ਪਿੰਡ ਸ਼ਾਮਦੂ ਕੈਂਪ ‘ਚ ਡਾਇਰੀਆ ਦੀ ਸਥਿਤੀ ਕਾਬੂ ਹੇਠ: ਡਾ. ਰਾਜੂ ਧੀਰ

ਰਾਜਪੁਰਾ/ਪਟਿਆਲਾ (ਦ ਸਟੈਲਰ ਨਿਊਜ਼)। ਪਿਛਲੇ ਦਿਨੀਂ ਰਾਜਪੁਰਾ ਨੇੜਲੇ ਪਿੰਡ ਸ਼ਾਮਦੂ ਕੈਂਪ ਵਿੱਚ ਫੈਲੇ ਡਾਇਰੀਆ ਦੀ ਸਥਿਤੀ ਹੁਣ ਕਾਬੂ ਹੇਠ ਹੈ।ਅੱਜ ਵੀ ਸਿਵਲ ਸਰਜਨ ਡਾ. ਰਾਜੂ ਧੀਰ ਅਤੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਦਿਵਜੋਤ ਸਿੰਘ ਨੇ ਸਿਵਲ ਹਸਪਤਾਲ ਰਾਜਪੁਰਾ ਵਿਖੇ ਮਰੀਜ਼ਾਂ ਦਾ ਹਾਲ ਪੁੱਛਿਆ ਤੇ ਡਾਕਟਰਾਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ।ਇਸ ਮਗਰੋਂ ਉਨ੍ਹਾਂ ਨੇ ਪ੍ਰਭਾਵਤ ਖੇਤਰ ਪਿੰਡ ਸ਼ਾਮਦੂ ਕੈਂਪ ਦਾ ਕੀਤਾ ਦੌਰਾ ਕੀਤਾ। ਡਾ. ਰਾਜੂ ਧੀਰ ਨੇ ਦੱਸਿਆ ਕਿ ਲੋਕਾਂ ਨੂੰ ਆਰ.ਓ. ਸਿਸਟਮ  ਵਾਲਾ ਸਾਫ ਪਾਣੀ ਪੀਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੇ ਨਮੂਨਿਆਂ ਤੇ ਮਰੀਜ਼ਾਂ ਦੇ ਸਟੂਲ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਇਲਾਕੇ ‘ਚ ਹੁਣ ਤੱਕ 207 ਮਰੀਜ਼ ਡਾਇਰੀਏ ਨਾਲ ਪੀੜਤ ਪਾਏ ਗਏ ਤੇ ਅੱਜ ਸਿਵਲ ਹਸਪਤਾਲ ਰਾਜਪੁਰਾ ਵਿਖੇ ਡਾਇਰੀਏ ਨਾਲ ਪੀੜਤ 6 ਨਵੇਂ ਮਰੀਜ਼ ਦਾਖਿਲ ਕੀਤੇ ਗਏ। ਜਿਸ ਨਾਲ ਅੱਜ ਤੱਕ ਦਾਖਿਲ ਕੀਤੇ ਜਾਣ ਵਾਲੇ ਮਰੀਜਾਂ ਦੀ ਕੁੱਲ ਗਿਣਤੀ 68 ਹੋ ਗਈ ਹੈ। ਦਾਖਲ ਮਰੀਜ਼ਾਂ ‘ਚੋਂ 28 ਮਰੀਜ਼ ਠੀਕ ਹੋ ਕੇ ਆਪਣੇ  ਘਰਾਂ ਨੂੰ ਚਲੇ ਗਏ ਹਨ ਤੇ ਇਸ ਸਮੇਂ 40 ਮਰੀਜ਼ ਹੀ ਹਸਪਤਾਲ ‘ਚ ਇਲਾਜ ਅਧੀਨ ਦਾਖਲ ਹਨ, ਜਿਨ੍ਹਾਂ ਦੀ ਹਾਲਤ ਸਥਿਰ ਹੈ।ਅੱਜ ਸਿਹਤ ਵਿਭਾਗ ਤੇ ਰੂਰਲ ਵਾਟਰ ਸਪਲਾਈ ਵਿਭਾਗ ਦੀਆਂ ਟੀਮਾਂ ਵੱਲੋਂ 4 ਮਰੀਜ਼ਾਂ ਦੇ ਘਰਾਂ ਤੋਂ ਅਤੇ ਦੋ ਹੋਰ ਥਾਵਾਂ ਤੋਂ ਵੀ ਪੀਣ ਵਾਲੇ ਪਾਣੀ ਦੇ ਸੈਂਪਲ ਜਾਂਚ ਲਈ ਲਏ ਗਏ।

Advertisements

ਡਾ. ਰਾਜੂ ਧੀਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਐਮ.ਓ ਬਲਾਕ ਕਾਲੋਮਾਜਰਾ ਵੱਲੋਂ ਇੱਥੇ ਬੀਤੇ ਦਿਨਾਂ ਤੋਂ ਹੀ ਡਾਕਟਰਾਂ ਦੀ ਟੀਮ ਭੇਜ ਕੇ ਆਂਗਨਵਾੜੀ ਸੈਂਟਰ ਵਿੱਚ  ਲਗਾਇਆ ਵਿਸ਼ੇਸ਼ ਮੈਡੀਕਲ ਕੈਂਪ ਤੇ ਡਿਸਪੈਂਸਰੀ ਅਜੇ ਜਾਰੀ ਹੈ ਤੇ ਬਿਮਾਰ ਮਰੀਜਾਂ ਨੂੰ ਸਿਹਤ ਜਾਂਚ ਕਰਕੇ ਲੋੜ ਅਨੁਸਾਰ ਦਵਾਈਆਂ ਦਿੱਤੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਰੀਜ਼ ਨੂੰ ਰੈਫਰਲ ਸੇਵਾਵਾਂ ਜਾਂ ਦਾਖਲੇ ਦੀ ਜ਼ਰੂਰਤ ਹੁੰਦੀ ਹੈ ਤਾਂ ਇਸ ਸਬੰਧੀ ਵੀ ਐਂਬੂਲੈਂਸ ਅਤੇ ਸਰਕਾਰੀ ਹਸਪਤਾਲ ਰਾਜਪੁਰਾ ਵਿਖੇ ਪੂਰੇ ਪ੍ਰਬੰਧ ਕੀਤੇ ਹੋਏ ਹਨ।

ਡਾ. ਰਾਜੂ ਧੀਰ ਅਤੇ ਸਿਹਤ ਕਾਮਿਆਂ ਨੇ ਲੋਕਾਂ ਨੂੰ ਘਰ-ਘਰ ਸਰਵੇ ਦੌਰਾਨ ਗਰੁੱਪ ਮੀਟਿੰਗਾਂ ਰਾਹੀਂ ਬਿਮਾਰੀ ਤੋਂ ਬਚਾਅ ਲਈ ਸਾਫ ਸਫਾਈ ਦਾ ਖਾਸ ਧਿਆਨ ਰੱਖਣ, ਹੱਥ ਵਾਰ ਵਾਰ ਧੋਣ, ਪਾਣੀ ਉਬਾਲ ਕੇ ਠੰਡਾ ਕਰਕੇ ਪੀਣ, ਖਾਣ ਪੀਣ ਵਾਲੀਆਂ ਚੀਜਾਂ ਨੂੰ ਢੱਕ ਕੇ ਰੱਖਣ ਸਬੰਧੀ ਜਾਗਰੂਕ ਕੀਤਾ। ਲੋੜਵੰਦ ਲੋਕਾਂ ਨੂੰ ਓ. ਆਰ.ਐਸ ਦੇ ਪੈਕਟਾਂ ਦੀ ਵੰਡ ਅਤੇ ਪਾਣੀ ਨੂੰ ਸ਼ੁਧ ਕਰਕੇ ਪੀਣ ਲਈ ਕਲੋਰੀਨ ਗੋਲੀਆਂ ਦਿੱਤੀਆਂ ਗਈਆਂ।ਇਸ ਤੋਂ ਬਿਨ੍ਹਾਂ  ਲੋਕਾਂ ਨੂੰ ਦਸਤ, ਉਲਟੀਆਂ ਆਦਿ ਦੀ ਸ਼ਿਕਾਇਤ ਹੋਣ ‘ਤੇ ਤੁਰੰਤ ਸਿਹਤ ਟੀਮ ਨਾਲ ਸੰਪਰਕ ਕਰਨ ਲਈ ਕਿਹਾ ਗਿਆ।

ਇਸ ਮੌਕੇ ਸਿਵਲ ਸਰਜਨ ਡਾ. ਰਾਜੂ ਧੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਅਧੀਨ ਆਉਂਦੇ ਕਿਸੇ ਵੀ ਏਰੀਏ ਵਿੱਚ ਡਾਇਰੀਆ ਜਾਂ ਕਿਸੇ ਹੋਰ ਬਿਮਾਰੀ ਦੇ ਮਰੀਜ਼ ਅਚਾਨਕ ਸਾਹਮਣੇ ਆਉਂਦੇ ਹਨ ਤਾਂ ਉਸ ਦੀ ਸੂਚਨਾ ਤੁਰੰਤ ਨੇੜੇ ਦੀ ਸਿਹਤ ਸੰਸਥਾ ਨੂੰ ਦਿੱਤੀ ਜਾਵੇ ਅਤੇ ਇਲਾਜ ਲਈ ਜਿੰਨੀ ਜਲਦੀ ਹੋ ਸਕੇ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਲੋਕਾਂ ਦੇ ਘਰਾਂ ‘ਚ ਪੀਣ ਵਾਲਾ ਪਾਣੀ ਸਾਫ ਨਹੀਂ ਆ ਰਿਹਾ ਹੈ ਤਾਂ ਉਸ ਦੀ ਸ਼ਿਕਾਇਤ ਵੀ ਸਬੰਧਿਤ ਵਿਭਾਗ ਨੂੰ ਕੀਤੀ ਜਾਵੇ ਤਾਂ ਜੋ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here