਸਿੰਘ

ਜਲੰਧਰ (ਦ ਸਟੈਲਰ ਨਿਊਜ਼)।  ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਸ. ਪਰਗਟ ਸਿੰਘ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰ ਲਿਆਉਣ ਲਈ ਜ਼ਿਲ੍ਹਾ ਪੱਧਰੀ ਮਾਹਰ ਪੈਨਲ ਬਣਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਬਿਹਤਰ ਰੋਜ਼ਗਾਰ ਲਈ ਸਰਬਓਤਮ ਸਿੱਖਿਆ ਮਿਲ ਸਕੇ। ਅੱਜ ਇੱਥੇ ਏਪੀਜੇ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਸਾਲਾਨਾ ਫੈਸਟੀਵਲ ਪਿਨੇਕਲ-2021 ਦਾ ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਥਾਨਕ ਕਮੇਟੀਆਂ ਵੱਲੋਂ ਉਦਯੋਗਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਅਤੇ ਕਾਲਜਾਂ ਵਿੱਚ ਮੌਜੂਦਾ ਪਾਠਕ੍ਰਮ ਨੂੰ ਅਪਗ੍ਰੇਡ ਕਰਨ ਲਈ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕਮੇਟੀਆਂ ਸੂਬੇ ਵਿੱਚ ਵਿਦਿਅਕ ਢਾਂਚੇ ਦੇ ਆਧੁਨਿਕੀਕਰਨ ਲਈ ਆਪਣੀਆਂ ਸਿਫ਼ਾਰਸ਼ਾਂ ਰਾਹੀਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਰਦਾਨ ਸਾਬਤ ਹੋਣਗੀਆਂ।

Advertisements

 ਮੌਜੂਦਾ ਸਮੇਂ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਪੁਲਾਂਘਾ ਪੁੱਟਣ ਲਈ ਪ੍ਰਾਈਵੇਟ ਅਦਾਰਿਆਂ ਦੀ ਸ਼ਲਾਘਾ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਸੰਸਥਾਵਾਂ ਦਾ ਸਿੱਖਿਆ ਦੇ ਖੇਤਰ ਨੂੰ ਸਮੇਂ ਦਾ ਹਾਣੀ ਬਣਾਉਣ ਵਿੱਚ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਪ੍ਰਾਈਵੇਟ ਅਤੇ ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚ ਇਕਸਾਰਤਾ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹਾ ਹੋ ਜਾਣ ਨਾਲ ਸਿੱਖਿਆ ਦੇ ਖੇਤਰ ਵਿੱਚ ਹੋਰ ਵੀ ਵੱਡੇ ਮਾਅਰਕੇ ਮਾਰੇ ਜਾ ਸਕਦੇ ਹਨ। ਉਨ੍ਹਾਂ ਨੇ ਏਪੀਜੇ ਗਰੁੱਪ ਵੱਲੋਂ ਮਿਆਰੀ ਸਿੱਖਿਆ ਪ੍ਰਦਾਨ ਕਰਾਉਣ ਦੇ ਖੇਤਰ ਵਿੱਚ ਮਾਰੀਆਂ ਜਾ ਰਹੀਆਂ ਮੱਲਾਂ ਦੀ ਸਲਾਹੁਤਾ ਕਰਦਿਆਂ ਭਰੋਸਾ ਦਿੱਤਾ ਕਿ ਭਵਿੱਖ ਵੀ ਸਿੱਖਿਆ ਦੇ ਹੋਰ ਪ੍ਰਸਾਰ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ।

 ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਅਗਾਂਹਵਧੂ ਸੂਬਾ ਕਰਾਰ ਦਿੰਦਿਆਂ ਪਰਗਟ ਸਿੰਘ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਦਾ ਮਖੌਲ ਬਣਾਉਣ ਵਾਲਿਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸੌੜੇ ਸਿਆਸੀ ਹਿੱਤਾਂ ਖਾਤਰ ਅਜਿਹੀ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਇਕ ਮੋਹਰੀ ਸੂਬਾ ਹੈ, ਜੋ ਕਿ ਇਸ ਖੇਤਰ ਦੀ ਹੋਰ ਮਜ਼ਬੂਤੀ ਲਈ ਕ੍ਰਾਂਤੀਕਾਰੀ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਅਤੇ ਬੀਮਾਰੀਆਂ ਨੂੰ ਦੂਰ ਰੱਖਣ ਲਈ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਰੀਰਕ ਸਰਗਰਮੀਆਂ ਪ੍ਰਤੀ ਵੀ ਉਤਸ਼ਾਹਤ ਕਰਨਾ ਚਾਹੀਦਾ ਹੈ ਤਾਂ ਕਿ ਸਿਹਤਮੰਦ ਨੌਜਵਾਨ ਦੇਸ਼ ਦੇ ਭਵਿੱਖ ਨੂੰ ਹੋਰ ਸੁਨਹਿਰਾ ਬਣਾ ਸਕਣ। ਇਸ ਤੋਂ ਪਹਿਲਾਂ ਇੰਸਟੀਚਿਊਟ ਦੇ ਡਾਇਰੈਕਟਰ ਰਾਜੇਸ਼ ਬੱਗਾ, ਗਵਰਨਿੰਗ ਬੋਰਡ ਦੇ ਮੈਂਬਰ ਨਿਰਮਲ ਮਹਾਜਨ, ਏਪੀਜੇ ਐਜੂਕੇਸ਼ਨ ਦੇ ਡਾਇਰੈਕਟਰ ਡਾ. ਸੁਚਾਰਿਤਾ ਸ਼ਰਮਾ ਨੇ ਸਿੱਖਿਆ ਮੰਤਰੀ ਦਾ ਸਵਾਗਤ ਕਰਦਿਆਂ ਉਨ੍ਹਾਂ ਵੱਲੋਂ ਸਿੱਖਿਆ ਖੇਤਰ ਵਿੱਚ ਲਾਮਿਸਾਲ ਅਤੇ ਲੋੜੀਂਦੀ ਤਬਦੀਲੀਆਂ ਲਿਆਉਣ ਲਈ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here