ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ 4 ਮਹੀਨੇ ਦਾ ਡੇਅਰੀ ਉਦਮ ਸਿਖਲਾਈ ਕੋਰਸ 14 ਨਵੰਬਰ ਤੋਂ ਡੇਅਰੀ ਸਿਖਲਾਈ ਕੇਂਦਰ ਫਗਵਾੜਾ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਕੋਰਸ ਵਿਚ ਭਾਗ ਲੈਣ ਲਈ ਚਾਹਵਾਨ ਡੇਅਰੀ ਫਾਰਮਰ ਦਾ ਘੱਟ ਤੋਂ ਘੱਟ 10ਵੀਂ ਪਾਸ ਹੋਣਾ, ਉਮਰ 18 ਤੋਂ 45 ਸਾਲ ਦਰਮਿਆਨ, ਪੇਂਡੂ ਖੇਤਰ ਨਾਲ ਸਬੰਧਤ ਅਤੇ ਘੱਟ ਤੋਂ ਘੱਟ 5 ਪਸ਼ੂ ਰੱਖੇ ਹੋਣੇ ਲਾਜ਼ਮੀ ਹਨ। ਉਨ੍ਹਾਂ ਦੱਸਿਆ ਕਿ ਇਸ ਡੇਅਰੀ ਸਿਖਲਾਈ ਕੋਰਸ ਵਿਚ ਡੇਅਰੀ ਫਾਰਮਰਜ਼ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਵੱਖ-ਵੱਖ ਵਿਸ਼ਿਆਂ ਦੇ ਮਾਹਰਾਂ ਵਲੋਂ ਪਸ਼ੂਆਂ ਦੀ ਸੰਭਾਲ, ਵੱਖ-ਵੱਖ ਬੀਮਾਰੀਆਂ, ਮਨਸੂਈ ਗਰਭਦਾਨ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ ਤਿਆਰ ਕਰਨ ਲਈ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਵੇਗੀ।
ਸ਼੍ਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਟ੍ਰੇਨਿੰਗ ਦੌਰਾਨ ਮਾਡਲ ਕੈਟਲ ਸ਼ੈਡਾਂ ਦੀ ਉਸਾਰੀ, ਤਕਨੀਕਾਂ ਤੇ ਸਬਸਿਡੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਕੋਰਸ ਕਰਨ ਲਈ ਕਾਊਂਸਲਿੰਗ 7 ਨਵੰਬਰ ਨੂੰ ਸਵੇਰੇ 10 ਵਜੇ ਦਫ਼ਤਰ ਇੰਚਾਰਜ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਫਗਵਾੜਾ ਵਿਖੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਟ੍ਰੇਨਿੰਗ ਲੈਣ ਦੇ ਚਾਹਵਾਨ 7 ਨਵੰਬਰ ਤੱਕ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਹੁਸ਼ਿਆਰਪੁਰ ਵਿਖੇ ਹਾਜ਼ਰ ਹੋ ਕੇ ਪ੍ਰੋਸਪੈਕਟਸ ਫਾਰਮ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੁਣੇ ਹੋਏ ਸਿਖਿਆਰਥੀ ਜਨਰਲ ਕੈਟਾਗਰੀ ਲਈ ਫੀਸ 5 ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਲਈ 4 ਹਜ਼ਾਰ ਰੁਪਏ ਹੋਵੇਗੀ।
ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰਾਪਤ ਕਰਨ ਉਪਰੰਤ ਸਿਖਿਆਰਥੀ ਜਨਰਲ ਕੈਟਾਗਰੀ 25 ਫੀਸਦੀ ਅਤੇ ਅਨੁਸੂਚਿਤ ਜਾਤੀ 33 ਫੀਸਦੀ ਤੱਕ 2 ਤੋਂ 20 ਦੁਧਾਰੂ ਪਸ਼ੂਆਂ ’ਤੇ ਸਬਸਿਡੀ ਪ੍ਰਾਪਤ ਕਰ ਸਕਦੇ ਹਨ। ਚਾਹਵਾਨ ਵਿਅਕਤੀ ਉਕਤ ਦਫ਼ਤਰ ਤੋਂ ਪ੍ਰੋਸਪੈਕਟਸ ਲੈ ਕੇ 7 ਨਵੰਬਰ ਤੱਕ ਆਪਣਾ ਬਿਨੈ ਪੱਤਰ ਚੋਣ ਲਈ ਦੇ ਸਕਦੇ ਹਨ। ਹੋਰ ਜਾਣਕਾਰੀ ਲਈ ਦਫ਼ਤਰ ਦੇ ਫੋਨ ਨੰਬਰ 01882-220025 ’ਤੇ ਸੰਪਰਕ ਕੀਤਾ ਜਾ ਸਕਦਾ ਹੈ।