ਲਾਭਪਾਤਰੀਆਂ ਨੂੰ 7 ਕਰੋੜ 50 ਲੱਖ 64 ਹਜ਼ਾਰ ਰੁਪਏ ਦਾ ਲਾਭ ਮੁਹੱਈਆ ਕਰਵਾਇਆ ਗਿਆ: ਡਿਪਟੀ ਕਮਿਸ਼ਨਰ

ਫ਼ਾਜ਼ਿਲਕਾ (ਦ ਸਟੈਲਰ ਨਿਊਜ਼): ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ 1 ਜਨਵਰੀ 2017 ਤੋਂ ਲੈ ਕੇ ਹੁਣ ਤੱਕ ਗਰਭਵਤੀ ਔਰਤਾਂ ਅਤੇ ਦੁੱਧ ਪਿਆਉਂਦੀਆਂ ਨੂੰ 24312 ਮਾਵਾਂ ਨੂੰ 7 ਕਰੋੜ 50 ਲੱਖ 64 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਸੇ ਤਰ੍ਹਾਂ ਸਾਲ 2022-23 ਦੌਰਾਨ 3840 ਲਾਭਪਾਤਰੀਆਂ ਨੂੰ 84 ਲੱਖ 90 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆਂ ਕਰਵਾਈ ਗਈ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦਿੱਤੀ।

Advertisements

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਮੈਡਮ ਹਰਦੀਪ ਕੌਰ ਨੇ ਕਿਹਾ ਹੈ ਕਿ ਸਰਕਾਰ ਦੀਆਂ ਭਲਾਈ ਸਕੀਮਾਂ ਤੇ ਯੋਜਨਾਵਾਂ ਦਾ ਹਰੇਕ ਲੋੜਵੰਦ ਲਾਭਪਾਤਰੀ ਤੱਕ ਲਾਭ ਪੁੱਜਦਾ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਗਰਭਵਤੀ ਔਰਤਾਂ ਤੇ ਦੁੱਧ ਪਿਆਉਂਦੀਆਂ ਮਾਵਾਂ ਨੂੰ ਸਿਹਤ ਪੱਖੋਂ ਮਜ਼ਬੂਤੀ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਔਰਤਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਦੀ ਇਹ ਸਕੀਮ ਗਰਭਵਤੀ ਔਰਤਾਂ ਅਤੇ ਦੁੱਧ ਪਿਆਉਂਦੀਆਂ ਮਾਵਾਂ ਦੀ ਸਿਹਤ ਵਿੱਚ ਸੁਧਾਰ ਅਤੇ ਪੋਸ਼ਣ ਸੰਬੰਧੀ ਜਰੂਰਤਾਂ ਨੂੰ ਪੂਰਾ ਕਰਨ ਲਈ ਸ਼ੁਰੂ ਕੀਤੀ ਗਈ ਹੈ ਤਾਂ ਜੋ ਗਰਭ ਅਵਸਥਾ ਦੌਰਾਨ ਔਰਤ ਨੂੰ ਕੰਮ ਤੋਂ ਲਈ ਛੁੱਟੀ ਦੇ ਬਾਵਜੂਦ ਵੀ ਉਸਨੂੰ ਪੋਸ਼ਣ ਦੀਆਂ ਜਰੂਰਤਾਂ ਲਈ ਵਿਤ ਉਪਲਬਧ ਹੋ ਸਕੇ।

ਉਨ੍ਹਾਂ ਨੇ ਦੱਸਿਆ ਕਿ ਲਾਭਪਾਤਰੀਆਂ ਦੇ ਖਾਤੇ ਵਿੱਚ ਤਿੰਨ ਕਿਸਤਾਂ ਵਿੱਚ 5 ਹਜ਼ਾਰ ਰੁਪਏ ਮੁਹੱਈਆ ਕਰਵਾਏ ਜਾਂਦੇ ਹਨ। ਉਨਾਂ ਦੱਸਿਆ ਕਿ ਪਹਿਲੀ ਕਿਸ਼ਤ ਇੱਕ ਹਜ਼ਾਰ ਰੁਪਏ ਦੀ ਔਰਤ ਦੇ ਗਰਭਧਾਰਨ ਤੋਂ 150 ਦਿਨਾਂ ਦੇ ਅੰਦਰ-ਅੰਦਰ ਨੇੜਲੇ ਆਂਗਣਵਾੜੀ ਸੈਂਟਰ ਵਿੱਚ ਰਜਿਸਟ੍ਰੇਸਨਸ਼ਨ ਕਰਵਾਉਣ ਮਗਰੋਂ ਮਿਲਦੀ ਹੈ, ਜਦੋਂ ਕਿ ਦੋ ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਸਿਹਤ ਵਿਭਾਗ ਵੱਲੋਂ ਘੱਟੋ-ਘੱਟ ਗਰਭਅਵੱਸਥਾ ਵਿੱਚ ਇੱਕ ਚੈੱਕਅੱਪ ਤੇ ਅਤੇ ਦੋ ਹਜ਼ਾਰ ਰੁਪਏ ਦੀ ਤੀਜੀ ਤੇ ਆਖ਼ਰੀ ਕਿਸ਼ਤ ਬੱਚੇ ਦੇ ਜਨਮ ਤੋਂ ਬਾਅਦ ਇੱਕ ਗੇੜ ਦਾ ਟੀਕਾਕਰਨ ਪੂਰਨ ਕਰਨ ਉਪਰੰਤ ਮਿਲਦੀ ਹੈ।

ਉਨਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਅਤੇ ਵਧੇਰੇ ਜਾਣਕਾਰੀ ਲਈ ਆਪਣੇ ਆਂਗਣਵਾੜੀ ਵਰਕਰ ਨਾਲ ਜਾਂ ਦਫਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਸਰਕਾਰੀ ਨੌਕਰੀ ਜਾਂ ਕਰ ਦਾਤਾ ਨੂੰ ਨਹੀਂ ਦਿੱਤਾ ਜਾਂਦਾ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਨੇੜਲੇ ਆਂਗਣਵਾੜੀ ਸੈਂਟਰ ਨਾਲ ਰਾਬਤਾ ਕਾਇਮ ਰੱਖਣ।

LEAVE A REPLY

Please enter your comment!
Please enter your name here