ਕਰੱਸ਼ਰ ਮਾਲਕ ਨੇ ਨਹਿਰੀ ਕਰਮਚਾਰੀ ਨੂੰ ਬਣਾਇਆ ਬੰਦੀ, ਨਹਿਰ ਦੀ ਜ਼ਮੀਨ ‘ਤੇ ਬਣਾਏ ਨਜਾਇਜ ਡੰਪ ਦੀ ਜਾਂਚ ਲਈ ਗਏ ਸਨ

ਪ੍ਰਵੀਨ ਸੋਹਲ , ਤਲਵਾੜਾ: ਪੌਂਗ ਡੈਮ ਦੇ 52 ਗੇਟਾਂ ਦੇ ਮੁਹਾਣੇ ‘ਤੇ ਬਿਆਸ ਦਰਿਆ ਕਿਨਾਰੇ ਲੱਗੇ ਹਿਮਾਚਲੀ ਕਰੱਸ਼ਰ ਮਾਲਕ ਅਤੇ ਉਸਦੇ ਗੁੰਡਿਆਂ ਵਲੋਂ ਕਥਿਤ ਸ਼ਾਹ ਨਹਿਰ ਦੀ ਜ਼ਮੀਨ ‘ਤੇ ਬਣਾਏ ਡੰਪ ਦੀ ਜਾਂਚ ਲਈ ਗਏ ਸ਼ਾਹ ਨਹਿਰ ਮੁਲਾਜ਼ਮ ‘ਤੇ ਕਥਿਤ ਹਮਲਾ ਕਰਕੇ ਉਸਨੂੰ ਬੰਦੀ ਬਣਾ ਲਿਆ ਗਿਆ, ਜਿਸਨੂੰ ਮੌਕੇ ‘ਤੇ ਪੁੱਜੀ ਤਲਵਾੜਾ ਪੁਲੀਸ ਨੇ ਛੁਡਾ ਕੇ ਥਾਣੇ ਲਿਆਂਦਾ ਹੈ। ਉੱਧਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਇਸ ਮਾਮਲੇ ਵਿੱਚ ਐਸਐਸਪੀ ਤੇ ਮਾਈਨਿੰਗ ਵਿਭਾਗ ਨੂੰ ਸਖਤ ਹਦਾਇਤਾਂ ਕਰਨ ਦਾ ਦਾਅਵਾ ਕੀਤਾ ਹੈ।

Advertisements

ਮੌਕੇ ‘ਤੇ ਪੁੱਜੀ ਪੁਲੀਸ ਨੇ ਬੰਦੀ ਮੁਲਾਜਮ ਛੁਡਾਇਆ; ਪੁਲੀਸ ਨੇ ਡੰਪ ਦੀ ਮਸ਼ੀਨਰੀ ਆਪਣੀ ਨਿਗਰਾਨੀ ਹੇਠ ਲਈ

ਐਸਐਚਓ ਤਲਵਾੜਾ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਾਹ ਨਹਿਰ ਦੇ ਮੁਲਾਜ਼ਮ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਵਿਭਾਗ ਵਿੱਚ ਬਤੌਰ ਵਰਕ ਮੁਨਸ਼ੀ ਸੇਵਾ ਨਿਭਾ ਰਿਹਾ ਹੈ। ਪੌਂਗ ਡੈਮ ਦੇ 52 ਗੇਟਾਂ ਦੇ ਮੁਹਾਣੇ ‘ਤੇ ਬਣੇ ਇੱਕ ਕਰੱਸ਼ਰ ਵਲੋਂ ਸ਼ਾਹ ਨਹਿਰ ਦੀ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਕਰਕੇ ਡੰਪ ਬਣਾਇਆ ਹੋਇਆ ਸੀ। ਇਹ ਮਾਮਲਾ ਉਜਾਗਰ ਹੋਣ ‘ਤੇ ਵਿਭਾਗੀ ਅਧਿਕਾਰੀਆਂ ਨੇ ਇਸ ਦੀ ਜਾਂਚ ਲਈ ਉਸਦਹ ਸਪੈਸ਼ਲ ਡਿਊਟੀ ਲਗਾਈ ਸੀ। ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪੁੱਜਾ ਤਾਂ ਕਰੱਸ਼ਰ ਦੇ ਮਾਲਕ ਤਲਵਾੜਾ ਦੇ ਵਸਨੀਕ ਮਨੋਜ ਕੁਮਾਰ ਰਿੰਕੂ ਵਲੋਂ ਵਿਭਾਗ ਦੀ ਜ਼ਮੀਨ ‘ਤੇ ਬਣਾਏ ਡੰਪ ਤੋਂ ਹੈਵੀ ਲੋਡਰ ਗੱਡੀਆਂ ਰਾਹੀਂ ਮਾਲ ਭਰ ਕੇ ਵੇਚਿਆ ਜਾ ਰਿਹਾ ਸੀ ਅਤੇ ਮਾਲ ਨਾਲ ਭਰੇ ਹੈਵੀ ਟਰੱਕ ਮਨਾਹੀ ਵਾਲੇ ਪੁਲ ਉਪਰੋਂ ਲੰਘ ਰਹੇ ਸਨ। ਇੱਕ ਜੇ ਸੀ ਬੀ ਕਰੱਸ਼ਰ ਤੋਂ ਬਿਆਸ ਦਰਿਆ ਰਾਹੀਂ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵੱਲ ਨੂੰ ਬਣਾਏ ਨਜਾਇਜ਼ ਲਾਂਘੇ ਰਾਹੀਂ ਲੰਘ ਕੇ ਗੱਡੀਆਂ ਵਿੱਚ ਮਾਲ ਭਰ ਰਹੀ ਸੀ। ਜਦੋਂ ਉਸਨੇ ਉਕਤਾਂ ਨੂੰ ਰੋਕਿਆ ਤਾਂ ਕਰੱਸ਼ਰ ਮਾਲਕ ਮਨੋਜ ਕੁਮਾਰ ਰਿੰਕੂ ਨੇ ਆਪਣੇ ਸਾਥੀਆਂ ਸਮੇਤ ਉਸਨੂੰ ਗਾਲੀ ਗਲੋਚ ਕੀਤਾ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉ਼ਦਿਆਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ ਕੀਤੀ।

ਜਦੋਂ ਉਹ ਪਿੱਛੇ ਹਟ ਕੇ ਇਸ ਸਾਰੇ ਦੀਆਂ ਫੋਟੋਆਂ ਖਿੱਚਣ ਲੱਗੇ ਤਾਂ ਤਾਂ ਉਕਤਾਂ ਨੇ ਕਿਹਾ ਕਿ ਤੇਰੀ ਦਸਤਾਰ ਨਾਲ ਬੰਨ੍ਹ ਕੇ ਹੀ ਤੈਨੂੰ ਦਰਿਆ ਵਿੱਚ ਸੁੱਟ ਦੇਵਾਂਗੇ, ਕਿਸੇ ਨੂੰ ਤੇਰੀ ਲਾਸ਼ ਵੀ ਨਹੀਂ ਲੱਭਣੀ। ਜਿਸ ਕਾਰਨ ਮੇਰੇ ਸਾਥੀਆਂ ਵਲੋਂ ਸੂਚਿਤ ਕਰਨ ‘ਤੇ ਪੁੱਜੀ ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਛੁਡਾ ਕੇ ਲਿਆਂਦਾ ਹੈ। ਉਸਨੇ ਦੱਸਿਆ ਕਿ ਉਕਤ ਕਰੱਸ਼ਰ ਮਾਲਕ ਵਲੋਂ ਨਹਿਰੀ ਜ਼ਮੀਨ ਦੇ ਨਾਲ ਬਿਨ੍ਹਾਂ ਕਿਸੇ ਮਨਜ਼ੂਰੀ ਦੇ ਫੰਨ ਪਾਰਕ ਤੇ ਸਵੀਮਿੰਗ ਪੂਲ ਵੀ ਬਣਾਇਆ ਹੋਇਆ ਹੈ। ਮੁਲਾਜ਼ਮ ਨੇ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਤੇ ਵਿਭਾਗੀ ਸਕੱਤਰ ਨੂੰ ਲਿਖਤੀ ਸ਼ਿਕਾਇਤ ਭੇਜਦਿਆਂ ਮੰਗ ਕੀਤੀ ਕਿ ਉਕਤ ਖਿਲਾਫ਼ ਨਹਿਰੀ ਜ਼ਮੀਨ ‘ਤੇ ਕਬਜ਼ਾ ਕਰਕੇ ਨਜਾਇਜ਼ ਡੰਪ ਬਣਾਉਣ ਵਾਲੇ, ਨਹਿਰੀ ਜ਼ਮੀਨ ਰਾਹੀਂ ਹਿਮਾਚਲ ਤੋਂ ਪੰਜਾਬ ਨੂੰ ਲਾਂਘਾ ਬਣਾਉਣ ਵਾਲੇ, ਸਰਕਾਰੀ ਡਿਊਟੀ ਵਿੱਚ ਵਿਘਨ ਪਾ ਕੇ ਸਰਕਾਰੀ ਮੁਲਾਜਮ ਨੂੰ ਜਾਨੋਂ ਮਾਰਨ ਅਤੇ ਦਸਤਾਰ ਨਾਲ ਬੰਨ੍ਹ ਕੇ ਨਹਿਰ ਵਿੱਚ ਸੁੱਟ ਦੇਣ ਦੀਆਂ ਧਮਕੀਆਂ ਦੇਣ ਅਤੇ ਉਸਨੂੰ ਜ਼ਬਰੀ ਬੰਦੀ ਬਣਾ ਕੇ ਰੱਖਣ ਖਿਲਾਫ਼ ਵਾਲੇ ਕਰੱਸ਼ਰ ਮਾਲਕ ਤੇ ਉਸਦੇ ਸਾਥੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬਿਆਸ ਦਰਿਆ ਕਿਨਾਰੇ ਹੋਈ ਨਜਾਇਜ਼ ਮਾਈਨਿੰਗ ਦੀ ਵੀ ਜਾਂਚ ਕੀਤੀ ਜਾਵੇ ਅਤੇ ਇਸ ਵਿੱਚ ਸ਼ਾਮਲ ਲੋਕਾਂ ਦੀ ਸ਼ਿਨਾਖਤ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਜੀ।

ਐਸਐਚਓ ਤਲਵਾੜਾ ਹਰਗੁਰਦੇਵ ਸਿੰਘ ਨੇ ਕਿਹਾ ਕਿ ਨਹਿਰੀ ਤੇ ਮਾਈਨਿੰਗ ਵਿਭਾਗ ਨੂੰ ਸਵੇਰੇ ਸੱਦਿਆ ਹੈ, ਸਬੰਧਿਤ ਜਾਣਕਾਰੀ ਲੈਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਸਬੰਧਿਤ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾ ਦਾਅਵਾ ਕੀਤਾ ਕਿ ਡੰਪ ਦਾ ਮਾਲ ਤੇ ਮਸ਼ੀਨਰੀ ਪੁਲੀਸ ਵਿਭਾਗ ਦੀ ਨਿਗਰਾਨੀ ਹੇਠ ਹੈ, ਸਾਰੇ ਮਾਮਲੇ ਦੀ ਜਾਂਚ ਉਪਰੰਤ ਦੋਸ਼ੀਆਂ ਖਿਲਾ਼ਫ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here