ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਪ੍ਰਾਪਰਟੀ ਟੈਕਸ, ਵਾਟਰ ਸਪਲਾਈ ਅਤੇ ਸੀਵਰੇਜ ਦੇ ਬਿੱਲਾਂ ਦੀ ਕੁਲੈਕਸ਼ਨ ਸ਼ੁਰੂ ਹੋ ਗਈ ਹੈ। ਇਸ ਕੰਮ ਲਈ ਨਗਰ ਨਿਗਮ ਦਫ਼ਤਰ ਵਿਖੇ ਕਾਊਂਂਟਰ ਸਥਾਪਿਤ ਕੀਤੇ ਗਏ ਹਨ, ਜਿਥੇ ਕਿ ਲੋਕ ਕੰਮਕਾਜ਼ ਵਾਲੇ ਦਿਨ ਆ ਕੇ ਆਪਣਾ ਪ੍ਰਾਪਰਟੀ ਟੈਕਸ ਚਾਲੂ ਸਾਲ ਦਾ 10 ਫੀਸਦੀ ਰਿਬੇਟ ਨਾਲ ਅਤੇ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਅਦਾਇਗੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 13 ਜੁਲਾਈ 2024 ਦਿਨ ਸ਼ਨੀਵਾਰ ਨੂੰ ਪ੍ਰਾਪਰਟੀ ਟੈਕਸ ਅਤੇ ਪਾਣੀ ਤੇ ਸੀਵਰੇਜ਼ ਦੇ ਕਾਊਂਂਟਰ ਖੁੱਲ੍ਹੇ ਰੱਖੇ ਗਏ ਸੀ, ਜਿਸ ਤੋਂ ਪ੍ਰਾਪਰਟੀ ਟੈਕਸ ਦੀ 24000 ਰੁਪਏ ਕੁਲੈਕਸ਼ਨ ਕੀਤੀ ਗਈ ਅਤੇ ਪਾਣੀ ਤੇ ਸੀਵਰੇਜ ਦੀ 27500 ਰੁਪਏ ਕੁਲੈਕਸ਼ਨ ਹੋਈ।
ਇਸ ‘ਤੇ ਉਨ੍ਹਾਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਸ਼ਨੀਵਾਰ ਨੂੰ ਵੀ ਪ੍ਰਾਪਰਟੀ ਟੈਕਸ ਅਤੇ ਪਾਣੀ ਤੇ ਸੀਵਰੇਜ ਦੀ ਅਦਾਇਗੀ ਲਈ ਜੋ ਕਾਊਂਟਰ ਖੋਲ੍ਹੇ ਗਏ ਹਨ, ਉਨ੍ਹਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ 20 ਜੁਲਾਈ ਅਤੇ 27 ਜੁਲਾਈ 2024 ਦਿਨ ਸ਼ਨੀਵਾਰ ਨੂੰ ਪ੍ਰਾਪਰਟੀ ਟੈਕਸ ਅਤੇ ਪਾਣੀ ਤੇ ਸੀਵਰੇਜ ਦੇ ਕੈਸ਼ ਕਾਊਂਟਰ ਖੁੱਲ੍ਹੇ ਰਹਿਣਗੇ, ਜਿਥੇ ਕਿ ਲੋਕ ਆਪਣਾ ਟੈਕਸ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਜਮ੍ਹਾ ਕਰਵਾ ਸਕਦੇ ਹਨ। ਜਿਨ੍ਹਾਂ ਸ਼ਹਿਰ ਵਾਸੀਆਂ ਵੱਲੋਂ ਆਪਣਾ ਬਣਦਾ ਪ੍ਰਾਪਰਟੀ ਟੈਕਸ ਅਤੇ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਗਈ, ਉਹ ਜਲਦ ਤੋਂ ਜਲਦ ਆਪਣਾ ਬਣਦਾ ਟੈਕਸ ਅਤੇ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਅਦਾਇਗੀ ਕਰਨ।ਜਿਨ੍ਹਾਂ ਅਸੈਸੀ ਵੱਲੋਂ ਆਪਣਾ ਪ੍ਰਾਪਰਟੀ ਟੈਕਸ ਅਤੇ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਉਨ੍ਹਾਂ ਨੂੰ ਪੀ.ਐਮ.ਸੀ ਐਕਟ 1976 ਦੀ ਧਾਰਾ ਅਧੀਨ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।