ਸ਼ਹੀਦ ਜਵਾਨ ਸਹਿਜਪਾਲ ਦਾ ਜੱਦੀ ਪਿੰਡ ਰੰਧਾਵਾ ‘ਚ ਸੈਨਿਕ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ

ਸਮਾਣਾ/ਪਟਿਆਲਾ, (ਦ ਸਟੈਲਰ ਨਿਊਜ਼)। ਬੀਤੇ ਦਿਨ ਅਰੁਣਾਚਲ ਪ੍ਰਦੇਸ਼ ਵਿਖੇ ਚੀਨ ਦੀ ਸਰਹੱਦ ਉਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦਿਆਂ, ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਸਮਾਣਾ ਹਲਕੇ ਦੇ ਪਿੰਡ ਰੰਧਾਵਾ ਨਿਵਾਸੀ ਅਤੇ ਭਾਰਤੀ ਫ਼ੌਜ ਦੇ ਨੌਜਵਾਨ ਸੈਨਿਕ ਸਹਿਜਪਾਲ ਸਿੰਘ (27 ਸਾਲ) ਦੇ ਅੰਤਿਮ ਸਸਕਾਰ ਮੌਕੇ ਸਾਰਾ ਪਿੰਡ ਤੇ ਇਲਾਕਾ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਪਰਿਵਾਰ ਦੀ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਏ ਹਰ ਸ਼ਖ਼ਸ ਨੇ ਭਾਵੁਕ ਹੁੰਦਿਆਂ ਸੇਜਲ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ। ਸ਼ਹੀਦ ਦੇ ਮਾਪਿਆਂ ਅਮਰਜੀਤ ਸਿੰਘ-ਪਰਮਜੀਤ ਕੌਰ ਤੇ ਭਰਾ ਫ਼ੌਜੀ ਜਵਾਨ ਅੰਮ੍ਰਿਤਪਾਲ ਸਿੰਘ ਨੇ ਸ਼ਹੀਦ ਸਹਿਜਪਾਲ ਸਿੰਘ ਨੂੰ ਸਲਿਊਟ ਕਰਕੇ ਸਲਾਮੀ ਦਿੱਤੀ। ਅਰੁਣਾਚਲ ਪ੍ਰਦੇਸ਼ ਤੋਂ ਵਾਪਸ ਲਿਆਉਣ ਬਾਅਦ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਨੂੰ ਇੱਕ ਵੱਡੇ ਕਾਫ਼ਲੇ ਨਾਲ ਪਿੰਡ ਰੰਧਾਵਾ ਵਿਖੇ ਲਿਆਂਦਾ ਗਿਆ। ਪਰਿਵਾਰ ਨੇ ਨਮ ਅੱਖਾਂ ਨਾਲ ਸ਼ਹੀਦ ਦੇ ਸਿਰ ‘ਤੇ ਸਿਹਰਾ ਸਜਾਇਆ ਅਤੇ ਇਸ ਮਗਰੋਂ ਪੂਰੇ ਫ਼ੌਜੀ ਸਨਮਾਨਾਂ ਸਮੇਤ ਧਾਰਮਿਕ ਰਹੁ ਰੀਤਾਂ ਨਾਲ ਜਵਾਨ ਸਹਿਜਪਾਲ ਸਿੰਘ ਦੀ ਚਿਖਾ ਨੂੰ ਅਗਨੀ ਦਿਖਾਈ ਗਈ।

Advertisements

ਸ਼ਹੀਦ ਸਹਿਜਪਾਲ ਸਿੰਘ ਦੇ ਅੰਤਿਮ ਸਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫ਼ੋਂ ਸੂਬੇ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸ਼ਹੀਦ ਦੀ ਦੇਹ ‘ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਚੇਤਨ ਸਿੰਘ ਜੌੜਾਮਾਜਰਾ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਮੁੱਖ ਮੰਤਰੀ ਭਗਵੰਤ ਮਾਨ, ਉਹ ਖ਼ੁਦ ਅਤੇ ਪੰਜਾਬ ਸਰਕਾਰ ਦੁਖੀ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਸਰਕਾਰ ਵੱਲੋਂ ਸ਼ਹੀਦ ਦੇ ਸਨਮਾਨ ਅਤੇ ਸਤਿਕਾਰ ਵਜੋਂ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਭਾਰਤੀ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਪਟਿਆਲਾ ਮਿਲਟਰੀ ਸਟੇਸ਼ਨ ਦੇ ਕੈਪਟਨ ਸੰਜੀਵ ਨਾਗ ਤੇ 20 ਪੰਜਾਬ ਤੋਂ ਆਏ ਨਾਇਬ ਸੂਬੇਦਾਰ ਰਣਜੀਤ ਸਿੰਘ ਨੇ ਸ਼ਹੀਦ ਦੇ ਸਰੀਰ ‘ਤੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੇ ਮਾਪਿਆਂ ਨੂੰ ਸੌਂਪਕੇ ਸਲਿਊਟ ਕੀਤਾ।

ਇਸ ਦੌਰਾਨ ਭਾਰਤੀ ਫ਼ੌਜ ਦੀ ਤਰਫ਼ੋਂ ਪਟਿਆਲਾ ਸਟੇਸ਼ਨ ਤੋਂ ਕੈਪਟਨ ਸੰਜੀਵ ਨਾਗ ਸਮੇਤ ਹੋਰ ਅਧਿਕਾਰੀਆਂ ਨੇ ਰੀਥ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ। ਜਦੋਂਕਿ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਤੇ ਸੁਰਜੀਤ ਸਿੰਘ ਰੱਖੜਾ, ਗੁਰਦੇਵ ਸਿੰਘ ਟਿਵਾਣਾ ਤੇ ਸੁਰਜੀਤ ਸਿੰਘ ਫ਼ੌਜੀ ਨੇ ਵੀ ਰੀਥ ਰੱਖੀ। ਕਾਰਜਕਾਰੀ ਡਿਪਟੀ ਕਮਿਸ਼ਨਰ ਅਦਿੱਤਿਆ ਉਪਲ ਦੀ ਤਰਫ਼ੋਂ ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ, ਐਸ.ਐਸ.ਪੀ. ਵਰੁਣ ਸ਼ਰਮਾ ਦੀ ਤਰਫ਼ੋਂ ਡੀ.ਐਸ.ਪੀ. ਸੁੱਖਅੰਮ੍ਰਿਤ ਰੰਧਾਵਾ, ਐਸ.ਐਚ.ਓ. ਅੰਕੁਰਦੀਪ ਸਿੰਘ, ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਤਹਿਸੀਲਦਾਰ ਰਣਜੀਤ ਸਿੰਘ, 20 ਪੰਜਾਬ ਦੇ ਸਾਬਕਾ ਕੈਪਟਨ ਦਲੇਰ ਸਿੰਘ ਤੇ ਨਿਰਭੈ ਸਿੰਘ ਸਮੇਤ ਸੂਬੇਦਾਰ ਬਲਵਿੰਦਰ ਸਿੰਘ ਨੇ ਵੀ ਰੀਥਾਂ ਰੱਖੀਆਂ।

ਜਿਕਰਯੋਗ ਹੈ ਕਿ 15 ਮਾਰਚ 1996 ਨੂੰ ਪਿਤਾ ਅਮਰਜੀਤ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ ਪੈਦਾ ਹੋਇਆ ਜਵਾਨ ਸਹਿਜਪਾਲ ਸਿੰਘ ਭਾਰਤੀ ਫ਼ੌਜ ‘ਚ 22 ਦਸੰਬਰ 2015 ਨੂੰ ਭਰਤੀ ਹੋਇਆ ਸੀ, ਸਿਖਲਾਈ ਪੂਰੀ ਕਰਨ ਤੋਂ ਬਾਅਦ ਉਸਨੇ 20 ਪੰਜਾਬ ਰੈਜੀਮੈਂਟ ਜੁਆਇਨ ਕੀਤੀ। ਇਸ ਸਮੇਂ ਉਸਦੀ ਪੋਸਟਿੰਗ ਅਰੁਣਾਚਲ ਪ੍ਰਦੇਸ਼ ਵਿਖੇ ਕਿਬਿੱਥੂ ਪਿੰਡ ਨੇੜੇ ਚੀਨ ਸਰਹੱਦ ‘ਤੇ ਸੀ ਅਤੇ ਉਹ ਬੀਤੇ ਦਿਨੀਂ ਚਾਇਨਾ ਬਾਰਡਰ ‘ਤੇ ਆਪਣੇ ਸਾਥੀਆਂ ਨਾਲ ਗਸ਼ਤ ਕਰ ਰਿਹਾ ਸੀ, ਜਿੱਥੇ ਉਹ ਸ਼ਹੀਦ ਹੋ ਗਿਆ। ਸ਼ਹੀਦ ਦੇ ਪਿਤਾ ਅਮਰਜੀਤ ਸਿੰਘ, ਮਾਤਾ ਪਰਮਜੀਤ ਕੌਰ ਤੇ ਭਰਾ ਅੰਮ੍ਰਿਤਪਾਲ ਸਿੰਘ ਜੋਕਿ 17 ਪੰਜਾਬ ਰੈਜਿਮੈਂਟ ਵਿਖੇ ਸੇਵਾ ਨਿਭਾ ਰਿਹਾ ਹੈ, ਸਮੇਤ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹੀਦ ਸਹਿਜਪਾਲ ਸਿੰਘ ਦੀ ਸ਼ਹਾਦਤ ਉਤੇ ਮਾਣ ਹੈ। ਉਨ੍ਹਾਂ ਕਿਹਾ ਕਿ ਸਹਿਜਪਾਲ ਦੀ ਪ੍ਰੇਰਣਾ ਸਦਕਾ ਪਿੰਡ ਦੇ ਇੱਕ ਦਰਜਨ ਤੋਂ ਵਧੇਰੇ ਨੌਜਵਾਨ ਭਾਰਤੀ ਫ਼ੌਜ ਵਿੱਚ ਭਰਤੀ ਹੋਏ ਹਨ। ਸ਼ਹੀਦ ਦੇ ਸਸਕਾਰ ਸਮੇਂ ਭਾਰਤੀ ਸੈਨਾ, ਪੰਜਾਬ ਸਰਕਾਰ, ਜ਼ਿਲ੍ਹਾ ਪਟਿਆਲਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਸਮੇਤ ਸਿਆਸੀ, ਸਮਾਜਿਕ, ਧਾਰਮਿਕ ਸੰਸਥਾਵਾਂ ਵੱਲੋਂ ਹਾਜ਼ਰ ਹੋਈਆਂ ਅਹਿਮ ਸ਼ਖ਼ਸੀਅਤਾਂ ਅਤੇ ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਆਮ ਲੋਕਾਂ ਨੇ ਸ਼ਹੀਦ ਨੂੰ ‘ਸ਼ਹੀਦ ਸਹਿਜਪਾਲ ਸਿੰਘ ਅਮਰ ਰਹੇ’ ਦੇ ਨਾਅਰੇ ਲਾਉਂਦਿਆਂ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।

LEAVE A REPLY

Please enter your comment!
Please enter your name here