
ਜਲੰਧਰ (ਦ ਸਟੈਲਰ ਨਿਊਜ਼)। ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ਦੇ ਖੁਰਲਾ ਕਿੰਗਰਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੋਂ ਇਕ ਲਾਪਤਾ 13 ਸਾਲਾ ਬੱਚੇ ਦੀ ਲਾਸ਼ ਟੋਏ ’ਚੋਂ ਬਰਾਮਦ ਕੀਤੀ ਗਈ। ਬੱਚੇ ਦੀ ਪਛਾਣ ਧਰਮਪਾਲ ਧੰਨਾ ਦੇ ਰੂਪ ’ਚ ਹੋਈ ਹੈ, ਜੋਕਿ 7 ਜਨਵਰੀ ਤੋਂ ਲਾਪਤਾ ਸੀ। ਬੱਚੇ ਦੇ ਮਾਮੇ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ 7 ਨੰਬਰ ਦੀ ਪੁਲਸ ਨੇ ਅਗਵਾ ਹੋਣ ਦੀ ਐੱਫ. ਆਈ. ਆਰ. ਦਰਜ ਕੀਤੀ ਸੀ। ਮਾਮੇ ਵੱਲੋਂ ਇਹ ਸ਼ੱਕ ਜਤਾਇਆ ਗਿਆ ਸੀ ਕਿ ਇਲਾਕੇ ਦੇ ਇਕ ਵਿਅਕਤੀ ਵੱਲੋਂ ਬੱਚੇ ਨੂੰ ਅਗਵਾ ਕੀਤਾ ਗਿਆ ਹੈ ਅਤੇ ਉਕਤ ਵਿਅਕਤੀ ਕਾਲਾ ਇਲਮ ਵੀ ਜਾਣਦਾ ਹੈ। ਹੁਣ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਖੁਰਲਾ ਕਿੰਗਰਾ ਦੇ ਬਾਹਰ ਧਰਨਾ ਲਗਾ ਦਿੱਤਾ। ਪਰਿਵਾਰ ਨੇ ਪੁਲਸ ’ਤੇ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਨਕੋਦਰ ਰੋਡ ਨੂੰ ਜਾਮ ਕਰਕੇ ਟਾਇਰ ਵੀ ਸਾੜੇ। ਧਰਮਪਾਲ ਧੰਨਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਮੌਕੇ ’ਤੇ ਪਹੁੰਚੇ ਥਾਣਾ ਨੰਬਰ-7 ਦੇ ਇੰਚਾਰਜ ਗਗਮਦੀਰ ਸਿੰਘ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਕਤਲ ਵਰਗੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਧਰਮਪਾਲ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਨੇ ਨੇੜੇ ਦੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਸਨ। ਉਦੋਂ ਬੱਚਾ ਆਪਣੇ ਦੋਸਤਾਂ ਦੇ ਨਾਲ ਪਤੰਗ ਲੁੱਟਦਾ ਵਿਖਾਈ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਬਰਸਾਤੀ ਮੌਸਮ ਸੀ ਅਤੇ ਇਸੇ ਦੇ ਚਲਦਿਆਂ ਉਹ ਪਾਣੀ ਨਾਲ ਭਰੇ ਟੋਏ ’ਚ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਹੁਣ ਬਰਸਾਤੀ ਪਾਣੀ ਨਿਕਲਿਆ ਤਾਂ ਬੱਚੇ ਦੀ ਲਾਸ਼ ਬਰਾਮਦ ਹੋਈ। ਉਥੇ ਹੀ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਲਾਕੇ ਦੇ ਜਾਦੂ ਜਾਣਨ ਵਾਲੇ ਵਿਅਕਤੀ ਨੇ ਉਸ ਦਾ ਕਤਲ ਕੀਤਾ ਹੈ ਕਿਉਂਕਿ ਬੱਚੇ ਦੇ ਸਿਰ ’ਤੇ ਸੱਟ ਦੇ ਨਿਸ਼ਾਨ ਹਨ। ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਰੱਖਵਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।