ਲੋਕ ਸਭਾ ਚੋਣਾਂ : ਕਰੀਬ 2 ਲੱਖ ਮਿਲੀ ਲੀਟਰ ਨਜਾਇਜ਼ ਸ਼ਰਾਬ ਜ਼ਬਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਪ੍ਰੀਤੀ ਪਰਾਸ਼ਰ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੀ ਅਗਵਾਈ ਵਾਲੇ ਜ਼ਿਲਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਨਸ਼ਿਆਂ ਖਿਲਾਫ ਇਕ ਵੱਡੀ ਕਾਰਵਾਈ ਕਰਦਿਆਂ ਜਿਥੇ ਹੁਣ ਤੱਕ 2 ਕਰੋੜ 98 ਲੱਖ ਰੁਪਏ ਦੇ ਨਸ਼ੀਲੇ ਪਦਾਰਥ ਸਮੇਤ ਹੋਰ ਗੈਰ-ਕਾਨੂੰਨੀ ਪਦਾਰਥ ਜ਼ਬਤ ਕੀਤਾ ਗਿਆ ਹੈ, ਉਥੇ ਬੀਤੀ ਰਾਤ 1 ਲੱਖ 86 ਹਜ਼ਾਰ 750 ਮਿਲੀ ਲੀਟਰ ਨਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ।

Advertisements

ਜਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਫਲਾਇੰਗ ਸੁਕਾਇਡ ਟੀਮ ਅਤੇ ਸਟੈਟਿਕ ਸਰਵੇਲੈਂਸ ਟੀਮ ਨੇ ਸੂਚਨਾ ਦੇ ਅਧਾਰ ‘ਤੇ ਢੋਲਵਾਹਾ ਰੋਡ, ਹਰਿਆਣਾ ਦੀ ਵਰਕਸ਼ਾਪ ਦੀ ਪੁਲਿਸ ਪਾਰਟੀ ਸਮੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਪਾਇਆ ਗਿਆ ਕਿ ਵਰਕਸ਼ਾਪ ਵਿੱਚ ਨਜਾਇਜ਼ ਸ਼ਰਾਬ ਹੈ ਅਤੇ ਵਰਕਸ਼ਾਪ ਵਿੱਚ ਮੌਜੂਦ ਤਿੰਨ ਵਿਅਕਤੀਆਂ ਨੇ ਟੀਮ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮੌਕੇ ‘ਤੇ ਹੀ ਤਿੰਨਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਸ਼ਰਾਬ ਨੂੰ ਕਬਜੇ ‘ਚ ਲੈ ਲਿਆ। ਉਹਨਾਂ ਦੱਸਿਆ ਕਿ ਥਾਣਾ ਹਰਿਆਣਾ ਵਿਖੇ ਕੁਲਵੀਰ ਸਿੰਘ, ਚਰਨਜੀਤ ਸਿੰਘ ਅਤੇ ਸੰਦੀਪ ਕੁਮਾਰ ਖਿਲਾਫ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 61-1-14 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਈਸ਼ਾ ਕਾਲੀਆ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਸ਼ਿਆਂ ਖਿਲਾਫ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਦੱਸਿਆ ਕਿ ਜ਼ਿਲੇ ਵਿਚ ਚੋਣਾਂ ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਕਰਵਾਈਆਂ ਜਾਣਗੀਆਂ ਅਤੇ ਸ਼ਰਾਬ ਦੀ ਨਜਾਇਜ਼ ਵਰਤੋਂ ਕਰਨ ਵਾਲਿਆਂ ‘ਤੇ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਜਿੱਥੇ ਨਸ਼ਿਆਂ ਖਿਲਾਫ ਨਾਰਕੋਟਿਕ ਸੈਲ ਅਤੇ ਸਪੈਸ਼ਲ ਟਾਸਕ ਫੋਰਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੁਸ਼ਿਆਰਪੁਰ ਜ਼ਿਲੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਆਬਕਾਰੀ ਤੇ ਕਰ ਵਿਭਾਗ ਵਲੋਂ ਵੀ ਸ਼ਰਾਬ ਦੀ ਮੂਵਮੈਂਟ ਨੂੰ ਚੈਕ ਕਰਨ ਲਈ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ 24 ਘੰਟੇ ਜਾਂਚ ਕਰ ਰਹੀਆਂ ਹਨ। ਇਸ ਤੋਂ ਇਲਾਵਾ ਬਲਕ ਵਿਚ ਸੇਲ ਰੋਕਣ ਲਈ ਸ਼ਰਾਬ ਦੇ ਠੇਕਿਆਂ ‘ਤੇ ਨਿਗਰਾਨੀ ਵੀ ਰੱਖੀ ਜਾ ਰਹੀ ਹੈ। ਉਹਨਾਂ ਜਿਲਾ ਪੁਲਿਸ ਅਤੇ ਆਬਕਾਰੀ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਡੇ ਪੱਧਰ ‘ਤੇ ਚੈਕਿੰਗ ਯਕੀਨੀ ਬਣਾਈ ਜਾਵੇ, ਤਾਂ ਜੋ ਚੋਣਾਂ ਦੌਰਾਨ ਸ਼ਰਾਬ ਦੀ ਨਜਾਇਜ਼ ਵਰਤੋਂ ਨਾ ਹੋਣ ਦਿੱਤੀ ਜਾਵੇ।

ਸਹਾਇਕ ਰਿਟਰਨਿੰਗ ਅਫ਼ਸਰ ਸ਼ਾਮਚੁਰਾਸੀ-ਕਮ-ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਸਰਬਜੀਤ ਸਿੰਘ ਬੈਂਸ ਨੇ ਦੱਸਿਆ ਕਿ ਵਰਕਸ਼ਾਪ ਵਿਚੋਂ 8 ਪੇਟੀਆਂ ਸ਼ਰਾਬ ਮਾਰਕਾ ਕੈਸ਼ ਵਿਸਕੀ, 8 ਪੇਟੀਆਂ ਮਾਰਕਾ ਪੰਜਾਬ ਕਲੱਬ ਰਮ, 30 ਬੋਤਲਾਂ ਸ਼ਰਾਬ ਗਰੈਂਡ ਅਫੇਅਰ, 18 ਬੋਤਲਾਂ ਮਾਰਕਾ ਆਫਿਸਰ ਚੋਆਇਸ ਅਤੇ 9 ਬੋਤਲਾਂ ਮਾਰਕਾ ਇੰਡੀਅਨ ਬਲਿਊ ਸ਼ਰਾਬ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਸ਼ਰਾਬ ਨਜਾਇਜ਼ ਤੌਰ ‘ਤੇ ਬਿਨਾਂ ਪਰਮਿਟ ਅਤੇ ਬਿਨਾਂ ਲਾਈਸੈਂਸ ਦੇ ਸਟੋਰ ਕੀਤੀ ਗਈ ਸੀ।

LEAVE A REPLY

Please enter your comment!
Please enter your name here