ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿੱਚ ਬਹੁਤ ਹੀ ਦਰਦਨਾਕ ਹਾਦਸਾ ਹੋਣ ਹੀ ਸੂਚਨਾ ਮਿਲੀ ਹੈ। ਜਿੱਥੇ ਕਿ ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਲੰਗਰ ਦੀ ਸੇਵਾ ਕਰ ਰਿਹਾ ਇੱਕ ਵਿਅਕਤੀ ਕੜਾਹੇ ਵਿੱਚ ਡਿੱਗ ਗਿਆ। ਜਾਣਕਾਰੀ ਮੁਤਾਬਕ ਲੰਗਰ ਹਾਲ ਵਿੱਚ ਵੱਡੇ ਕੜਾਹੇ ਦੇ ਵਿੱਚ ਲੰਗਰ ਲਈ ਆਲੂਆਂ ਦੀ ਸਬਜ਼ੀ ਬਣ ਰਹੀ ਸੀ, ਅਚਾਨਕ ਸਬਜ਼ੀ ਬਣਾ ਰਿਹਾ ਸੇਵਾਦਾਰ ਉਸ ਵਿੱਚ ਜਾ ਡਿੱਗਾ। ਜ਼ਖ਼ਮੀ ਦੀ ਪਹਿਚਾਣ ਸੇਵਾਦਾਰ ਬਲਬੀਰ ਸਿੰਘ ਵਾਸੀ ਧਾਲੀਵਾਲ, ਗੁਰਦਾਸਪੁਰ ਵਜੋਂ ਹੋਈ ਹੈ।
ਉਹ ਪਿਛਲੇ ਦਸ ਸਾਲਾਂ ਤੋਂ ਹਰਿਮੰਦਰ ਸਾਹਿਬ ਵਿਖੇ ਸੇਵਾ ਲਈ ਆ ਰਹੇ ਸਨ। ਇਸ ਮੌਕੇ ਹੋਰ ਸੇਵਾਦਾਰਾਂ ਨੇ ਦੱਸਿਆ ਕਿ ਆਲੂ ਉਬਾਲਣ ਸਮੇਂ ਕੜਾਹੀ ਤੇ ਝੱਗ ਨਜ਼ਰ ਆਉਂਦੀ ਹੈ, ਜਿਸ ਨੂੰ ਬਲਬੀਰ ਸਿੰਘ ਸਾਫ਼ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਦਾ ਪੈਰ ਤਿਲਕਿਆ ਅਤੇ ਉਹ ਸਿੱਧਾ ਕੜਾਹੇ ਵਿਚ ਜਾ ਡਿੱਗੇ। ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਬਲਬੀਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ 70 ਫੀਸਦੀ ਸੜ ਚੁੱਕੇ ਹਨ।