ਜਨਰਲ ਅਬਜ਼ਰਵਰ ਦੀ ਮੌਜੂਦਗੀ ਵਿੱਚ ਹੋਈ 9 ਵਿਧਾਨ ਸਭਾ ਹਲਕਿਆਂ ਦੀ ਪੜਤਾਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤੀ ਚੋਣ ਕਮਿਸ਼ਨ ਵਲੋਂ 05-ਹੁਸ਼ਿਆਰਪੁਰ ਲੋਕ ਹਲਕੇ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਜੈ ਪ੍ਰਕਾਸ਼ ਸ਼ਿਵਹਰੇ ਅਤੇ ਜ਼ਿਲਾ ਚੋਣ ਅਫ਼ਸਰ-ਕਮ-ਰਿਟਰਨਿੰਗ ਅਫ਼ਸਰ ਈਸ਼ਾ ਕਾਲੀਆ ਵਲੋਂ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਫਾਰਮ 17-ਏ ਅਤੇ ਹੋਰ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ। ਰਿਆਤ ਬਾਹਰਾ ਇੰਸਟੀਚਿਊਟ ਵਿਖੇ 6 ਵਿਧਾਨ ਸਭਾ ਹਲਕਿਆਂ ਦੀ ਪੜਤਾਲ ਕੀਤੀ ਗਈ, ਜਿਨਾਂ ਵਿੱਚ ਹੁਸ਼ਿਆਰਪੁਰ, ਸ਼ਾਮਚੁਰਾਸੀ, ਚੱਬੇਵਾਲ, ਉੜਮੁੜ, ਦਸੂਹਾ ਅਤੇ ਮੁਕੇਰੀਆਂ ਸ਼ਾਮਲ ਸਨ। ਇਸ ਤੋਂ ਇਲਾਵਾ ਜਨਰਲ ਅਬਜ਼ਰਵਰ ਅਤੇ ਜ਼ਿਲਾ ਚੋਣ ਅਫ਼ਸਰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਪਹੁੰਚੇ, ਜਿਥੇ ਵਿਧਾਨ ਸਭਾ ਹਲਕਿਆਂ ਸ਼੍ਰੀ ਹਰਗੋਬਿੰਦਪੁਰ, ਭੁਲੱਥ ਅਤੇ ਫਗਵਾੜਾ ਦੀ ਪੜਤਾਲ ਕੀਤੀ ਗਈ।

Advertisements

ਪੜਤਾਲ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਮੌਕੇ ਵੱਧ ਅਤੇ ਘੱਟ ਵੋਟ ਪ੍ਰਤੀਸ਼ਤ ਵਾਲੇ ਪੋਲਿੰਗ ਬੂਥਾਂ ਤੋਂ ਇਲਾਵਾ ਦੇਰੀ ਨਾਲ ਸ਼ੁਰੂ ਹੋਣ ਵਾਲੀ ਪੋਲਿੰਗ ਸਬੰਧੀ ਵੀ ਪੜਤਾਲ ਕੀਤੀ ਗਈ। ਜ਼ਿਲਾ ਚੋਣ ਅਫ਼ਸਰ ਈਸ਼ਾ ਕਾਲੀਆ ਨੇ ਕਿਹਾ 05-ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ 62.15 ਫੀਸਦੀ ਸ਼ਾਂਤੀਪੂਰਵਕ ਪੋਲਿੰਗ ਹੋਈ, ਜਿਸ ਲਈ ਵੋਟਰ ਵਧਾਈ ਦੇ ਪਾਤਰ ਸਨ। ਉਹਨਾਂ ਚੋਣ ਅਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਜਿਸ ਤਰਾਂ ਸੁਚਾਰੂ ਢੰਗ ਨਾਲ ਵੋਟ ਪ੍ਰਕ੍ਰਿਆ ਨੂੰ ਸਫਲ ਬਣਾਇਆ ਗਿਆ ਹੈ, ਇਸੇ ਤਰਾਂ ਗਿਣਤੀ ਪ੍ਰਕ੍ਰਿਆ ਨੂੰ ਵੀ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾਵੇ। ਉਹਨਾਂ ਕਿਹਾ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ, ਜਿਸ ਲਈ ਜ਼ਿਲਾ ਪ੍ਰਸ਼ਾਸ਼ਨ ਵਲੋਂ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਪੋਲਿੰਗ ਉਪਰੰਤ ਵੋਟਿੰਗ ਮਸ਼ੀਨਾਂ ਨੂੰ ਸਖਤ ਪ੍ਰਬੰਧਾਂ ਹੇਠ ਸਟਰਾਂਗ ਰੂਮਾਂ ਵਿੱਚ ਸੀਲ ਕਰ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਰਿਆਤ ਬਾਹਰਾ ਇੰਸਟੀਚਿਊਟ ਵਿੱਚ 6 ਵਿਧਾਨ ਸਭਾ ਹਲਕਿਆਂ ਹੁਸ਼ਿਆਰਪੁਰ, ਸ਼ਾਮਚੁਰਾਸੀ, ਚੱਬੇਵਾਲ, ਉੜਮੁੜ, ਦਸੂਹਾ ਅਤੇ ਮੁਕੇਰੀਆਂ ਦੀ ਗਿਣਤੀ ਹੋਵੇਗੀ, ਜਦਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ 3 ਵਿਧਾਨ ਸਭਾ ਹਲਕਿਆਂ ਸ਼੍ਰੀ ਹਰਗੋਬਿੰਦਪੁਰ, ਭੁਲੱਥ ਅਤੇ ਫਗਵਾੜਾ ਦੀ ਗਿਣਤੀ ਹੋਵੇਗੀ। ਈਸ਼ਾ ਕਾਲੀਆ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿੱਚ 62.45 ਫੀਸਦੀ, ਉੜਮੁੜ ਵਿਖੇ 60.79 ਫੀਸਦੀ, ਮੁਕੇਰੀਆਂ 63.79 ਫੀਸਦੀ, ਦਸੂਹਾ 60.74 ਫੀਸਦੀ, ਚੱਬੇਵਾਲ 64.41 ਫੀਸਦੀ, ਹੁਸ਼ਿਆਰਪੁਰ 63.81 ਫੀਸਦੀ, ਸ਼੍ਰੀ ਹਰਗੋਬਿੰਦਪੁਰ 60.88 ਫੀਸਦੀ, ਭੁਲੱਥ 56.76 ਫੀਸਦੀ ਅਤੇ ਫਗਵਾੜਾ ਵਿਧਾਨ ਸਭਾ ਹਲਕੇ ਵਿੱਚ 64.48 ਫੀਸਦੀ ਵੋਟਾਂ ਪੋਲ ਹੋਈਆਂ। ਉਹਨਾਂ ਕਿਹਾ ਕਿ 9 ਵਿਧਾਨ ਸਭਾ ਹਲਕਿਆਂ ਦੇ ਕੁੱਲ 9 ਲੱਖ 81 ਹਜ਼ਾਰ 722 ਵੋਟਰਾਂ ਵਲੋਂ ਮੱਤਦਾਨ ਕੀਤਾ ਗਿਆ, ਜਿਨਾਂ ਵਿੱਚ 4 ਲੱਖ 96 ਹਜ਼ਾਰ 732 ਮਹਿਲਾਵਾਂ, 4 ਲੱਖ 84 ਹਜ਼ਾਰ 983 ਪੁਰਸ਼ਾਂ ਅਤੇ 7 ਥਰਡ ਜੈਂਡਰ ਵਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ।

LEAVE A REPLY

Please enter your comment!
Please enter your name here