ਬਾਰਡਰ ਖੇਤਰ ਦੀਆਂ 28 ਲੜਕੀਆਂ ਨੂੰ ਬੰਗਲੌਰ ਵਿਖੇ ਮਿਲੀ ਨੌਕਰੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਰੋਜ਼ਪੁਰ/ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਤਹਿਤ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲੇ ਵਿੱਚ ਹੁਨਰ ਪ੍ਰਾਪਤ ਕਰ ਚੁੱਕੀਆਂ ਜ਼ਿਲ੍ਹਾ ਫਿਰੋਜ਼ਪੁਰ ਬਾਰਡਰ ਖੇਤਰ ਦੀਆਂ 28 ਲੜਕੀਆਂ ਨੂੰ ਸ਼ਾਹੀ ਐਕਸਪੋਰਟ ਬੰਗਲੌਰ ਵਿਖੇ ਨੌਕਰੀ ਜੁਆਇਨ ਕਰਨ ਲਈ ਆਈ.ਟੀ.ਸੈਕਟਰ ਬੰਗਲੋਰ ਵਿਖੇ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਰੇਲਵੇ ਸਟੇਸ਼ਨ ਉਤੇ ਉਚੇਚੇ ਤੌਰ ਤੇ ਪਹੁੰਚ ਕੇ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਸਾਰੀਆਂ ਲੜਕੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Advertisements

          ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬਾਰਡਰ ਖੇਤਰ ਦੀਆਂ 28 ਲੜਕੀਆਂ ਨੂੰ ਆਈ.ਟੀ. ਸੈਕਟਰ ਬੰਗਲੌਰ ਵਿਖੇ ਸ਼ਾਹੀ ਐਕਸਪੋਰਟ, ਬੰਗਲੌਰ ਨਾਮਕ ਕੰਪਨੀ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਹੋਰ ਵੀ ਲੜਕੀਆਂ ਵਿੱਚ ਕੰਮ ਕਰਨ ਦਾ ਜਜ਼ਬਾ ਪੈਦਾ ਹੋਵੇਗਾ ਅਤੇ ਉਹ ਵੀ ਦੂਜੇ ਸ਼ਹਿਰਾਂ ਵਿੱਚ ਜਾ ਕੇ ਆਪਣੇ ਪੈਰਾਂ ਤੇ ਖੜ੍ਹਾ ਹੋਣ ਦੇ ਕਾਬਿਲ ਬਣ ਸਕਣਗੀਆਂ।

        ਇਸ ਦੌਰਾਨ ਇਕ ਲੜਕੀ ਨੇ ਦੱਸਿਆ ਕਿ ਉਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਟ੍ਰੇਨਿੰਗ ਕਰਵਾ ਕੇ ਕੰਮ ਕਰਨ ਦੇ ਮੌਕੇ ਉਪਲਬਧ ਕਰਵਾਏ ਜਾਂਦੇ ਹਨ। ਇਸ ਤੇ ਉਸ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਹੁੰਚ ਕੀਤੀ ਅਤੇ ਉਸ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਸ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਵੀ ਠੀਕ ਨਹੀਂ ਹਨ ਅਤੇ ਉਸ ਨੂੰ ਇਸ ਨੌਕਰੀ ਦੀ ਬਹੁਤ ਜ਼ਰੂਰਤ ਸੀ। ਉਸ ਨੇ ਨੌਕਰੀ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।        

                  ਇਸ ਮੌਕੇ ਪਲੇਸਮੈਂਟ ਅਫ਼ਸਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਿਰੋਜ਼ਪੁਰ ਗੁਰਜੰਟ ਸਿੰਘ ਅਤੇ ਮਿਸ਼ਨ ਮੈਨੇਜਰ, ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਸਰਬਜੀਤ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here