ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਅਗਵਾਈ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਸਿੰਗਲ ਯੂਜ਼ ਪਲਾਸਟਿਕ ਦੀ ਰੋਕਥਾਮ ਲਈ ਵਿੱਢੀ ਮੁਹਿੰਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਹੁਸ਼ਿਆਰਪੁਰ ਸ਼ਿਵ ਰਾਜ ਸਿੰਘ ਬੱਲ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਲਾਸਟਿਕ ਖਿਲਾਫ਼ ਇਕਜੁੱਟਤਾ ਬਹੁਤ ਜ਼ਰੂਰੀ ਹੈ, ਇਸ ਲਈ ਵਿਦਿਆਰਥੀ ਖੁਦ ਜਾਗਰੂਕ ਹੋ ਕੇ ਆਪਣੇ ਮਾਪਿਆਂ ਨੂੰ ਵੀ ਜਾਗਰੂਕ ਕਰਨ।

ਐਸ.ਡੀ.ਐਮ. ਬੱਲ ਨੇ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਬਹੁਤ ਸਾਰੀਆਂ ਗੰਭੀਰ ਬੀਮਾਰੀਆਂ ਵੀ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੋਲੀਥੀਨ ਤੋਂ ਇਲਾਵਾ ਹਰ ਤਰ੍ਹਾਂ ਦਾ ਪਲਾਸਟਿਕ ਜਲਦੀ ਜ਼ਮੀਨ ਵਿਚ ਗਲਦਾ ਨਹੀਂ ਹੈ, ਇਸ ਲਈ ਇਸ ਦੀ ਵਰਤੋਂ ਨਾ ਕਰਨ ਲਈ ਸਭ ਨੂੰ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਉਹ ਪਲਾਸਟਿਕ ਹੈ, ਜਿਸ ਦੀ ਅਸੀਂ ਸਿਰਫ ਇਕ ਵਾਰ ਵਰਤੋਂ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਵਿਚ ਪਲਾਸਟਿਕ ਦੀ ਸਟਿਕ ਵਾਲੇ ਈਅਰ ਬਡਸ, ਪਲਾਸਟਿਕ ਦੀ ਸਟਿਕ ਵਾਲੇ ਗੁਬਾਰੇ, ਪਲਾਸਟਿਕ ਦੇ ਝੰਡੇ, ਕੈਂਡੀ ਤੇ ਆਈਸ ਕਰੀਮ ਸਟਿਕਸ, ਪਲਾਸਟਿਕ ਪਲੇਟਾਂ, ਬੋਤਲਾਂ, ਕੱਪ, ਗਲਾਸ, ਕਟਲਰੀ, ਮਠਿਆਈ ਦੇ ਡੱਬਿਆਂ ਦੀ ਪੈਕਿੰਗ ਵਿਚ ਵਰਤੋਂ ਹੋਣ ਵਾਲੀ ਪਲਾਸਟਿਕ, ਸੱਦਾ ਪੱਤਰ, ਸਿਗਰੇਟ ਦੇ ਪੈਕੇਟ, 100 ਮਾਈਕ੍ਰੋਨ ਤੋਂ ਘੱਟ ਵਾਲੇ ਪਲਾਸਟਿਕ ਆਦਿ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਉਕਤ ਸਾਰੀਆਂ ਵਸਤਾਂ ਦੀ ਵਰਤੋਂ ਬੰਦ ਕਰਕੇ ਕੱਪੜੇ, ਜੂਟ ਦੇ ਬੈਗ, ਸਟੀਲ ਦੇ ਬਰਤਨਾਂ, ਬਾਇਓਡਿਗ੍ਰੇਡੇਬਲ ਸਮੱਗਰੀ, ਪੱਤਿਆਂ ਤੇ ਬਾਂਸ ਨਾਲ ਬਣੀ ਕਟਲਰੀ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਖਰੀਦੋ-ਫਰੋਖਤ ਦੌਰਾਨ ਲਿਫਾਫਿਆਂ ਦੀ ਵਰਤੋਂ ਨਾ ਕਰਕੇ ਵਾਤਾਵਰਣ ਅਨੁਕੂਲ ਥੈਲਿਆਂ ਦੀ ਹੀ ਵਰਤੋਂ ਕੀਤੀ ਜਾਵੇ। ਇਸ ਮੌਕੇ ਪ੍ਰਿੰਸੀਪਲ ਲਲਿਤਾ ਰਾਣੀ ਤੋਂ ਇਲਾਵਾ ਅਧਿਆਪਕ ਅਤੇ ਭਾਰੀ ਗਿਣਤੀ ਵਿਚ ਵਿਦਿਆਰਥਣਾਂ ਹਾਜ਼ਰ ਸਨ।
