ਸਪੋਰਟਸ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਇੰਟਰ ਕਾਲਜ ਬੈਡਮਿੰਟਨ ਮੁਕਾਬਲੇ ਸ਼ੁਰੂ

ਪਟਿਆਲਾ, (ਦ ਸਟੈਲਰ ਨਿਊਜ਼) : ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵਿਖੇ ਉਪ ਕੁਲਪਤੀ ਲੈਫ: ਜਨਰਲ (ਡਾ.) ਜੇ.ਐੱਸ. ਚੀਮਾ ਦੀ ਅਗਵਾਈ ਵਿਚ ਅੱਜ ਦੋ ਰੋਜ਼ਾ ਇੰਟਰ ਕਾਲਜ ਬੈਡਮਿੰਟਨ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ। ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਿਖੇ ਸ਼ੁਰੂ ਹੋਏ ਸਮਾਰੋਹ ਵਿਚ ਪਹੁੰਚੇ ਯੂਨੀਵਰਸਿਟੀ ਦੇ ਉਪ ਕੁਲਪਤੀ ਦਾ ਐੱਨ.ਸੀ.ਸੀ. ਦੇ ਵਿਦਿਆਰਥੀਆਂ, ਬੈਂਡ ਟੀਮ ਅਤੇ ਖਿਡਾਰੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ, ਡਾਇਰੈਕਟਰ ਆਫ਼ ਸਪੋਰਟਸ ਡਾ. ਅਨੁਭਵ ਵਾਲੀਆ ਵੀ ਉਚੇਚੇ ਤੌਰ ‘ਤੇ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਇਹਨਾਂ ਦੋ ਦਿਨ ਦੇ ਬੈਡਮਿੰਟਨ ਮੁਕਾਬਲਿਆਂ ਵਿਚ ਪੰਜਾਬ ਸਪੋਰਟਸ ਯੂਨੀਵਰਸਿਟੀ ਕੈਂਪਸ, ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਖਾਲਸਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਅੰਮ੍ਰਿਤਸਰ, ਮਾਤਾ ਗੁਰਦੇਵ ਕੋਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਸਮਰਾਲਾ, ਸ਼ਹੀਦ ਕਾਂਸ਼ੀ ਰਾਮ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਭਾਗੋਮਾਜਰਾ, ਗੌਰਮਿੰਟ ਆਰਟਸ ਐਂਡ ਸਪੋਰਟਸ ਕਾਲਜ, ਜਲੰਧਰ ਦੀਆਂ (ਮਹਿਲਾ/ਪੁਰਸ਼) ਟੀਮਾਂ ਹਿੱਸਾ ਲੈ ਰਹੀਆਂ ਹਨ।
ਇਸ ਸਮਾਰੋਹ ਦਾ ਉਦਘਾਟਨ ਕਰਦਿਆਂ ਉਪ ਕੁਲਪਤੀ ਡਾ. ਜੇ.ਐੱਸ. ਚੀਮਾ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਵਿਦਿਆਰਥੀਆਂ ਨਾਲ ਇਹ ਵਾਅਦਾ ਕੀਤਾ ਕਿ ਪੰਜਾਬ ਸਪੋਰਟਸ ਯੂਨੀਵਰਸਿਟੀ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਖੇਡਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਤਿਆਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬਾਕੀ ਖੇਡਾਂ ਨਾਲ ਸਬੰਧਤ ਇੰਟਰ ਕਾਲਜ ਟੂਰਨਾਮੈਂਟ ਕਰਵਾਏ ਜਾਣਗੇ। ਇਸ ਮੌਕੇ ਖਿਡਾਰੀਆਂ ਨੇ ਬੜੇ ਜੋਸ਼ ਨਾਲ ਮੁਕਾਬਲਿਆਂ ਵਿਚ ਭਾਗ ਲਿਆ। ਇਸ ਮੁਕਾਬਲੇ ਦੇ ਕੋਆਰਡੀਨੇਟਰ ਸ਼੍ਰੀਮਤੀ ਰਾਜਵਿੰਦਰ ਕੌਰ, ਮਿਸ. ਸਿਮਰਤ ਜੋਸ਼ਨ ਅਤੇ ਕੋਚ ਤਲਵਿੰਦਰ ਵੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here