ਨਸ਼ਾ ਛੁਡਾਊ ਮੁਹਿੰਮ ਨੂੰ ਮਿਲਿਆ ਹੁਲਾਰਾ, ਜਲੰਧਰ ‘ਚ 26 ਨਵੇਂ ਓਟ ਸੈਂਟਰ ਸਥਾਪਤ

ਜਲੰਧਰ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਦੱਸਿਆ ਕਿ ਸਿਹਤ ਵਿਭਾਗ ਦੇ ਨਸ਼ਾ ਛੁਡਾਊ ਪ੍ਰੋਗਰਾਮ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਿਆਂ ਜ਼ਿਲ੍ਹੇ ਵਿੱਚ 26 ਨਵੇਂ ਆਊਟਪੇਸ਼ੈਂਟ ਓਪੀਓਡ ਅਸਿਸਟਡ ਟ੍ਰੀਟਮੈਂਟ (ਓਟ) ਸੈਂਟਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਨਸ਼ਿਆਂ ’ਤੇ ਨਿਰਭਰ ਵਿਅਕਤੀਆਂ ਨੂੰ ਇਲਾਜ ਸਹੂਲਤਾਂ ਮੁਹੱਈਆ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ 37 ਓਟ ਚਲਾਏ ਜਾ ਰਹੇ ਸੈਂਟਰ ਹਨ, ਜਿੱਥੇ ਨਸ਼ਾ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਫਿਲੌਰ, ਨਕੋਦਰ, ਆਦਮਪੁਰ, ਅੱਪਰਾ, ਨੂਰਮਹਿਲ, ਸ਼ੇਖੇ, ਕਾਲਾ ਬੱਕਰਾ, ਕਰਤਾਰਪੁਰ, ਲੋਹੀਆਂ, ਸ਼ਾਹਕੋਟ, ਬਸਤੀ ਗੁਜ਼ਾਂ, ਸਿਵਲ ਹਸਪਤਾਲ (ਜਲੰਧਰ), ਭੋਗਪੁਰ, ਰੰਧਾਵਾ ਮਸੰਦਾਂ, ਚਿੱਟੀ, ਰੂਪੇਵਾਲੀ, ਦੁਸਾਂਝ ਕਲਾਂ, ਬੜਾਪਿੰਡ, ਬਿਲਗਾ, ਜਮਸ਼ੇਰ, ਜੰਡਿਆਲਾ, ਬੁੰਡਾਲਾ, ਮਹਿਤਪੁਰ, ਸ਼ੰਕਰ, ਮੱਲੀਆਂ ਕਲਾਂ, ਤਲਵਣ, ਦਾਦਾ ਕਲੋਨੀ, ਖੁਰਲਾ ਕਿੰਗਰਾ, ਭਾਰਗੋ ਕੈਂਪ, ਪੀ.ਐਚ.ਸੀ. ਮਕਸੂਦਾਂ, ਧੰਨੋਵਾਲੀ, ਗੜ੍ਹਾ, ਕਾਜ਼ੀ ਮੰਡੀ, ਬਸਤੀ ਦਾਨਿਸ਼ਮੰਦਾਂ, ਅਮਨ ਨਗਰ, ਬਸਤੀ ਬਾਵਾ ਖੇਲ ਅਤੇ ਬਸਤੀ ਨੌ ਵਿਖੇ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨਵੇਂ ਸੈਂਟਰ ਪ੍ਰਭਾਵਿਤ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਸਹਾਈ ਹੋਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਓਟ ਸੈਂਟਰ ਨਸ਼ਿਆਂ ਦੇ ਆਦੀ ਵਿਅਕਤੀਆਂ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਵਿੱਚ ਸਹਾਈ ਸਿੱਧ ਹੋ ਰਹੇ ਹਨ ਅਤੇ ਇਨ੍ਹਾਂ ਰਾਹੀਂ ਮੁਹੱਈਆ ਕਰਵਾਏ ਜਾ ਰਹੇ ਇਲਾਜ ਸਦਕਾ ਪ੍ਰਭਾਵਿਤ ਵਿਅਕਤੀਆਂ ਨੂੰ ਨਸ਼ਿਆਂ ਤੋਂ ਨਿਜਾਤ ਪਾਉਣ ‘ਚ ਮਦਦ ਮਿਲ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ, ਜਿਸ ਸਦਕਾ ਵੱਡੀ ਗਿਣਤੀ ਵਿੱਚ ਨੌਜਵਾਨ ਇਲਾਜ ਲਈ ਕੇਂਦਰਾਂ ਵਿੱਚ ਪਹੁੰਚ ਰਹੇ ਹਨ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ ਨੇ ਦੱਸਿਆ ਕਿ ਕੁੱਲ 16,585 ਮਰੀਜ਼ ਇਨ੍ਹਾਂ ਕੇਂਦਰਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਖਿਲਾਫ਼ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।

                                

LEAVE A REPLY

Please enter your comment!
Please enter your name here