ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਮਿਸ਼ਨਰ ਨਗਰ ਨਿਗਮ ਹੁਸਿਆਰਪੁਰ ਡਾ. ਅਮਨਦੀਪ ਕੌਰ ਨੇ ਨਗਰ ਨਿਗਮ ਦੇ ਵੱਖ–ਵੱਖ ਅਧਿਕਾਰੀਆਂ ਨਾਲ ਆਪਣੇ ਦਫਤਰ ਵਿਖੇ ਸ਼ਹਿਰ ਦੀ ਸਾਫ-ਸਫਾਈ, ਸੁੰਦਰਤਾ ਅਤੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਵਰਗੇ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਮੀਟਿੰਗ ਵਿਚ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ, ਚੌਕਾਂ ਅਤੇ ਐਂਟਰੀ ਪੁਆਇੰਟਾਂ ਦੀ ਸਾਫ-ਸਫਾਈ ਅਤੇ ਸੁੰਦਰੀਕਰਨ ਲਈ ਸਪੈਸਲ ਟੀਮ ਗਠਿਤ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ, ਜੋ ਮਿਤੀ ਬੱਧ ਤਰੀਕੇ ਨਾਲ ਇਨ੍ਹਾਂ ਦੀ ਸਾਫ-ਸਫਾਈ ਅਤੇ ਸੁੰਦਰੀਕਰਨ ਦੇ ਕੰਮ ਨੂੰ ਕਰੇਗੀ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਬਾਈਪਾਸ (ਕੇ.ਐਫ.ਸੀ ਪੁਆਇੰਟ) ਅਤੇ ਬਾਬਾ ਦੀਪ ਸਿੰਘ ਚੌਕ ’ਤੇ ਲੱਗੇ ਕੂੜੇ ਦੇ ਢੇਰਾਂ ਨੂੰ ਵਾਰ-ਵਾਰ ਸਾਫ ਕਰਵਾਇਆ ਜਾਂਦਾ ਹੈ, ਪਰ ਲੋਕਾਂ ਵੱਲੋਂ ਇਥੇ ਕੂੜੇ ਨੂੰ ਦੁਬਾਰਾ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਸ਼ਹਿਰ ਦੇ ਐਂਟਰੀ ਪੁਆਇੰਟ ਗੰਦੇ ਰਹਿਣ ਕਰਕੇ ਸ਼ਹਿਰ ਦੀ ਦਿੱਖ ’ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਇਨ੍ਹਾਂ ਥਾਵਾਂ ’ਤੇ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ, ਜੋ ਇਨ੍ਹਾਂ ਥਾਵਾਂ ’ਤੇ ਕੂੱੜਾ ਨਾ ਸੁੱਟਣ ਸਬੰਧੀ ਪ੍ਰੇਰਿਤ ਕਰਨ ਲਈ ਉਨ੍ਹਾਂ ਨੂੰ ਹਾਰ ਪਹਿਨਾ ਕੇ ਅਤੇ ਗੁਲਾਬ ਦਾ ਫੁੱਲ ਦੇ ਕੇ ਧੰਨਵਾਦ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸ਼ਹਿਰ ਦੀ ਸਾਫ-ਸਫਾਈ, ਸੁੰਦਰੀਕਰਨ ਅਤੇ ਟ੍ਰੈਫਿਕ ਦੀ ਸੱਮਸਿਆ ਤਂੋ ਨਿਜ਼ਾਤ ਪਾਉਣ ਲਈ ਅਧਿਕਾਰਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਕਿਸੇ ਪ੍ਰਾਈਵੇਟ ਕੰਪਨੀ ਨੂੰ ਹਾਇਰ ਕਰੇ ਜੋ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਅਤੇ ਸੁੰਦਰੀਕਰਨ ਲਈ ਇਕ ਪੂਰਨ ਯੋਜਨਾ ਤਿਆਰ ਕਰਕੇ ਦੇਣ, ਤਾਂ ਜੋ ਉਸ ਅਨੁਸਾਰ ਸ਼ਹਿਰ ਅੰਦਰ ਇਨ੍ਹਾਂ ਮੁੱਦਿਆਂ ’ਤੇ ਕੰਮ ਕੀਤਾ ਜਾ ਸਕੇ । ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਪਾਣੀ ਦੀ ਖਪਤ ਵੱਧ ਜਾਂਦੀ ਹੈ ਅਤੇ ਆਮ ਪਬਲਿਕ ਨੂੰ ਨਿਰਵਿਘਨ ਸਵੱਛ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਣੀ ਯਕੀਨੀ ਬਣਾਈ ਜਾਣੀ ਹੈ। ਇਸ ਲਈ ਮੌਕੇ ’ਤੇ ਹਾਜ਼ਰ ਅਧਿਕਾਰਿਆਂ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਵਿਚ ਸਾਫ ਪਾਣੀ ਦੀ ਨਿਰਵਿਘਨ ਸਪਲਾਈ ਲਈ ਸਾਰੇ ਟਿਉਬਵੈਲਾਂ ਦੀ ਕਲੋਰੀਨੇਸ਼ਨ ਕੀਤੀ ਜਾਵੇ। ਇਸ ਤੋਂ ਇਲਾਵਾ ਸ਼ਹਿਰ ਵਿਚ ਜਿਨ੍ਹਾਂ ਵਿਅਕਤੀਆਂ ਵੱਲੋਂ ਪਾਣੀ ਨਾਲ ਗੱਡੀਆਂ, ਵਿਹੜੇ ਅਤੇ ਥੜੇ ਧੋਤੇ ਜਾਂਦੇ ਹਨ ਉਨ੍ਹਾਂ ਦਾ ਚਲਾਨ ਕੱਟ ਕੇ ਜ਼ੁਰਮਾਨਾ ਵਸੂਲ ਕੀਤਾ ਜਾਵੇ।
ਮੌਕੇ ਇਕ ਪੈਟਰੋਲਿੰਗ ਪਾਰਟੀ ਦਾ ਗਠਨ ਕੀਤਾ ਗਿਆ ਜੋ ਕਿਸੇ ਵੀ ਸਮੇਂ ਕਿਸੇ ਵੀ ਏਰੀਏ ਦੀ ਪੈਟਰੋਲਿੰਗ ਕਰਕੇ ਪਾਣੀ ਦੀ ਦੁਰਵਰਤੋਂ ਕਰਨ ਵਾਲੇ ਵਿਅਕਤੀਆਂ ਨੂੰ ਫੜ ਕੇ ਉਨ੍ਹਾਂ ਦਾ ਚਲਾਨ ਕੱਟੇਗੀ। ਨਗਰ ਨਿਗਮ ਵੱਲਂੋ ਪਬਲਿਕ ਦੀ ਸਹੂਲਤ ਲਈ ਇੱਕ ਅਹਿਮ ਉਪਰਾਲਾ ਕਰਦੇ ਹੋਏ ਨਗਰ ਨਿਗਮ ਵਿਖੇ ਜੇਕਰ ਕਿਸੇ ਵੀ ਏਰੀਏ ਵਿਚ ਪਾਣੀ ਦੀ ਕਿਸੇ ਵੀ ਤਰਾਂ ਦੀ ਸਮੱਸਿਆ ਹੋਵੇ ਤਾਂ ਇਸ ਸੰਬਧੀ ਸ਼ਿਕਾਇਤ ਸੈੱਲ ਸਥਾਪਿਤ ਕੀਤਾ ਗਿਆ ਹੈ, ਜਿਥੇ ਟੈਲੀਫੋਨ ਨੰਬਰ 01882-229687 ਲਗਾਇਆ ਗਿਆ ਹੈ ਅਤੇ ਕੋਈ ਵੀ ਵਿਅਕਤੀ ਸਵੇਰੇ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਇਸ ਟੈਲੀਫੋਨ ’ਤੇ ਪਾਣੀ ਨਾ ਆਉਣ, ਪਾਣੀ ਘੱਟ ਆਉਣ ਜਾਂ ਪਾਣੀ ਮਿਕਸ ਆਉਣ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਪਾਣੀ ਦੀ ਦੁਰਵਰਤੋ ਸੰਬਧੀ ਸੂਚਨਾ ਇਸ ਦਫਤਰ ਦੀ ਈ-ਮੇਲ eomchsp0gmail.com ’ਤੇ ਭੇਜ ਸਕਦਾ ਹੈ, ਸੂਚਨਾਕਾਰ ਦੇ ਵੇਰਵੇ ਗੁਪਤ ਰੱਖੇ ਜਾਣਗੇ।