ਪਟਿਆਲਾ (ਦ ਸਟੈਲਰ ਨਿਊਜ਼)। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸਾਇਨਾ ਕਪੂਰ ਨੇ ਦੱਸਿਆ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵੱਲੋਂ ਦੇਸ਼ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਯੋਜਨਾ ਅਧੀਨ ਬਹਾਦਰ ਬੱਚਿਆਂ ਨੂੰ ਪੁਰਸਕਾਰ ਦਿੱਤਾ ਜਾਣਾ ਹੈ। ਇਹ ਪੁਰਸਕਾਰ ਉਨ੍ਹਾਂ ਬੱਚਿਆਂ ਨੂੰ ਦਿੱਤੇ ਜਾਂਦੇ ਹਨ ਜੋ ਬਹਾਦਰੀ, ਖੇਡਾਂ, ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ, ਕਲਾ ਅਤੇ ਸੱਭਿਆਚਾਰ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਰਾਸ਼ਟਰੀ ਪੱਧਰ ‘ਤੇ ਮਾਨਤਾ ਦੇ ਹੱਕਦਾਰ ਹਨ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਪਲਾਈ ਕਰਨ ਲਈ ਵਿਭਾਗ ਵੱਲੋਂ ਆਨ ਲਾਈਨ ਪੋਰਟਲ http://award.gov.in ਬਣਾਇਆ ਗਿਆ ਹੈ ਜਿਸ ਵਿੱਚ ਪੁਰਸਕਾਰ ਲਈ ਅਪਲਾਈ ਕਰਨ ਸਬੰਧੀ ਗਾਇਡਲਾਈਨਜ ਜਾਰੀ ਕੀਤੀਆਂ ਗਈਆਂ ਹਨ। ਇਸ ਵਿੱਚ ਕੇਵਲ ਉਹ ਹੀ ਬੱਚਾ ਅਪਲਾਈ ਕਰ ਸਕਦਾ ਹੈ ਜਿਸ ਦੀ ਉਮਰ 15 ਸਤੰਬਰ 2024 ਨੂੰ 5 ਸਾਲ ਤੋਂ ਵੱਧ ਅਤੇ 18 ਸਾਲ ਤਕ ਹੋਵੇ। ਇਸ ਪੁਰਸਕਾਰ ਲਈ ਬੱਚਿਆਂ ਵੱਲੋਂ ਆਪ ਵੀ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਬੱਚੇ ਦੇ ਮਾਤਾ-ਪਿਤਾ, ਸਕੂਲੀ ਅਧਿਆਪਕ, ਅਧਿਕਾਰੀ ਆਦਿ ਵੀ ਅਪਲਾਈ ਕਰ ਸਕਦੇ ਹਨ। ਇਸ ਨੂੰ ਅਪਲਾਈ ਕਰਨ ਦੀ ਅੰਤਿਮ ਮਿਤੀ 15 ਸਤੰਬਰ 2024 ਤੱਕ ਹੈ।