ਵਿਧਾਨਸਭਾ ਚੋਣਾਂ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਨੇ ਪੱਤਰਕਾਰਾਂ ਨਾਲ ਕੀਤੀ ਵਿਸ਼ੇਸ਼ ਬੈਠਕ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਵਿਧਾਨਸਭਾ ਚੋਣਾਂ ਨੂੰ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਮੁਕੰਮਲ ਕਰਾਇਆ ਜਾਵੇਗਾ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਪੱਤਰਕਾਰਾਂ ਨਾਲ ਵਿਧਾਨ ਸਭਾ ਚੋਣਾਂ 2022 ਸਬੰਧੀ ਰੱਖੀ ਗਈ ਮੀਟਿੰਗ ਮੌਕੇ ਕੀਤਾ। ਇਸ ਮੌਕੇ ਐਸ.ਡੀ. ਐਮ. ਓਮ ਪ੍ਰਕਾਸ਼ ਵੀ ਵਿਸ਼ੇਸ਼ ਤੌਰ ਉਤੇ ਮੋਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਵਿਧਾਨ ਸਭਾ ਵੋਟਾਂ ਦੀਆਂ ਮਿਤੀਆਂ ’ਚ ਕੀਤੇ ਗਏ ਬਦਲਾਵਾਂ ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਚੋਣਾਂ ਲਈ ਨੋਟੀਫ਼ਿਕੇਸ਼ਨ 25 ਜਨਵਰੀ, 2022 ਨੂੰ ਜਾਰੀ ਹੋਵੇਗਾ ਜਦਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫ਼ਰਵਰੀ, 2022 ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 2 ਫ਼ਰਵਰੀ, 2022 ਨੂੰ ਹੋਵੇਗੀ ਅਤੇ ਨਾਮਜ਼ਦਗੀ ਵਾਪਸ ਲੈਣ ਦੀ ਮਿਤੀ 4 ਫ਼ਰਵਰੀ 2022 ਨਿਸ਼ਚਿਤ ਕੀਤੀ ਗਈ ਹੈ ਜਦਕਿ ਮਤਦਾਨ 20 ਫ਼ਰਵਰੀ, 2022 ਨੂੰ ਹੋਵੇਗਾ ਅਤੇ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਹੋਵੇਗੀ।

Advertisements

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 902 ਪੋਲਿੰਗ ਬੂਥ ਹਨ ਅਤੇ ਕੁਲ 714685 ਵੋਟਰ ਹਨ ਜਿਨ੍ਹਾਂ ਵਿੱਚ 375845 ਪੁਰਸ਼ ਵੋਟਰ, 338825 ਮਹਿਲਾ ਵੋਟਰ ਅਤੇ 15 ਟਰਾਂਸਜੈਂਡਰ ਵੋਟਰ ਹਨ। ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਜ਼ੀਰਾ ਵਿੱਚ ਕੁਲ 185711 ਵੋਟਰ ਹਨ ਜਿਨ੍ਹਾਂ ਵਿੱਚ 98124 ਪੁਰਸ਼ ਵੋਟਰ ਅਤੇ 87585 ਮਹਿਲਾ ਵੋਟਰ ਤੇ 2 ਟਰਾਂਸਜੈਂਡਰ ਵੋਟਰ ਹਨ। ਫਿਰੋਜ਼ਪੁਰ ਸ਼ਹਿਰੀ ਹਲਕੇ ਵਿੱਚ ਕੁੱਲ 168863 ਵੋਟਰ ਹਨ ਜਿਨ੍ਹਾਂ ਵਿੱਚੋਂ 89355 ਪੁਰਸ਼ ਵੋਟਰ, 79503 ਮਹਿਲਾ ਵੋਟਰ ਅਤੇ 5 ਟਰਾਂਸਜੈਂਡਰ ਵੋਟਰ ਹਨ। ਫਿਰੋਜ਼ਪੁਰ ਦਿਹਾਤੀ ਵਿੱਚ ਕੁੱਲ 193321 ਵੋਟਰ ਹਨ ਜਿਨ੍ਹਾਂ ਵਿੱਚੋ. 101583 ਪੁਰਸ਼ ਵੋਟਰ, 91734 ਮਹਿਲਾ ਵੋਟਰ ਅਤੇ 4 ਟਰਾਂਸਜੈਂਡਰ ਵੋਟਰ ਹਨ। ਇਸੇ ਤਰ੍ਹਾਂ ਹਲਕਾ ਗੁਰੂਹਰਸਹਾਏ ਵਿੱਚ ਕੁੱਲ 166790 ਵੋਟਰ ਹਨ ਜਿਨ੍ਹਾਂ ਵਿੱਚ 86783 ਪੁਰਸ਼ ਵੋਟਰ, 80003 ਮਹਿਲਾ ਵੋਟਰ ਅਤੇ 4 ਟਰਾਂਸਜੈਂਡਰ ਵੋਟਰ ਹਨ।

ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਕੁਲ 325 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ ਅਤੇ ਅਤਿਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਕੋਈ ਵੀ ਨਹੀਂ ਹੈ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਮਾਸਕ ਦੀ ਵਰਤੋਂ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮਾਸਕ ਲਗਵਾਉਣ ਨੂੰ ਯਕੀਨੀ ਬਣਾਉਣ ਦੇ ਲਈ ਆਪਣੀ ਆਪਣੀ ਪੱਧਰ ਉਤੇ ਯਤਨ ਕਰਨ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਨ ਕਾਰਡ, ਪੈਟਰੋਲ ਪੰਪਾਂ ਅਤੇ ਗੈਸ ਏਜੰਸੀਆਂ ਰਾਹੀਂ ਵੀ ਆਮ ਜਨਤਾ ਨੂੰ ਅਲਗ-ਅਲਗ ਤਰੀਕਿਆਂ ਨਾਲ ਮਾਸਕ ਦਾ ਪ੍ਰਯੋਗ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here