ਕਿਸਾਨ ਸਾਉਣੀ ਰੁੱਤ ਦੀ ਮੱਕੀ ਦੀ ਫ਼ਸਲ ਹੇਠ ਰਕਬੇ ਨੂੰ ਵਧਾਉਣ ਤੇ ਦੇਣ ਜੋਰ : ਡਾ. ਸੁਤੰਤਰ ਐਰੀ

TrimpleM Hoshiarpur

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਤੰਤਰ ਕੁਮਾਰ ਐਰੀ ਵਲੋਂ ਸਾਉਣੀ ਮੱਕੀ ਦੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ 5 ਜ਼ਿਲਿਆਂ ਦੀ ਮੀਟਿੰਗ ਖੇਤੀ ਭਵਨ ਹੁਸ਼ਿਆਰਪੁਰ ਵਿਖੇ ਕੀਤੀ ਗਈ। ਮੀਟਿੰਗ ਵਿੱਚ ਸਾਉਣੀ ਰੁੱਤ ਦੀ ਫਸਲ ਹੇਠ ਰਕਬਾ ਵਧਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਦੌਰਾਨ ਡਾਇਰੈਕਟਰ ਖੇਤੀਬਾੜੀ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਫ਼ਸਲ ਹੇਠ ਵੱਧ ਰਹੇ ਰਕਬੇ ਦੇ ਰੁਝਾਨ ਨੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੇ ਪੱਧਰ ਨੇ ਪੰਜਾਬ ਵਿੱਚ ਆਉਣ ਵਾਲੇ ਸਮੇਂ ਲਈ ਖੇਤੀ ਲਈ ਇਕ ਅਹਿਮ ਚਿੰਤਾਂ ਦਾ ਵਿਸ਼ਾ ਬਣ ਗਿਆ ਹੈ, ਜਿਸ ਦਾ ਹੱਲ ਸਾਉਣੀ ਰੁੱਤ ਦੀ ਮੱਕੀ ਦੀ ਫ਼ਸਲ ਹੇਠ ਰਕਬੇ ਨੂੰ ਵਧਾ ਕੇ ਹੀ ਕੀਤਾ ਜਾ ਸਕਦਾ ਹੈ।

Advertisements

ਉਹਨਾਂ ਵੱਖ-ਵੱਖ ਜ਼ਿਲਿਆ ਵਿੱਚ ਪਿਛਲੇ ਸਾਲਾਂ ਨਾਲੋ ਮੱਕੀ ਹੇਠ ਰਕਬਾ ਵਧਾਉਣ ‘ਤੇ ਜੋਰ ਦਿੱਤਾ। ਉਹਨਾਂ ਵਿਭਾਗ ਵਲੋਂ ਕੀਤੇ ਜਾ ਰਹੇ ਯਤਨਾਂ ਉਤੇ ਚਾਨਣਾ ਪਾਉਂਦਿਆਂ ਕਿਹਾ ਕਿ ਕਿਸਾਨਾਂ ਨੂੰ ਇਸ ਫ਼ਸਲ ਵੱਲ ਉਤਸ਼ਾਹਿਤ ਕਰਨ ਲਈ ਫਸਲੀ ਵਿਭਿੰਨਤਾ ਸਕੀਮ ਤਹਿਤ ਮੱਕੀ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਦੇ ਸੁਧਰੇ ਬੀਜਾਂ ‘ਤੇ 90 ਰੁਪਏ ਪ੍ਰਤੀ ਕਿਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਮੱਕੀ ਦੀ ਕਾਸ਼ਤ ਵਿੱਚ ਵਰਤੇ ਜਾਂਦੇ ਜ਼ਰੂਰੀ ਇਨਪੁਟਸ ਅਤੇ ਵੱਟਾਂ ‘ਤੇ ਵਜਾਈ ਲਈ ਪੰਜਾਬ ਸਰਕਾਰ ਵਲੋਂ 5 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦੀ ਵਿੱਤੀ ਸਹਾਇਤਾ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਡਾਇਰੈਕਟਰ ਖੇਤੀਬਾੜੀ ਸ਼੍ਰੀ ਸੁਤੰਤਰ ਕੁਮਾਰ ਐਰੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਕੀਮ ਦਾ ਫਾਇਦਾ ਲੈਣ ਲਈ ਮੱਕੀ ਕਾਸ਼ਤਕਾਰ ਆਪਣੇ ਇਨਪੁੱਟਸ ਦੀ ਖਰੀਦ ਦੇ ਬਿੱਲ ਸਬੰਧਤ ਬਲਾਕ ਖੇਤੀਬਾੜੀ ਦਫ਼ਤਰਾਂ ਵਿਖੇ ਜਮਾਂ ਕਰਵਾਉਣ।

ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਮੱਕੀ ਦੀ ਫ਼ਸਲ ਵਿੱਚ ਤੁਪਕਾ ਪ੍ਰਣਾਲੀ ਰਾਹੀਂ ਕਾਸ਼ਤ ਕਰਨ ਦੇ ਢੰਗਾਂ ਦੀਆਂ ਪ੍ਰਦਰਸ਼ਨੀਆਂ ਲਗਾਉਣ ਲਈ ਕਿਸਾਨਾਂ ਦਾ ਇਕ ਨਿਵੇਕਲਾ ਉਦਮ ਹੋਵੇਗਾ, ਜਿਸ ਵਿੱਚ ਇਕ ਅਹਿਮ ਵਿੱਤੀ ਸਹਾਇਤਾ ਦਾ ਹਿੱਸਾ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤਾ ਜਾਵੇਗਾ। ਉਹਨਾਂ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਦੇ ਮੰਡੀਕਰਨ ਦੇ ਸਮੇਂ ਜਿਣਸ ਨੂੰ ਚੰਗੀ ਤਰਾਂ ਸੁਕਾ ਕੇ ਹੀ ਮੰਡੀ ਵਿੱਚ ਵੇਚਣ ਲਈ ਕਿਹਾ। ਉਹਨਾਂ ਦੱਸਿਆ ਕਿ ਵਿਭਾਗ ਵਲੋਂ ਪੋਰਟੇਬਲ ਮੱਕੀ ਡ੍ਰਾਇਰ ‘ਤੇ ਵੀ ਕਿਸਾਨਾਂ ਨੂੰ ਲਗਭਗ 40 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਪਰਮਿੰਦਰ ਸਿੰਘ, ਅਸਿਸਟੈਂਟ ਮੇਜ਼ ਡਿਵੈਲਪਮੈਂਟ ਅਫ਼ਸਰ ਅਨਿਲ ਕੁਮਾਰ, ਖੇਤੀਬਾੜੀ ਵਿਕਾਸ ਅਫ਼ਸਰ ਬੇਅੰਤ ਸਿੰਘ ਅਤੇ ਹੋਰ ਅਫ਼ਸਰਾਂ ਨੇ ਵੀ ਭਾਗ ਲਿਆ। ਅਖੀਰ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ, ਦਲਵੀਰ ਸਿੰਘ ਛੀਨਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਡਾਇਰੈਕਟਰ ਸਾਹਿਬ ਵਲੋਂ ਦਿੱਤੇ ਟੀਚੇ ਨੂੰ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ।

Leave a Comment

This site is protected by reCAPTCHA and the Google Privacy Policy and Terms of Service apply.