ਜੀਐਮ ਸੁਰਜੀਤ ਪਾਲ ਵਲੋਂ ਖੁਦਕੁਸ਼ੀ ਮਾਮਲੇ ਵਿੱਚ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਸੈਲਾ ਖੁਰਦ ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਕੁਆਂਟਮ ਪੇਪਰ ਮਿੱਲ ਸੈਲਾ ਖੁਰਦ ਅੰਦਰ ਜੀਐਮ ਵਜੋਂ ਕੰਮ ਕਰਦੇ ਸੁਰਜੀਤ ਪਾਲ ਸਿੰਘ ਵਲੋਂ ਕੱਲ 17 ਫਰਵਰੀ ਨੂੰ ਦੁਪਹਿਰ ਆਪਣੀ ਕਾਰ ਵਿੱਚ ਲਾਇਸੈਂਸੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਮਾਹਿਲਪੁਰ ਪੁਲਿਸ  ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਅੱਜ  ਤਿੰਨ ਵਿਅਕਤੀਆਂ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਸੁਰਜੀਤ ਪਾਲ ਸਿੰਘ ਦੀ ਪਤਨੀ ਅੰਜੂ ਰਾਣਾ ਨੇ ਦੱਸਿਆ ਕਿ ਉਸਦਾ ਪਤੀ 22 ਸਾਲਾਂ ਤੋਂ ਮਿੱਲ ਵਿਖੇ ਨੌਕਰੀ ਕਰਦਾ ਹੈ ਅਤੇ ਉਹ ਮਿੱਲ ਅੰਦਰ ਬਣੇ ਕੁਆਰਟਰਾਂ ਵਿੱਚ ਕੁਝ ਮਹੀਨਿਆਂ ਤੋਂ ਰਹਿ ਰਹੇ ਹਨ।

Advertisements

ਉਹਨਾਂ ਦੱਸਿਆ ਕਿ ਕੁਝ ਚਿਰ ਤੋਂ ਉਹਨਾਂ ਦੇ ਜੱਦੀ ਪਿੰਡ ਲਸਾੜਾ ਦੇ ਵਸਨੀਕ ਬਲਰਾਮ, ਰਮਨ ਕੁਮਾਰ ਅਤੇ ਇਹਨਾਂ ਦੇ ਪਿਤਾ ਸੁਰਜਨ ਸਿੰਘ ਤਿੰਨੋਂ ਉਸਦੇ ਪਤੀ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਦੇ ਸਨ। ਉਹਨਾਂ  ਕਿਹਾ ਕਿ ਉਕਤ ਵਿਅਕਤੀ ਇਹ ਸ਼ੱਕ ਕਰਦੇ ਸਨ ਕਿ ਉਸਦੇ ਪਤੀ ਸੁਰਜੀਤ ਪਾਲ ਸਿੰਘ ਦੇ ਬਲਰਾਮ ਦੀ ਪਤਨੀ ਨਾਲ ਨਜਾਇਜ਼ ਸਬੰਧ ਹਨ ਜੋਕਿ ਸਰਾਸਰ ਗਲਤ ਸੀ।  ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਈ ਵਾਰ ਲਸਾੜਾ ਪਿੰਡ ਵਿੱਚ ਉਹਨਾਂ ਦੇ ਜੱਦੀ ਘਰ ‘ਤੇ ਕਥਿਤ ਦੋਸ਼ੀਆਂ ਵਲੋਂ ਪਥਰਾਅ ਕੀਤਾ ਗਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।

ਅੰਜੂ ਰਾਣਾ ਅਨੁਸਾਰ ਗਲਤ ਦੋਸ਼ਾਂ ਕਾਰਨ ਉਸਦਾ ਪਤੀ ਡਿਪਰੈਸ਼ਨ ਵਰਗੀ ਹਾਲਤ ਵਿੱਚ ਚਲਾ ਗਿਆ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀ ਦੀ ਹਾਲਤ ਵਿੱਚ ਉਸਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਬਾਰੇ ਮਾਹਿਲਪੁਰ ਪੁਲਿਸ ਨੇ ਸੁਰਜਨ ਸਿੰਘ ਅਤੇ ਉਸਦੇ ਦੋਵੇਂ ਪੁੱਤਰਾਂ ਰਮਨ ਕੁਮਾਰ ਅਤੇ ਬਲਰਾਮ ਵਿਰੁੱਧ ਕੇਸ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here