ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਜ਼ਿਲ੍ਹਾ ਮੰਡੀ ਅਫ਼ਸਰ ਦੇ ਸਟਾਫ਼ ਨੇ ਬਾਹਰੋਂ ਲਿਆਂਦੇ ਗਏ ਪਰਮਲ ਝੋਨੇ ਦਾ ਇੱਕ ਟਰੱਕ ਫੜ੍ਹ ਕੇ ਪੁਲਿਸ ਹਵਾਲੇ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਤੋਂ ਬਾਹਰੋਂ ਆ ਰਹੇ ਅਣਅਧਿਕਾਰਤ ਝੋਨੇ ਅਤੇ ਚਾਵਲ ਦੀ ਚੈਕਿੰਗ ਕਰਨ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਹੁਕਮਾਂ ਅਨੁਸਾਰ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਵਲੋਂ ਵੱਖ ਵੱਖ ਮਾਰਕਿਟ ਕਮੇਟੀ ਦੇ ਸਟਾਫ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।ਇਸੇ ਦੌਰਾਨ ਗੁਰਮਾਣਕ ਸਿੰਘ ਮੰਡੀ ਸੁਪਵਾਈਜਰ ਨਾਭਾ ਅਤੇ ਟੀਮ ਵਲੋਂ ਅੱਜ ਬੰਦਾ ਸਿੰਘ ਬਹਾਦਰ ਚੌਕ ਸਮਾਣਾ ਵਿਖੇ ਅਚਨਚੇਤ ਚੈਂਕਿੰਗ ਦੌਰਾਨ ਇੱਕ ਟਰੱਕ ਰੋਕਿਆ ਗੱਡੀਆਂ ਦੇ ਡਰਾਇਵਰਾਂ ਤੋਂ ਬਿੱਲ-ਬਿਲਟੀਆਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕੋਲ ਬਿੱਲ-ਬਿਲਟੀਆਂ ਸਨ।
ਡੀ.ਐਮ.ਓ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਗੱਡੀਆਂ ‘ਤੇ ਬਣਦੀ ਮਾਰਕਿਟ ਫੀਸ ਅਤੇ ਪੰਜਾਬ ਮੰਡੀ ਬੋਰਡ ਦੇ ਟੋਕਨ ਬਾਰੇ ਪੁੱਛਿਆ ਗਿਆ ਤਾਂ ਇਹਨਾਂ ਵੱਲੋਂ ਨਾਂ ਕੋਈ ਫੀਸ ਦੀ ਰਸੀਦ ਅਤੇ ਪੰਜਾਬ ਮੰਡੀ ਬੋਰਡ ਦਾ ਟੋਕਨ ਪ੍ਰਾਪਤ ਨਹੀ ਹੋਇਆ। ਇਸ ਸਬੰਧੀ ਮਾਰਕਿਟ ਕਮੇਟੀ ਮੋਗਾ ਨੂੰ ਮੈਸ ਤਿਰੀਮੂਰਤੀ ਗ੍ਰਾਮ ਟਰੇਡਿੰਗ ਕੰਪਨੀ ਮੋਗਾ ਬੈਰੀਅਰ ਰਿਪੋਰਟ ਭੇਜੀ ਗਈ ਜਿਸ ਦਾ ਜਵਾਬ ਪ੍ਰਾਪਤ ਹੋਇਆ ਕਿ ਇਹ ਫਰਮ ਲਾਇਸੰਸੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਪੰਜਾਬ ਰਾਜ ਵਿੱਚ ਅਗਰ ਕਿਸੇ ਪ੍ਰਕਾਰ ਦਾ ਅਨਾਜ ਲਿਆਇਆ ਜਾਂਣਾ ਹੈ ਤਾਂ ਉਸ ਦਾ ਬੀ਼ਟੀ਼ਐਸ ਟੋਕਨ ਹੋਣਾ ਜਰੂਰੀ ਹੈ ਪਰ ਇਹ ਗੱਡੀ ਸ਼ੱਕੀ ਜਾਪੀ ਅਤੇ ਇਸ ਵਿੱਚ ਪਰਮਲ ਜੀਰੀ ਪਾਈ ਗਈ ਹੈ।ਇਸ ਲਈ ਇਸ ਮਾਮਲੇ ਵਿੱਚ ਪੁਲਿਸ ਕੇਸ ਦਰਜ ਕਰਵਾਉਣ ਲਈ ਥਾਣਾ ਸਿਟੀ ਸਮਾਣਾ ਨੂੰ ਲਿਖਤੀ ਪੱਤਰ ਭੇਜਿਆ ਗਿਆ ਹੈ।
ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਤੋਂ ਬਾਹਰੋਂ ਆ ਰਹੇ ਅਣਅਧਿਕਾਰਤ ਝੋਨੇ ਅਤੇ ਚਾਵਲ ਦੀ ਚੈਕਿੰਗ ਲਗਾਤਾਰ ਜਾਰੀ ਰਹੇਗੀ।