ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ : ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼) : ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਖੂਨਦਾਨ ਇਕ ਮਹਾਨ ਦਾਨ ਹੈ, ਜਿਸ ਨਾਲ ਅਨੇਕਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਸਥਾਨਕ ਸਤਨਾਮ ਹਸਪਤਾਲ ਵਿਖੇ ਸਤਨਾਮ ਬਲੱਡ ਬੈਂਕ ਅਤੇ ਲਾਇਨਜ਼ ਕਲੱਬ ਵਲੋਂ ਮਰਹੂਮ ਸਵਰਗੀ ਪੱਤਰਕਾਰ ਸ਼੍ਰੀ ਅਸ਼ਵਨੀ ਕਪੂਰ ਦੀ ਯਾਦ ਵਿਚ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਖੂਨ ਦੀ ਇਕ-ਇਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨ ਦਾਨ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਬਲਕਿ ਮਨ ਨੂੰ ਇਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਇਕ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ। ਇਸ ਲਈ ਹਰੇਕ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਜੀਵਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ।  

Advertisements


ਕੈਬਨਿਟ ਮੰਤਰੀ ਨੇ ਕਿਹਾ ਕਿ ਸਵਰਗੀ ਸ਼੍ਰੀ ਅਸ਼ਵਨੀ ਕਪੂਰ ਨੇ ਜਿਥੇ ਪੱਤਰਕਾਰਤਾ ਦੇ ਖੇਤਰ ਵਿਚ ਨਾਮਣਾ ਖੱਟਿਆ, ਉਥੇ ਉਹ ਸਮਾਜਿਕ ਤੌਰ ’ਤੇ ਵੀ ਹਰੇਕ ਵਰਗ ਨਾਲ ਜੁੜੇ ਹੋਏ ਸਨ। ਉਨ੍ਹਾਂ ਪ੍ਰਬੰਧਕਾਂ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਖੂਨਦਾਨ ਕੈਂਪ ਸਵਰਗੀ ਸ਼੍ਰੀ ਅਸ਼ਵਨੀ ਕਪੂਰ ਨੂੰ ਸੱਚੀ ਸ਼ਰਧਾਂਜ਼ਲੀ ਹੈ। ਇਸ ਦੌਰਾਨ 125 ਦੇ ਕਰੀਬ ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ, ਜਿਨ੍ਹਾਂ ਵਿਚ ਸਵਰਗੀ ਸ਼੍ਰੀ ਅਸ਼ਵਨੀ ਕਪੂਰ ਦਾ ਬੇਟਾ ਕਨਵ ਕਪੂਰ ਵੀ ਸ਼ਾਮਲ ਸੀ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਐਮ.ਡੀ. ਬਲੱਡ ਬੈਂਕ ਗੌਰਵ ਗੋਰਾ, ਰਮਨ ਕਪੂਰ, ਕਨਵ ਕਪੂਰ, ਵੀਨਾ ਕਪੂਰ, ਨਿਧੀ ਕਪੂਰ, ਅਮਨਪ੍ਰੀਤ ਸਿੰਘ, ਰਵੀ ਅਰੋੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here