ਆਮ ਜਨਤਾ ਦੀ ਸੁਰੱਖਿਆ ਲਈ ਜ਼ਿਲੇ ਦੇ ਬਾਜ਼ਾਰ ਤੇ ਦੁਕਾਨਾਂ ਰਹਿਣਗੀਆਂ ਬੰਦ: ਅਪਨੀਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਕੋਵਿਡ-19 (ਕੋਰੋਨਾ ਵਾਇਰਸ) ਦੇ ਮੱਦੇਨਜ਼ਰ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰਬਰ-2) ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤਾ ਗਿਆ ਹੈ। ਜਾਰੀ ਕੀਤੇ ਹੁਕਮ ਅਨੁਸਾਰ ਆਮ ਜਨਤਾ ਦੀ ਸੁਰੱਖਿਆ ਅਤੇ ਮਹਾਂਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਜ਼ਿਲੇ ਦੇ ਬਾਜ਼ਾਰ ਅਤੇ ਦੁਕਾਨਾਂ ਬੰਦ ਰਹਿਣਗੀਆਂ।

Advertisements

ਇਸ ਤੋਂ ਇਲਾਵਾ ਹੋਟਲ, ਰਿਜ਼ੋਰਟ ਅਤੇ ਮੈਰਿਜ ਪੈਲੇਸ ਵਿਚ ਕਿਸੇ ਵੀ ਤਰਾਂ ਦੇ ਫੰਕਸ਼ਨ ਜਾਂ ਇਕੱਠ ‘ਤੇ ਪੂਰਨ ਪਾਬੰਦੀ ਰਹੇਗੀ। ਹੁਕਮ ਅਨੁਸਾਰ ਮੈਡੀਕਲ ਸਟੋਰ, ਕਰਿਆਨਾ ਸਟੋਰ, ਦੁੱਧ ਦੀਆਂ ਡੇਅਰੀਆਂ, ਫਲ-ਸਬਜ਼ੀ ਵਿਕਰੇਤਾ, ਪੈਟਰੋਲ ਪੰਪ, ਨਰਸਿੰਗ ਹੋਮ, ਕਲੀਨਿਕ, ਬੈਂਕ ਅਤੇ ਏ.ਟੀ.ਐਮ ਖੁੱਲੇ ਰਹਿਣਗੇ। ਇਸ ਤੋਂ ਇਲਾਵਾ ਢਾਬੇ, ਹੋਟਲ, ਰੈਸਟੋਰੈਂਟ ਵਿੱਚ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ, ਕੇਵਲ ਹੋਮ ਡਿਲੀਵਰੀ ਅਤੇ ਪੈਕਿੰਗ ਦੀ ਸਹੂਲਤ ਹੀ ਹੋਵੇਗੀ।

-ਹੋਟਲ, ਰਿਜ਼ੋਰਟ ਅਤੇ ਮੈਰਿਜ ਪੈਲੇਸ ‘ਚ ਕਿਸੇ ਵੀ ਤਰਾਂ ਦੇ ਫੰਕਸ਼ਨ ਜਾਂ ਇਕੱਠ ‘ਤੇ ਪੂਰਨ ਪਾਬੰਦੀ

ਜ਼ਿਲੇ ਮੈਜਿਸਟ੍ਰੇਟ ਨੇ ਜ਼ਿਲਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਉਕਤ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਹੁਕਮ ਦਿੰਦਿਆਂ ਕਿਹਾ ਕਿ ਇਹ ਆਦੇਸ਼ ਤੁਰੰਤ ਲਾਗੂ ਹੋਵੇਗਾ ਅਤੇ 25 ਮਾਰਚ ਰਾਤ 12 ਵਜੇ ਤੱਕ ਲਾਗੂ ਰਹੇਗਾ। ਉਹਨਾਂ ਕਿਹਾ ਕਿ ਜ਼ਿਲਾ ਵਾਸੀ ਆਪਣੀ ਸੁਰੱਖਿਆ ਲਈ ਇਸ ਹੁਕਮ ਦਾ ਸਮਰਥਨ ਕਰਦੇ ਹੋਏ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ‘ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

-ਮੈਡੀਕਲ ਸਟੋਰ, ਕਰਿਆਨਾ ਸਟੋਰ, ਦੁੱਧ ਦੀਆਂ ਡੇਅਰੀਆਂ, ਫਲ-ਸਬਜ਼ੀ ਵਿਕਰੇਤਾ, ਪੈਟਰੋਲ ਪੰਪ, ਨਰਸਿੰਗ ਹੋਮ, ਕਲੀਨਿਕ, ਬੈਂਕ ਅਤੇ ਏ.ਟੀ.ਐਮ ਰਹਿਣਗੇ ਖੁੱਲੇ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹਰ ਹਾਲਾਤ ਨਾਲ ਨਜਿੱਠਣ ਲਈ ਜ਼ਿਲਾ ਪ੍ਰਸਾਸ਼ਨ ਵਚਨਬੱਧ ਹੈ ਅਤੇ ਸਾਰੇ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

-ਪਾਜ਼ੀਟਿਵ ਵਿਅਕਤੀ ਦੀ ਹਾਲਤ ਬੇਹਤਰ, ਘਬਰਾਉਣ ਦੀ ਲੋੜ ਨਹੀਂ

ਉਹਨਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਪਿੰਡ ਮੋਰਾਂਵਾਲੀ ਦਾ ਜੋ ਵਿਅਕਤੀ ਹਰਭਜਨ ਸਿੰਘ ਪਾਜ਼ੀਟਿਵ ਪਾਇਆ ਗਿਆ ਹੈ, ਉਸਦੀ ਹਾਲਤ ਬੇਹਤਰ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਇਸ ਵਿਅਕਤੀ ਦੇ ਪਰਿਵਾਰਕ ਮੈਂਬਰ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਹਨ। ਉਹਨਾਂ ਕਿਹਾ ਕਿ ਅਣਸੁਖਾਵੇਂ ਹਾਲਾਤ ਦਾ ਸਾਹਮਣਾ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਦਿਨ-ਰਾਤ ਡਿਊਟੀ ਨਿਭਾਅ ਰਹੀਆਂ ਹਨ।

– ਢਾਬੇ, ਹੋਟਲ, ਰੈਸਟੋਰੈਂਟ ‘ਚ ਬੈਠ ਕੇ ਖਾਣਾ ਖਾਣ ਦੀ ਨਹੀਂ ਹੋਵੇਗੀ ਇਜਾਜ਼ਤ, ਕੇਵਲ ਹੋਮ ਡਿਲੀਵਰੀ ਤੇ ਪੈਕਿੰਗ ਦੀ ਸਹੂਲਤ

ਉਹਨਾਂ ਕਿਹਾ ਕਿ ਇਸ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਅਹਿਤਿਆਤੀ ਕਦਮ ਚੁੱਕਦਿਆਂ ਸਾਰੇ ਸਿਨੇਮਾ ਹਾਲ, ਜਿੰਮ, ਸਵਿਮਿੰਗ ਪੂਲ, ਸ਼ਾਪਿੰਗ ਮਾਲ, ਕਲੱਬ, ਕੋਚਿੰਗ ਤੇ ਆਇਲਟਸ ਸੈਂਟਰ ਪਹਿਲਾਂ ਹੀ ਬੰਦ ਕਰਨ ਦਾ ਫੈਸਲਾ ਕੀਤਾ ਜਾ ਚੁੱਕਾ ਹੈ।

-ਕਿਹਾ, ਜ਼ਿਲਾ ਵਾਸੀ ਆਪਣੀ ਸੁਰੱਖਿਆ ਲਈ ਹੁਕਮਾਂ ਦਾ ਸਮਰਥਨ ਕਰਨ, ਉਲੰਘਣਾ ਕਰਨ ‘ਤੇ ਹੋਵੇਗੀ ਕਾਨੂੰਨੀ ਕਾਰਵਾਈ

ਅਪਨੀਤ ਰਿਆਤ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਪ੍ਰਕਾਰ ਦੀਆਂ ਵਸਤਾਂ ਦੀ ਵੱਧ ਕੀਮਤ ਵਸੂਲ ਕਰਦਾ ਹੈ, ਤਾਂ ਉਸ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਵੀ ਸਖਤੀ ਵਰਤੀ ਜਾਵੇਗੀ।

LEAVE A REPLY

Please enter your comment!
Please enter your name here