ਪਰਾਲੀ ਪ੍ਰਬੰਧਨ ਸਬੰਧੀ ਪਿੰਡ ਟੋਡਰਪੁਰ ਵਿਖੇ ਜ਼ਿਲ੍ਹਾ ਪੱਧਰੀ ਜਾਗਰੁਕਤਾ ਕੈਂਪ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਪੰਜਾਬ  ਖੇਤੀਬਾੜੀ  ਯੂਨੀਵਰਸਿਟੀ,  ਲੁਧਿਆਣਾ  ਦੇ  ਜਿਲ੍ਹਾ  ਪੱਧਰੀ  ਪਸਾਰ  ਅਦਾਰੇ,  ਕ੍ਰਿਸ਼ੀ  ਵਿਗਿਆਨ ਕੇਂਦਰ,  ਬਾਹੋਵਾਲ,  ਹੁਸ਼ਿਆਰਪੁਰ  ਵੱਲੋਂ  ਪਰਾਲੀ  ਪ੍ਰਬੰਧਨ  ਬਾਬਤ  ਜਿਲ੍ਹਾ  ਪੱਧਰੀ ਜਾਗਰੁਕਤਾ  ਕੈਂਪ  ਦਾ  ਆਯੋਜਨ  ਪਿੰਡ  ਟੋਡਰਪੁਰ  ਵਿਖੇ  ਕੀਤਾ  ਗਿਆ। ਇਸ  ਕੈਂਪ  ਵਿੱਚ  ਡਿਪਟੀ ਕਮਿਸ਼ਨਰ ਸ਼੍ਰੀ  ਸੰਦੀਪ  ਹੰਸ ਮੁੱਖ  ਮਹਿਮਾਨ  ਵਜੋਂ  ਸ਼ਾਮਲ  ਹੋਏ  ਅਤੇ  ਮੁੱਖ ਖੇਤੀਬਾੜੀ ਅਫਸਰ, ਹੁਸ਼ਿਆਰਪੁਰ ਡਾ.  ਗੁਰਦੇਵ  ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਕਿਸਾਨ ਸਿਖਲਾਈ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਭਾਸ਼ਣ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪਰਾਲੀ ਸੰਭਾਲਣਾ ਅਜੋਕੇ ਸਮੇਂ ਦੀ ਸਭ ਤੋਂ ਜਰੂਰੀ ਲੋੜ ਹੈ। ਉਹਨਾਂ ਇਸ ਗੱਲ ਤੇ ਜੋਰ ਦੇ ਕਿ ਕਿਹਾ ਕਿ ਕਿਸਾਨ  ਝੋਨੇ  ਦੀ  ਪਰਾਲੀ  ਨੂੰ  ਨਾ  ਸਾੜਣ  ਅਤੇ  ਉਪਲਬਧ  ਮਸ਼ੀਨਰੀ  ਤੇ  ਤਕਨੀਕਾਂ  ਰਾਂਹੀਂ  ਇਸ  ਦਾ  ਯੋਗ  ਪ੍ਰਬੰਧ  ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ।ਉਨ੍ਹਾਂ ਦੱਸਿਆ ਕਿ ਇਸ ਬਾਬਤ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਸਬਸਿਡੀ ਤੇ ਉਪਲਬਧ ਵੀ ਕਰਵਾਈ ਜਾ ਰਹੀ ਹੈ।ਉਹਨਾਂ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਅਤੇ ਫਸਲੀ ਰਹਿੰਦ-ਖੂੰਹਦ  ਦੀ  ਸੁਚੱਜੀ  ਵਰਤੋਂ  ਕਰਕੇ  ਵਾਤਾਵਰਣ  ਪੱਖੀ  ਤਕਨੀਕਾਂ  ਅਪਨਾਉਣ  ਲਈ  ਵੀ  ਕਿਸਾਨਾਂ  ਨੂੰ  ਪ੍ਰੇਰਿਤ ਕੀਤਾ।ਡਿਪਟੀ ਕਮਿਸ਼ਨਰ ਨੇ ਇਸ ਇਲਾਕੇ ਦੇ ਪਿੰਡਾਂ ਵਿੱਚ ਬਣੇ ਮਸ਼ੀਨਰੀ ਬੈਂਕਾਂ ਅਤੇ ਕਿਸਾਨ ਸਮੂਹਾਂ ਦੀ ਵੀ ਸ਼ਲਾਘਾ ਕੀਤੀ ਜੋ ਕਿ ਪਰਾਲੀ ਪ੍ਰਬੰਧਨ ਵਿੱਚ ਵਧੀਆ ਕਾਰਗੁਜਾਰੀ ਕਰ ਰਹੇ ਸਨ।

Advertisements

ਡਾ.  ਗੁਰਦੇਵ  ਸਿੰਘ  ਮੁੱਖ  ਖੇਤੀਬਾੜੀ  ਅਫਸਰ,  ਖੇਤੀਬਾੜੀ  ਅਤੇ  ਕਿਸਾਨ  ਭਲਾਈ  ਵਿਭਾਗ  ਨੇ  ਵਿਭਾਗ  ਦੀਆਂ ਕਿਸਾਨ  ਭਲਾਈ  ਸਕੀਮਾਂ  ਬਾਰੇ  ਵਿਸਥਾਰ  ਨਾਲ  ਚਾਨਣਾ  ਪਾਇਆ।ਉਹਨਾਂ  ਇਹ  ਵੀ  ਦੱਸਿਆ  ਕਿ  ਕਿਸਾਨ  ਪਰਾਲੀ ਪ੍ਰਬੰਧਨ ਸਬੰਧਤ ਮਸ਼ੀਨਰੀ ਦੀ ਵਰਤੋਂ ਸਾਂਝੇ ਤੌਰ ਤੇ ਕਰਨ ਤਾਂ ਜੋ ਇਸ ਦਾ ਪੂਰਾ ਫਾਇਦਾ ਲਿਆ ਜਾ ਸਕੇ। ਕੈਂਪ  ਦੀ  ਸ਼ੁਰੂਆਤ  ਵਿੱਚ  ਡਾ.  ਮਨਿੰਦਰ  ਸਿੰਘ  ਬੌਂਸ,  ਡਿਪਟੀ  ਡਾਇਰੈਕਟਰ  (ਟ੍ਰੇਨਿੰਗ),  ਕ੍ਰਿਸ਼ੀ  ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਹੁੰਚੇ ਮਹਿਮਾਨਾਂ ਅਤੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਕਿਸਾਨ ਭਲਾਈ ਸਬੰਧੀ ਕੇਂਦਰ ਦੀਆਂ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਕ੍ਰਿਸ਼ੀ  ਵਿਗਿਆਨ  ਕੇਂਦਰ  ਵੱਲੋਂ  ਮੁਹਿੰਮ  ਰੂਪ  ਵਿੱਚ  ਪਰਾਲੀ  ਪ੍ਰਬੰਧਨ  ਬਾਬਤ  ਪਿੰਡਾਂ,  ਸਕੂਲਾਂ/ਕਾਲਜਾਂ  ਵਿੱਚ  ਜਾਗਰੁਕਤਾ ਕੈਂਪਾਂ, ਸਿਖਲਾਈ  ਪ੍ਰੋਗਰਾਮਾਂ, ਪ੍ਰਦਰਸ਼ਨੀਆਂ,  ਕੰਧਾਂ  ਉਪਰ ਪੇਂਟਿੰਗਾਂ ਅਤੇ ਖੇਤੀ ਸਾਹਿਤ  ਰਾਂਹੀਂ ਗਤੀਵਿਧੀਆਂ  ਕੀਤੀਆਂ  ਜਾ ਰਹੀਆਂ  ਹਨ। ਡਾ.  ਬੌਂਸ  ਨੇ  ਝੋਨੇ  ਦੀ  ਪਰਾਲੀ  ਨੂੰ  ਅੱਗ  ਲਗਾਉਣ  ਨਾਲ  ਹੋਣ  ਵਾਲੇ  ਨੁਕਸਾਨਾਂ  ਬਾਰੇ  ਵੀ  ਕਿਸਾਨਾਂ  ਨੂੰ ਜਾਗਰੂਕ ਕੀਤਾ ਅਤੇ ਸਮੂਹਿਕ ਰੂਪ ਵਿੱਚ ਇਸ ਮੁਹਿੰਮ ਨੂੰ ਸਫਲ਼ ਬਣਾਉਣ ਲਈ ਪ੍ਰੇਰਿਆ। ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਾਹਿਰਾਂ- ਡਾ. ਅਜੈਬ ਸਿੰਘ, ਡਾ. ਕੰਵਰਪਾਲ  ਸਿੰਘ  ਢਿੱਲੋਂ  ਅਤੇ  ਡਾ.ਕਿਰਨਜੀਤ  ਸਿੰਘ  ਵੱਲੋਂ  ਪਰਾਲੀ  ਵਿੱਚ  ਮੌਜੂਦ  ਵੱਖ-ਵੱਖ  ਤੱਤਾਂ  ਦੀ  ਮਹਤੱਤਾ,  ਜੀਵਾਣੂ ਖਾਦਾਂ ਦੀ ਮਹੱਤਤਾ, ਮਿੱਟੀ ਪਰਖ, ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ, ਖੇਤੀ ਮਸ਼ੀਨਰੀ ਰਾਹੀਂ ਝੋਨੇ ਦੀ ਪਰਾਲੀ ਪ੍ਰਬੰਧਨ ਅਤੇ ਪਸ਼ੂਆਂ ਦੀ ਮੌਸਮੀ ਸਾਂਭ-ਸੰਭਾਲ ਬਾਰੇ ਵਿਸਥਾਰ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਪਿਛਲੇ ਸਾਲਾਂ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ  ਵੱਲੋਂ ਅਪਣਾਏ ਪਿੰਡਾਂ ਦੇ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਵਾਲੇ ਅਗਾਂਹਵਧੂ ਕਿਸਾਨ- ਪਿੰਡ ਟੋਡਰਪੁਰ ਤੋਂ ਸ. ਸੰਦੀਪ ਸਿੰਘ, ਸ. ਸੁਖਵਿੰਦਰ ਸਿੰਘ, ਮੇਜਰ ਸਿੰਘ, ਸ. ਜਗਤਾਰ ਸਿੰਘ, ਪਿੰਡ ਪੰਜੋੜ ਤੋਂ ਸ. ਹਰਜੀਤ ਸਿੰਘ, ਸ. ਸਤਨਾਮ ਸਿੰਘ, ਸ. ਸੁਰਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ, ਪਿੰਡ ਪੰਡੋਰੀ ਗੰਗਾ ਸਿੰਘ ਤੋਂ ਸਰਪੰਚ ਸ. ਮਨੋਹਰ ਸਿੰਘ, ਸ. ਹਰਪਾਲ ਸਿੰਘ, ਪਿੰਡ ਜਲਵੇਹੜਾ ਤੋਂ ਸ. ਬਲਜਿੰਦਰ ਸਿੰਘ, ਸ. ਕੁਲਵਰਨ ਸਿੰਘ, ਸ. ਹਰਵਿੰਦਰ ਸਿੰਘ, ਪਿੰਡ ਮਖਸੂਸਪੁਰ ਤੋਂ ਸ. ਅਮਰੀਕ ਸਿੰਘ, ਸ. ਦਲਬੀਰ ਸਿੰਘ, ਪਿੰਡ ਈਸਪੁਰ  ਤੋਂ  ਸ.  ਸੇਵਾ  ਸਿੰਘ,  ਪਿੰਡ  ਪਚਨੰਗਲ  ਤੋਂ  ਸ਼੍ਰ੍ਰੀ  ਸੰਜੀਵ  ਕੁਮਾਰ  ਅਤੇ  ਸਰਪੰਚ  ਪਿੰਡ  ਟੋਡਰਪੁਰ  ਨੂੰ  ਸਨਮਾਨਿਤ ਕੀਤਾ  ਗਿਆ। ਇਸ  ਤੋਂ  ਇਲਾਵਾ  ਪਹੁੰਚੇ  ਮਹਿਮਾਨਾਂ  ਵੱਲੋਂ  ਪਿੰਡ  ਫੁਗਲਾਣਾ  ਦੇ  ਅਗਾਂਹਵਧੂ  ਹਲਦੀ  ਉਤਪਾਦਕ,  ਸ. ਅੰਮ੍ਰਿਤਪਾਲ  ਸਿੰਘ  ਰੰਧਾਵਾ,  ਨੂੰ  ਵੀ  ਸਨਮਾਨਿਤ  ਕੀਤਾ  ਗਿਆ।ਇਹਨਾਂ  ਨੂੰ  ਪਿਛਲੇ  ਦਿਨੀਂ  ਪੰਜਾਬ  ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਮੇਲੇ ਦੌਰਾਨ ਮਾਨਯੋਗ ਮੁੱਖ ਮੰਤਰੀ ਪੰਜਾਬ, ਸ਼੍ਰੀ ਭਗਵੰਤ ਮਾਨ ਵੱਲੋਂ ਪਰਵਾਸੀ ਭਾਰਤੀ ਪੁਰਸਕਾਰ ਵੀ ਪ੍ਰਦਾਨ ਕੀਤਾ ਗਿਆ ਸੀ। ਕਿਸਾਨਾਂ ਦੀ ਸਹੂਲਤ ਲਈ ਹਾੜ੍ਹੀ ਦੇ ਫਸਲਾਂ ਦਾ ਬੀਜ (ਗੋਭ੍ਹੀ ਸਰ੍ਹੋਂ, ਬਰਸੀਮ, ਪਿਆਜ, ਚਾਰੇ ਦੀਆਂ ਕਿੱਟਾਂ, ਦਾਲਾਂ ਅਤੇ ਤੇਲਬੀਜ ਫਸਲਾਂ ਦੀਆਂ ਕਿੱਟਾਂ, ਸਰਦੀ ਦੀਆਂ ਸਬਜੀਆਂ ਦੀਆਂ ਕਿੱਟਾਂ), ਮਟਰਾਂ ਦਾ ਰਾਈਜੋਬੀਅਮ ਟੀਕਾ, ਪਸ਼ੂਆਂ ਲਈ ਧਾਤਾਂ ਦਾ ਚੂਰਾ ਅਤੇ ਖੇਤੀ ਸਾਹਿਤ ਵੀ ਉਪਲੱਬਧ ਕਰਵਾਇਆ ਗਿਆ। ਅੰਤ  ਵਿੱਚ  ਪਿੰਡ  ਟੋਡਰਪੁਰ  ਦੇ  ਨੰਬਰਦਾਰ  ਸ.  ਗੁਰਨਾਮ  ਸਿੰਘ  ਅਤੇ  ਸ.  ਅਜੈਬ  ਸਿੰਘ  ਵੱਲੋਂ  ਆਏ  ਮਹਿਮਾਨਾਂ ਅਤੇ  ਕਿਸਾਨਾਂ  ਦਾ  ਧੰਨਵਾਦ  ਕੀਤਾ  ਗਿਆ  ਅਤੇ  ਪਰਾਲੀ  ਪ੍ਰਬੰਧਨ  ਦੇ  ਮਨੋਰਥ  ਵਿੱਚ  ਪੂਰਾ  ਸਹਿਯੋਗ  ਦੇਣ  ਦਾ  ਭਰੋਸਾ ਦਵਾਇਆ ਗਿਆ।

LEAVE A REPLY

Please enter your comment!
Please enter your name here