ਗੜਸ਼ੰਕਰ (ਦ ਸਟੈਲਰ ਨਿਊਜ਼)ਰਿਪੋਰਟ- ਹਰਦੀਪ ਚੌਹਾਨ। ਸ਼੍ਰੋਮਣੀ ਅਕਾਲੀ ਦਲ ਵਲੋਂ 14 ਮਾਰਚ ਨੂੰ ਰੋਸ਼ਨ ਗਰਾਉਂਡ ਹੁਸ਼ਿਆਰਪੁਰ ਵਿੱਚ ਕੀਤੀ ਜਾ ਰਹੀ ਪੋਲ ਖੋਲ ਰੈਲੀ ਇਤਿਹਾਸਕ ਹੋਵੇਗੀ। ਇਸ ਰੈਲੀ ਨੂੰ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਬੋਧਨ ਕਰਨਗੇ। ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਪੋਲ ਖੋਲੀ ਜਾਵੇਗੀ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਅੱਡਾ ਝੁੰਗੀਆਂ (ਬੀਣੇਵਾਲ) ਵਿੱਚ ਅਕਾਲੀ ਦਲ ਭਾਜਪਾ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ।
ਉਨਾਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੈ ਹਰ ਪਾਸੇ ਜੰਗਲ ਰਾਜ ਹੈ। ਪੰਜਾਬ ਵਿੱਚ ਰੇਤ ਮਾਫੀਆ,ਸ਼ਰਾਬ ਮਾਫੀਆ ਅਤੇ ਹੋਰ ਮਾਫੀਆ ਦਾ ਬੋਲਬਾਲਾ ਹੈ। ਅਕਾਲੀ ਸਰਕਾਰ ਵੇਲੇ ਸ਼ੁਰੂ ਕੀਤੀਆਂ ਸ਼ਗੁਨ ਸਕੀਮ,ਵਿਧਵਾ,ਬੁਢਾਪਾ ਪੈਨਸ਼ਨਾਂ,ਆਟਾ ਦਾਲ ਸਕੀਮਾਂ ਬੰਦ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਬਿਜਲੀ ਬਾਕੀ ਸੂਬਿਆਂ ਨਾਲੋਂ ਬਹੁਤ ਮਹਿੰਗੀ ਹੈ ਅਤੇ ਬਿਜਲੀ ਦੇ ਰੇਟ 3 ਸਾਲਾਂ ਵਿੱਚ 19 ਵਾਰ ਵਧਾਏ ਗਏ।
ਸਾਬਕਾ ਵਿਧਾਇਕ ਨੇ ਅਗੇ ਕਿਹਾ ਕਿ ਚੋਣਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿੱਚ ਚੋਣ ਰੈਲੀ ਮੌਕੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਤਲਵੰਡੀ ਸਾਬੋ ਵਲ ਮੂੰਹ ਕਰਕੇ 4 ਹਫਤਿਆਂ ਵਿੱਚ ਨਸੇ ਖਤਮ ਕਰਨ ਦੀ ਸੰਹੁ ਖਾਧੀ ਸੀ ਪਰ ਹੁਣ ਤਾ ਸਰਕਾਰ ਦਾ ਚੌਥਾ ਸਾਲ ਵੀ ਸ਼ੁਰੂ ਹੋ ਚੁੱਕਿਆ ਹੈ। ਪਰ ਨਸ਼ੇ ਪਹਿਲਾਂ ਨਾਲੋਂ ਵਧੇ ਹਨ। ਹਰ ਰੋਜ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ। ਇੱਕ ਵੀ ਚੋਣ ਵਾਅਦਾ ਪੂਰਾ ਨਹੀ ਕੀਤਾ। ਕੰਢੀ ਨਹਿਰ ਵਾਰੇ ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਵੇਲੇ ਨਹਿਰ ਵਿੱਚ ਪਾਣੀ ਛੱਡਿਆ ਗਿਆ ਸੀ ਪਰ ਤਿੰਨ ਸਾਲਾਂ ਵਿੱਚ ਪਾਣੀ ਦੀ ਇਕ ਬੂੰਦ ਵੀ ਨਹੀ ਛੱਡੀ ਗਈ। ਉਨਾਂ ਕਿਹਾ ਕਿ ਵਿਕਾਸ ਸਿਰਫ ਅਕਾਲੀ ਦਲ ਸਰਕਾਰ ਵੇਲੇ ਹੀ ਹੋਇਆ ਹੈ। ਉਨਾਂ ਕਿਹਾ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾ ਚੁੱਕੇ ਹਨ। ਜਿਲਾ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਤਕ ਹੀ ਸੀਮਿਤ ਹੈ ਉਸ ਦਾ ਪੰਜਾਬ ਵਿੱਚ ਕੋਈ ਆਧਾਰ ਨਹੀ ਹੈ।
ਉਨਾਂ ਕਿਹਾ ਕਿ ਸਾਲ 2022 ਵਿੱਚ ਅਕਾਲੀ ਦਲ ਦੀ ਸਰਕਾਰ ਬਣਦੇ ਸਾਰ ਭਲਾਈ ਸਕੀਮਾਂ ਪਹਿਲਾਂ ਵਾਂਗ ਚਲਾਈਆਂ ਜਾਣਗੀਆਂ ਅਤੇ ਗਰੀਬਾਂ ਦੇ ਬਿਜਲੀ ਦੇ 200 ਯੂਨਿਟ ਮਾਫ ਕੀਤੇ ਜਾਣਗੇ ਅਤੇ ਆਮ ਲੋਕਾਂ ਨੂੰ ਬਿਜਲੀ (ਅੱਧੇ ਰੇਟ ਤੇ) 4 ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇਗੀ। ਉਨਾਂ ਪਾਰਟੀ ਵਰਕਰਾਂ ਨੂੰ 14 ਦੀ ਰੈਲੀ ਵਿੱਚ ਹੁੰਮ ਹੁਮਾਂ ਕੇ ਪੁੱਜਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਸਰਕਲ ਬੀਤ ਪ੍ਰਧਾਨ ਜਗਦੇਵ ਸਿੰਘ ਮਾਨਸੋਵਾਲ, ਸਾਬਕਾ ਸਰਕਲ ਪ੍ਰਧਾਨ ਡਾ.ਬਲਵੀਰ ਸਿੰਘ ਸੇਰਗਿੱਲ, ਪ੍ਰਦੀਪ ਰੰਗੀਲਾ ਪ੍ਰਧਾਨ ਬੀਤ ਮੰਡਲ ਭਾਜਪਾ, ਰਾਜਵਿੰਦਰ ਸਿੰਘ ਸਰਪੰਚ, ਰਜਨੀਸ਼ ਜੋਸ਼ੀ, ਅਵਤਾਰ ਸਿੰਘ, ਸਨੀ ਡੰਗੋਰੀ, ਮਹਿੰਦਰ ਸਿੰਘ ਨੰਬਰਦਾਰ, ਸੰਜੇ ਸਰਪੰਚ ਪਿਪਲੀਵਾਲ, ਸੋਹਣ ਲਾਲ ਸਾਬਕਾ ਸਰਪੰਚ, ਯਾਦਵਿੰਦਰ ਸਿੰਘ ਸਾਬਕਾ ਸਰਪੰਚ, ਪਿਰਥੀ ਭਗਤ, ਜਗਤਾਰ ਸਿੰਘ ਧੀਮਾਨ, ਬਲਵੀਰ ਸਿੰਘ ਬੱਲੀ, ਭਗਤ ਤਰਸੇਮ ਲਾਲ, ਲੱਖਾ ਸਿੰਘ ਕਾਨੂੰਗੋ, ਮਹੰਤ ਅਸ਼ੋਕ ਕੁਮਾਰ ਸਮੇਤ ਭਾਰੀ ਗਿਣਤੀ ਵਿੱਚ ਅਕਾਲੀ ਦਲ ਭਾਜਪਾ ਵਰਕਰ ਹਾਜਰ ਸਨ।