ਕੈਨੇਡਾ ਦੀ ਸਾਬਕਾ ਐਮਪੀ ਨੀਨਾ ਗਰੇਵਾਲ ਦੀ ਪਟਿਆਲਾ ਸਥਿਤ ਕੋਠੀ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ: ਧਾਲੀਵਾਲ

ਪਟਿਆਲਾ (ਦ ਸਟੈਲਰ ਨਿਊਜ਼)। ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪਟਿਆਲਾ ਪੁੱਜ ਕੇ ਕੈਨੇਡਾ ਦੀ ਸਾਬਕਾ ਐਮ.ਪੀ. ਨੀਨਾ ਗਰੇਵਾਲ ਦੇ ਪੇਕਾ ਪਰਿਵਾਰ ਦਾ ਪਿਛਲੇ ਕਰੀਬ ਢਾਈ ਸਾਲ ਤੋਂ ਕਿਸੇ ਵਿਅਕਤੀ ਵੱਲੋਂ ਨਾਜਾਇਜ਼ ਕਬਜ਼ੇ ਹੇਠ ਦੱਬਿਆ ਜੱਦੀ ਘਰ ਛੁਡਵਾ ਕੇ ਘਰ ਦੇ ਦਸਤਾਵੇਜ਼ ਨੀਨਾ ਗਰੇਵਾਲ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸੌਂਪੇ।

Advertisements

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਦੀ ਰਾਖੀ ਕਰਨ ਸਮੇਤ ਪ੍ਰਵਾਸੀ ਭਾਰਤੀਆਂ ਦੇ ਨਾਲ ਸਬੰਧਤ ਸਾਰੇ ਮਸਲੇ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਵਚਨਬੱਧ ਹੈ ਅਤੇ ਕਿਸੇ ਵੀ ਐਨ.ਆਰ.ਆਈ ਦੀ ਇੱਕ ਇੱਟ ਵੀ ਦੱਬਣ ਨਹੀਂ ਦਿੱਤੀ ਜਾਵੇਗੀ।

ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਨੀਨਾ ਮਿੱਤਲ ਦੇ ਪਿਤਾ ਸਵਰਗੀ ਸ. ਨਿਹਾਲ ਸਿੰਘ ਢਿੱਲੋਂ ਦੇ ਪਰਿਵਾਰ ਦਾ ਇੱਥੇ ਸੇਵਕ ਕਲੋਨੀ ਸਥਿਤ ਜੱਦੀ ਘਰ, ਜੋਕਿ ਪਿਛਲੇ ਕਰੀਬ ਢਾਈ ਸਾਲਾਂ ਤੋਂ ਨਾਜਾਇਜ਼ ਕਬਜੇ ਹੇਠ ਸੀ ਅਤੇ ਪੰਜਾਬ ਸਰਕਾਰ ਵੱਲੋਂ ਦਰਖਾਸਤ ਮਿਲਣ ਤੋਂ ਬਾਅਦ 48 ਘੰਟਿਆਂ ‘ਚ ਖਾਲੀ ਕਰਵਾਉਣ ਦੀ ਕਾਰਵਾਈ ਮੁਕੰਮਲ ਹੋਣ ਉਪਰੰਤ, ਇਹ ਘਰ ਸਵਰਗੀ ਸ. ਢਿੱਲੋਂ ਦੀ ਸਪੁੱਤਰੀ ਨੀਨਾ ਗਰੇਵਾਲ ਤੇ ਨੂੰਹ ਪਰਵੀਰ ਢਿੱਲੋਂ ਨੂੰ ਅੱਜ ਕਬਜਾ ਸੌਂਪ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਨੀਨਾ ਗਰੇਵਾਲ ਕੈਨੇਡਾ ਦੀ ਪਹਿਲੀ ਸਿੱਖ ਮਹਿਲਾ ਮੈਂਬਰ ਪਾਰਲੀਮੈਂਟ ਤੇ ਪਹਿਲਾ ਸਿੱਖ ਪਤੀ-ਪਤਨੀ ਜੋੜਾ ਐਮ.ਪੀ. ਵੀ ਰਹਿ ਚੁੱਕੇ ਹਨ। ਨੀਨਾ ਗਰੇਵਾਲ ਕੈਨੇਡਾ ‘ਚ 4 ਵਾਰ ਐਮ.ਪੀ. ਰਹੇ ਤੇ ਉਨ੍ਹਾਂ ਦੇ ਪਤੀ ਗੁਰਬੰਤ ਸਿੰਘ ਗਰੇਵਾਲ 3 ਵਾਰ ਐਮ.ਪੀ. ਰਹੇ ਹਨ।

ਇਸ ਮੌਕੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐਨ.ਆਰ.ਆਈ. ਪੰਜਾਬੀਆਂ ਦੇ ਮਸਲਿਆਂ ਤੇ ਸ਼ਿਕਾਇਤਾਂ ਨੂੰ ਛੇਤੀ ਅਤੇ ਤਸੱਲੀਬਖ਼ਸ਼ ਢੰਗ ਨਾਲ ਹੱਲ ਕਰਨ ਲਈ ‘ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ ਕੀਤੇ ਗਏ ਹਨ, ਜਿਸ ਦੌਰਾਨ ਆਈਆਂ 623 ਸ਼ਿਕਾਇਤਾਂ ‘ਚੋਂ 50 ਫ਼ੀਸਦੀ ਤੋਂ ਵੱਧ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਤੇ ਹੋਰਨਾਂ ‘ਤੇ ਕਾਰਵਾਈ ਜਾਰੀ ਹੈ।

ਕੈਨੇਡਾ ਦੇ ਸਾਬਕਾ ਐਮ.ਪੀ. ਨੀਨਾ ਗਰੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੱਦੀ ਘਰ ਨਾਜਾਇਜ਼ ਕਬਜ਼ੇ ਹੇਠੋਂ ਛੁਡਵਾਉਣਾ ਇੱਕ ਬਹੁਤ ਵੱਡਾ ਹਾਂਪੱਖੀ ਸੁਨੇਹਾ ਹੈ ਕਿ ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਦੀ ਹਰ ਪੱਖੋਂ ਸੁਰੱਖਿਆ ਕਰਨ ਦੀ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਅ ਰਹੀ ਹੈ।

ਨੀਨਾ ਗਰੇਵਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਜਦੋਂ ਆਪਣਾ ਮਾਮਲਾ ਪੰਜਾਬ ਸਰਕਾਰ ਦੇ ਸਨਮੁੱਖ ਰੱਖਿਆ ਤਾਂ ਸਰਕਾਰ ਨੇ ਬਿਨ੍ਹਾਂ ਦੇਰੀ ਕੀਤਿਆਂ ਉਨ੍ਹਾਂ ਦੇ ਘਰ ਉਪਰ ਕਰੀਬ ਢਾਈ ਸਾਲਾਂ ਤੋਂ ਨਵਾਬ ਸਿੰਘ ਮਨੇਸ ਵੱਲੋਂ ਕੀਤਾ ਗਿਆ ਨਾਜਾਇਜ਼ ਕਬਜ਼ਾ ਛੁਡਵਾ ਕੇ ਸਾਡਾ ਜੱਦੀ ਘਰ ਸਾਨੂੰ ਮੁੜ ਤੋਂ ਦਿਵਾਇਆ ਹੈ ਅਤੇ ਵਿਅਕਤੀ ਖਿਲਾਫ਼ ਐਫ.ਆਈ.ਆਰ. ਵੀ ਦਰਜ਼ ਕਰ ਦਿੱਤੀ ਗਈ ਹੈ, ਜੋ ਕਿ ਹੁਣ ਜੇਲ ‘ਚ ਹੈ।

ਇਸ ਦੌਰਾਨ ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਵਰੁਣ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਡੀ.ਆਰ.ਓ. ਨਵਦੀਪ ਸਿੰਘ, ਡੀ.ਡੀ.ਪੀ.ਓ. ਅਮਨਦੀਪ ਕੌਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here