ਨਾਗਰਿਕ ਸੇਵਾਵਾਂ ਸਬੰਧੀ ਪ੍ਰਾਪਤ ਸੌ ਫੀਸਦੀ ਦਰਖਾਸਤਾਂ ਦਾ ਨਿਪਟਾਰਾ ਕਰਕੇ ਜਲੰਧਰ ਸੂਬੇ ਭਰ ’ਚੋਂ ਮੋਹਰੀ: ਡਿਪਟੀ ਕਮਿਸ਼ਨਰ

ਜਲੰਧਰ (ਦ ਸਟੈਲਰ ਨਿਊਜ਼): ਸੇਵਾ ਕੇਂਦਰਾਂ ਵਿੱਚ ਨਾਗਰਿਕ ਸੇਵਾਵਾਂ ਸਬੰਧੀ ਪ੍ਰਾਪਤ ਸੌ ਫੀਸਦੀ ਦਰਖਾਸਤਾਂ ਦਾ ਨਿਪਟਾਰਾ ਕਰਦਿਆਂ ਜ਼ਿਲ੍ਹਾ ਜਲੰਧਰ ਨੇ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਹੁਣ ਤੱਕ ਦਾ ਸਰਬਓਤਮ ਪ੍ਰਦਰਸ਼ਨ ਕਰਦਿਆਂ ਸੂਬੇ ਭਰ ’ਚ ਮੋਹਰੀ ਸਥਾਨ ਹਾਸਲ ਕੀਤਾ ਹੈ, ਜਿਸ ਸਦਕਾ ਜ਼ਿਲ੍ਹਾ ਪੱਧਰ ‘ਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ 4 ਜੁਲਾਈ 2021 ਤੋਂ 3 ਜੁਲਾਈ 2022 ਤੱਕ ਸਮੁੱਚੇ 35 ਸੇਵਾ ਕੇਂਦਰਾਂ ‘ਤੇ ਲਗਭਗ 425 ਸੇਵਾਵਾਂ ਲਈ 377478 ਦਰਖਾਸਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਦਾ ਅਧਿਕਾਰੀਆਂ ਵੱਲੋਂ ਸਮਾਂਬੱਧ ਢੰਗ ਨਾਲ ਨਿਪਟਾਰਾ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਜ਼ਿਲ੍ਹਾ ਪੱਧਰ ’ਤੇ ਇਕ ਵੀ ਦਰਖਾਸਤ ਬਕਾਇਆ ਨਹੀਂ ਹੈ ਜਦਕਿ ਪਹਿਲਾਂ ਜ਼ੀਰੋ ਫੀਸਦੀ ਪੈਂਡੈਂਸੀ ਵਿੱਚ 10-12 ਦਰਖਾਸਤਾਂ ਬਕਾਇਆ ਹੁੰਦੀਆਂ ਸਨ। ਉਨ੍ਹਾਂ ਦੱਸਿਆ ਕਿ ਸਿਰਫ਼ 2 ਅਰਜ਼ੀਆਂ ਸੂਬਾ ਪੱਧਰ ’ਤੇ ਪੈਂਡਿੰਗ ਹਨ।

Advertisements

ਇਸ ਪ੍ਰਾਪਤੀ ’ਤੇ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰੇ ਟੀਮ ਮੈਂਬਰਾਂ ਦੇ ਯਤਨਾਂ ਸਦਕਾ ਜ਼ਿਲ੍ਹੇ ਵੱਲੋਂ ਇਹ ਮੁਕਾਮ ਹਾਸਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਬ ਡਵੀਜ਼ਨ ਪੱਧਰ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਰਟਰ ਤੱਕ ਲੰਬਿਤ ਪੈਂਡੈਂਸੀ ਦੀ ਰੋਜ਼ਾਨਾ ਨਿਗਰਾਨੀ ਲਈ ਅਪਣਾਈ ਜਾ ਰਹੀ ਵਿਆਪਕ ਕਾਰਜਵਿਧੀ ਦੇ ਨਤੀਜੇ ਵਜੋਂ ਜ਼ੀਰੋ ਫੀਸਦੀ ਪੈਂਡੈਂਸੀ ਨੂੰ ਹਾਸਲ ਕੀਤਾ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਭਵਿੱਖ ਵਿੱਚ ਵੀ ਜ਼ੀਰੋ ਪੈਂਡੈਂਸੀ ਨੂੰ ਕਾਇਮ ਰੱਖਣ ਲਈ ਕਿਹਾ ਤਾਂ ਜੋ ਜ਼ਿਲ੍ਹਾ ਨਿਰਵਿਘਨ ਅਤੇ ਸਮਾਂਬੱਧ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਮੋਹਰੀ ਰਹੇ ।ਉਨ੍ਹਾਂ ਨਿਰੰਤਰ ਨਿਗਰਾਨੀ ਦੇ ਮਾਧਿਅਮ ਨਾਲ ਲੋਕਾਂ ਨੂੰ ਸੁਚਾਰੂ ਸੇਵਾਵਾਂ ਪ੍ਰਦਾਨ ਕਰਨ ਵਿੱਚ ਹਾਸਲ ਕੀਤੀ ਇਸ ਪ੍ਰਾਪਤੀ ਨੂੰ ਕਾਇਮ ਰੱਖਣ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਦੀ ਆਪਣੀ ਵਚਨਬੱਧਤਾ ਵੀ ਦੁਹਰਾਈ।

LEAVE A REPLY

Please enter your comment!
Please enter your name here