ਜਲੰਧਰ ਵਿੱਚ 897 ਸਕੂਲਾਂ ਵੱਲੋਂ ਸਵੱਛ ਵਿਦਿਆਲਿਆ ਪੁਰਸਕਾਰ ਲਈ ਕਰਵਾਈ ਗਈ ਰਜਿਸਟ੍ਰੇਸ਼ਨ

ਜਲੰਧਰ, (ਦ ਸਟੈਲਰ ਨਿਊਜ਼): ਜਲੰਧਰ ਵਿੱਚ 897 ਸਕੂਲਾਂ ਵਲੋਂ ਸਵੱਛ ਵਿਦਿਆਲਿਆ ਪੁਰਸਕਾਰ (ਐਸ.ਵੀ.ਪੀ.)-2022 ਲਈ ਰਜਿਸਟ੍ਰੇਸ਼ਨ ਕਰਵਾਈ ਹੈ, ਜਿਸ ਵਿੱਚੋਂ 617 ਵਲੋਂ ਪੋਰਟਲ ‘ਤੇ ਸਫ਼ਲਤਾਪੂਰਵਕ ਆਪਣੀਆਂ ਫ਼ਾਈਨਲ ਐਂਟਰੀਆਂ ਜਮ੍ਹਾ ਕਰਵਾ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਿੱਖਿਆ ਮੰਤਰਾਲੇ ਵੱਲੋਂ ਸਕੂਲਾਂ ਵਿੱਚ ਸਰਬਓਤਮ ਸਵੱਛਤਾ ਤੇ ਸਫਾਈ ਅਭਿਆਸਾਂ ਨੂੰ ਮਾਨਤਾ ਦੇਣ, ਪ੍ਰੇਰਿਤ ਕਰਨ ਅਤੇ ਮਨਾਉਣ ਲਈ ਐਸ.ਵੀ.ਪੀ. ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲਾ ਵੱਲੋਂ ‘ਸਵੱਛ ਵਿਦਿਆਲਿਆ ਪੁਰਸਕਾਰ 2021-2022’ ਲਈ ਦੇਸ਼ ਭਰ ਦੇ ਸਕੂਲਾਂ ਤੋਂ ਐਂਟਰੀਆਂ ਮੰਗੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਮੇਤ ਸਭ ਸਕੂਲ ਇਸ ਲਈ ਰਜਿਸਟਰ ਕਰ ਸਕਦੇ ਹਨ।

Advertisements

ਇਸ ਪਹਿਲਕਦਮੀ ‘ਤੇ ਚਾਨਣਾ ਪਾਉਂਦਿਆਂ ਘਨਸ਼ਿਆਮ ਥੋਰੀ ਨੇ ਕਿਹਾ ਕਿ ਐੱਸ.ਵੀ.ਪੀ. ਦਾ ਮੰਤਵ ਉਨ੍ਹਾਂ ਸਕੂਲਾਂ ਦਾ ਸਨਮਾਨ ਕਰਨਾ ਹੈ, ਜਿਨ੍ਹਾਂ ਵੱਲੋਂ ਸਵੱਛ ਵਿਦਿਆਲਿਆ ਮੁਹਿੰਮ ਦੇ ਉਦੇਸ਼ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਛੇ ਉਪ-ਸ਼੍ਰੇਣੀਆਂ ਅਧੀਨ ਕੀਤਾ ਜਾਵੇਗਾ: ਪੀਣ ਵਾਲਾ ਪਾਣੀ, ਪਖਾਨੇ, ਸਾਬਣ ਨਾਲ ਹੱਥ ਧੋਣਾ, ਸੰਚਾਲਨ ਅਤੇ ਰੱਖ-ਰਖਾਅ, ਸਮਰੱਥਾ ਨਿਰਮਾਣ ਅਤੇ ਕੋਵਿਡ-19 ਸਬੰਧੀ ਤਿਆਰੀ ਤੇ ਰਿਸਪਾਂਸ । ਉਨ੍ਹਾਂ ਦੱਸਿਆ ਕਿ ਪੁਰਸਕਾਰ ਤਿੰਨ ਪੱਧਰਾਂ ‘ਤੇ ਦਿੱਤੇ ਜਾਣਗੇ- ਜ਼ਿਲ੍ਹਾ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਰਾਸ਼ਟਰੀ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਸਕੂਲਾਂ ਦਾ 6 ਉਪ ਸ਼੍ਰੇਣੀਆਂ ਵਿੱਚ ਇੱਕ ਆਨਲਾਈਨ ਪੋਰਟਲ ਅਤੇ ਮੋਬਾਈਲ ਐਪ ਰਾਹੀਂ ਮੁਲਾਂਕਣ ਕੀਤਾ ਜਾਵੇਗਾ, ਜਿੱਥੇ ਸਿਸਟਮ ਉਨ੍ਹਾਂ ਦੇ ਸਮੁੱਚੇ ਸਕੋਰ ਅਤੇ ਰੇਟਿੰਗ ਨੂੰ ਆਪਣੇ-ਆਪ ਤਿਆਰ ਕਰੇਗਾ।

ਡਿਪਟੀ ਕਮਿਸ਼ਨਰ ਨੇ ਬਾਕੀ ਸਕੂਲਾਂ ਨੂੰ ਵੀ ਇਸ ਮੁਕਾਬਲੇ ਵਿੱਚ ਪੂਰੇ ਜੋਸ਼ ਅਤੇ ਜਜ਼ਬੇ ਨਾਲ ਭਾਗ ਲੈਣ ਦੀ ਅਪੀਲ ਕੀਤੀ । ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਬਾਕੀ ਸਕੂਲਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਇਸ ਸਕੀਮ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਸਿੰਘ ਲਸਾਨੀ ਨੇ ਦੱਸਿਆ ਕਿ ਸਕੂਲ ਇਸ ਐਵਾਰਡ ਲਈ ਵੈੱਬਸਾਈਟ- https://swachhvidyalayapuraskar.com/ ‘ਤੇ ਅਪਲਾਈ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here