ਭਾਸ਼ਾ ਵਿਭਾਗ ਵੱਲੋ ਸਾਹਿਤਕਾਰਾਂ ਦੀ ਡਾਇਰੈਕਟਰੀ ਤਿਆਰ ਕਰਨ ਦਾ ਕੰਮ ਸ਼ੁਰੂ

ਫ਼ਿਰੋਜ਼ਪੁਰ, (ਦ ਸਟੈਲਰ ਨਿਊਜ਼), ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ  ਸਾਹਿਤਕਾਰਾਂ ਦੀ ਡਾਇਰੈਕਟਰੀ ਤਿਆਰ ਕਰਨ ਦਾ ਕਾਰਜ ਪੂਰੀ ਗਰਮਜੋਸ਼ੀ ਨਾਲ਼ ਚੱਲ ਰਿਹਾ ਹੈ. ਇਸ ਸੰਬੰਧੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਹਿਤਕਾਰ ਕਿਸੇ ਵੀ ਕੌਮ ਅਤੇ ਸਮਾਜ ਦੀ ਜ਼ਿੰਦ-ਜਾਨ ਹੁੰਦੇ ਹਨ ਜਿਨ੍ਹਾਂ ਨੇ ਮੌਜੂਦਾ ਸਮੇੰ ਦੇ ਵੇਗ ਵਿੱਚ ਆਰ-ਪਾਰ  ਝਾਕਣਾ ਹੁੰਦਾ ਹੈ, ਨਿਰਖਣਾ ਹੁੰਦਾ ਹੈ ਅਤੇ ਉਸਾਰੂ ਸੰਵਾਦ ਸਿਰਜ ਕੇ ਕੋਈ ਮੁੱਲਵਾਨ ਦਿਸ਼ਾ ਵੱਲ ਲੋਕਾਈ ਨੂੰ ਤੋਰਨਾ ਹੁੰਦਾ ਹੈ. ਇਹਨਾਂ ਅਰਥਾਂ ਵਿੱਚ ਭਾਸ਼ਾ ਵਿਭਾਗ ਲਈ ਸਾਹਿਤਕਾਰਾਂ ਦਾ ਵਿਸ਼ੇਸ਼ ਸਤਿਕਾਰ ਹੈ. ਇਸ ਲਈ ਭਾਸ਼ਾ ਵਿਭਾਗ ਫ਼ਿਰੋਜ਼ਪੁਰ ਦਾ ਪੁਰਜ਼ੋਰ ਯਤਨ ਹੈ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ਼ ਸੰਬੰਧ ਰੱਖਣ ਵਾਲੇ ਸਾਹਿਤਕਾਰਾਂ ਨੂੰ ਨਾਲ਼ ਜੋੜਿਆ ਜਾਵੇ ਅਤੇ ਇਸ ਯਤਨ ਅਧੀਨ ਸਾਹਿਤਕਾਰਾਂ ਦੀ ਡਾਇਰੈਕਟਰੀ ਤਿਆਰ ਕੀਤੀ ਜਾ ਰਹੀ. ਉਹਨਾਂ ਦੱਸਿਆ ਕਿ ਉਹ ਨਿੱਜੀ ਰੂਪ ਵਿੱਚ ਹਰੇਕ ਸਾਹਿਤਕਾਰ ਤੱਕ ਪਹੁੰਚ ਕਰ ਰਹੇ ਹਨ ਅਤੇ ਬਹੁਤ ਸਾਰੇ ਨਾਮਵਰ ਸਾਹਿਤਕਾਰ ਦਫ਼ਤਰ ਵਿਖੇ ਪਹੁੰਚ ਕੇ ਸਹਿਯੋਗ ਦੇ ਰਹੇ ਹਨ , ਭਾਸ਼ਾ ਵਿਭਾਗ ਦੇ ਭਵਿੱਖ-ਮੁਖੀ ਕਾਰਜਾਂ ਅਤੇ ਯੋਜਨਾਵਾਂ ਬਾਰੇ ਉਸਾਰੂ ਵਿਚਾਰ-ਚਰਚਾ ਵੀ ਕਰ ਰਹੇ ਹਨ. ਨਵ-ਨਿਯੁਕਤ ਖੋਜ-ਅਫ਼ਸਰ ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ਼ ਸੰਬੰਧ ਰੱਖਣ ਵਾਲੇ ਸਾਹਿਤਕਾਰਾਂ ਨੂੰ ਫੋਨ ਕਰਕੇ ਅਤੇ ਵਟਸਐਪ ਰਾਹੀਂ ਡਾਇਰੈਕਟਰੀ ਦਾ ਪ੍ਰੋਫਾਰਮਾ ਭੇਜਿਆ ਜਾ ਰਿਹਾ ਹੈ.

Advertisements

ਸਾਹਿਤਕਾਰਾਂ ਦੀ ਸਹੂਲਤ ਲਈ ਇੱਕ ਗੁੱਗਲ-ਲਿੰਕ ਵੀ ਤਿਆਰ ਕਰਕੇ ਭੇਜਿਆ ਜਾ ਰਿਹਾ ਹੈ ਤਾਂ ਜੋ ਜਿਹੜੇ ਸਾਹਿਤਕਾਰ ਕਿਸੇ ਮਜ਼ਬੂਰੀ ਵੱਸ ਜਲਦੀ ਦਫ਼ਤਰ ਵਿੱਚ ਫਾਰਮ ਨਹੀਂ ਭੇਜ ਸਕਦੇ, ਉਹ ਆਨਲਾਈਨ ਆਪਣੇ ਵੇਰਵੇ ਦਰਜ ਕਰਵਾ ਸਕਦੇ ਹਨ ਤਾਂ ਜੋ ਇਸ ਕਾਰਜ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ. ਜੂਨੀਅਰ ਸਹਾਇਕ ਨਵਦੀਪ ਸਿੰਘ ਖੋਜ ਅਫ਼ਸਰ ਦਲਜੀਤ ਸਿੰਘ ਦੀ ਅਗਵਾਈ ਵਿੱਚ ਸੂਚਨਾ ਦੇ ਇਕੱਤਰਕਰਨ ਦਾ ਕਾਰਜ ਲਗਾਤਾਰ ਦਿਨ-ਰਾਤ ਕੋਸ਼ਿਸ਼ਾਂ ਕਰਕੇ ਕਰ ਰਹੇ ਹਨ. ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਕਿਹਾ ਕਿ ਭਾਵੇੰ ਕਿ ਉਹਨਾਂ ਦਾ ਲੰਮੇ ਸਮੇੰ ਤੋੰ ਕੁਝ ਸਾਹਿਤਕਾਰਾਂ ਨਾਲ ਰਾਬਤਾ ਕਾਇਮ ਰਿਹਾ ਹੈ ਪਰੰਤੂ ਹੌਲੀ-ਹੌਲੀ ਹੋਰ ਜੁੜ ਰਹੇ ਸਾਹਿਤਕਾਰਾਂ ਦਾ ਵੀ ਬਹੁਤ ਜਿਆਦਾ ਸਾਕਾਰਤਮਕ ਹੁੰਘਾਰਾ ਮਿਲ ਰਿਹਾ ਹੈ. ਇਸੇ ਪ੍ਰਕਾਰ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸਰਗਰਮ ਸਾਹਿਤ ਸਭਾਵਾਂ ਦੇ ਅਹੁਦੇਦਾਰਾਂ ਨਾਲ਼ ਵੀ ਸੰਪਰਕ ਕੀਤਾ ਜਾ ਰਿਹਾ ਹੈ. ਭਾਸ਼ਾ ਵਿਭਾਗ ਫ਼ਿਰੋਜ਼ਪੁਰ ਵੱਲੋਂ ਅਪੀਲ ਹੈ ਕਿ ਜੇਕਰ ਕਿਸੇ ਸਤਿਕਾਰਤ ਸਾਹਿਤਕਾਰ ਤੱਕ ਕਿਸੇ ਕਾਰਨ ਪਹੁੰਚ ਨਾ ਹੋ ਸਕੀ ਹੋਵੇ ਤਾਂ ਭਾਸ਼ਾ ਵਿਭਾਗ ਫ਼ਿਰੋਜ਼ਪੁਰ  ਦੇ ਦਫ਼ਤਰ  ਤੱਕ ਪਹੁੰਚ ਕਰ ਕੇ ਆਪਣੇ ਵੇਰਵੇ ਡਾਇਰੈਕਟਰੀ ਲਈ ਜ਼ਰੂਰ ਦਰਜ ਕਰਾਵੇ. ਭਾਸ਼ਾ ਵਿਭਾਗ ਫ਼ਿਰੋਜ਼ਪੁਰ ਦੇ ਦਫ਼ਤਰ ਦਾ ਪਤਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ,ਦੂਸਰੀ ਮੰਜ਼ਿਲ,ਬਲਾਕ ਬੀ,ਕਮਰਾ ਨੰ. ਬੀ 209-210, ਫ਼ਿਰੋਜ਼ਪੁਰ ਛਾਉਣੀ ਹੈ.

LEAVE A REPLY

Please enter your comment!
Please enter your name here