ਕੰਵਰਦੀਪ ਸਿੰਘ ਭੱਲਾ ਦੀ ਮਿੰਨੀ ਕਹਾਣੀ “ਹਵਾ ਦਾ ਰੁੱਖ“

ਮੈਂ ਉਸ ਸਮੇਂ ਮਸਾਂ 10 ਕੁ ਸਾਲ ਦਾ ਸੀ, ਜਦੋਂ ਸਾਡੇ ਘਰ ਚਾਚੀ ਆ ਕੇ ਮੇਰੇ ਮੰਮੀ ਨਾਲ ਆਪਣੇ ਘਰ ਦੀਆਂ ਸਾਰੀਆਂ ਗੱਲਾਂ ਕਰ ਜਾਂਦੀ। ਗੱਲਾਂ–ਗੱਲਾਂ ਵਿੱਚ ਮੈਂ ਕਈ ਵਾਰ ਚਾਚੀ ਦੇ ਮੂੰਹੋਂ ਸੁਣਿਆ ਸੀ ਕਿ ਹਵਾ ਦਾ ਰੁੱਖ ਜਿਸ ਪਾਸੇ ਹੋਵੇ, ਉਹੀ ਰਸਤਾ ਅਖਤਿਆਰ ਕਰਨਾ ਚਾਹੀਦਾ ਹੈ। ਮੇਰੇ ਮੰਨ ਵਿੱਚ ਇੱਹ ਗੱਲ ਪੂਰੀ ਤਰਾਂ ਹੁਣ ਠੱਣ ਚੁੱਕੀ ਸੀ। ਇੱਕ ਦਿਨ ਛੁੱਟੀ ਹੋਈ, ਅਚਾਨਕ ਹਨੇਰੀ ਚੱਲਣ ਲੱਗ ਪਈ,ਹਵਾ ਦਾ ਰੁੱਖ ਵੀ ਉਸ ਪਾਸੇ ਹੀ ਸੀ,ਜਿੱਧਰ ਮੇਰਾ ਘਰ ਸੀ ।ਮੈਂ ਸਾਇਕਲ ਤੇ ਜਿਉਂ ਹੀ ਚੜਿਆ,ਮੈਨੂੰ ਪੈਡਲ ਮਾਰਨ ਦੀ ਲੋੜ ਹੀ  ਨਾ  ਪਈ।ਮੇਰਾ ਸਾਇਕਲ ਆਪਣੇ ਆਪ ਹੀ ਉਸ ਪਾਸੇ ਦੋੜਨ ਲੱਗਾ । ਦੇਖਦਿਆਂ-ਦੇਖਦਿਆਂ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਗਿਆ।

Advertisements

ਮੈਂ ਇਸ ਬਾਰੇ ਆਪਣੇ ਮੰਮੀ-ਪਾਪਾ ਨੂੰ ਵੀ ਦੱਸਿਆ ਕਿ ਚਾਚੀ ਹਮੇਸ਼ਾ ਹੀ ਹਵਾ ਦੇ ਰੁੱਖ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਅੱਜ ਮੈਨੂੰ ਸਮਝ ਆ ਗਈ ਕਿ ਹਵਾ ਦਾ ਰੁੱਖ ਕੀ ਹੁੰਦਾ ਹੈ? ਇਹ ਸੁਣ ਕੇ ਸਾਰੇ ਖਿੜ-ਖਿੜਾ ਕੇ ਹੱਸੇ । ਮੈਨੂੰ ਇਹ ਲੱਗਾ ਕਿ ਸ਼ਾਇਦ ਇਹਨਾਂ ਨੂੰ ਮੇਰੀ ਗੱਲ ਸਮਝ ਨਹੀਂ ਲੱਗੀ । ਸਮੇਂ ਨੇ ਕਰਵਟ ਲਈ , ਮੈਂ ਵੀ ਬਾਲਗ ਹੋ ਗਿਆ, ਮੇਰੀ ਵੋਟ ਵੀ ਬਣ ਗਈ। ਮੈਨੂੰ ਵੀ ਸਿਆਸਤ ਦਾ ਥੋੜਾ ਗਿਆਨ ਹੋਣ ਲੱਗਾ । ਸਾਡੇ ਪਿੰਡ ਦੀ ਪੰਚਾਇਤ ਦੇ ਇਲੈਕਸ਼ਨ ਹੋਣੇ ਸਨ,ਜੋ ਉਮੀਦਵਾਰ ਖੜਾ ਸੀ, ਉਹ ਲੱਗਭੱਗ ਸਾਰੇ ਪਿੰਡ ਨੂੰ ਨਾ ਮੰਨਜ਼ੂਰ ਸੀ ।ਪਰ ,ਕਿਉਂਕਿ ਉਸ ਵਿਅਕਤੀ ਦੀ ਮੱਦਦ ਇੱਕ ਧਨਾਢ ਕਰ ਰਿਹਾ ਸੀ, ਜਿਸ ਤੋਂ ਸਾਰੇ ਡਰਦੇ ਸਨ। ਉਸ ਵਿਅਕਤੀ ਅੱਗੇ ਕੋਈ ਵੀ ਖੜਨ ਨੂੰ ਤਿਆਰ ਨਹੀਂ ਸੀ।

ਸਾਡੇ ਘਰ ਹੀ ਇਲੈਕਸ਼ਨ ਵਿੱਚ ਮੱਦਦ ਕਰਨ ਲਈ ਮੀਟਿੰਗ ਹੋਈ, ਸਾਰੇ ਇਸ ਗੱਲ ਤੇ ਸਹਿਮਤ ਹੋਏ ਕਿ ਸਾਨੂੰ ਧਨਾਢ ਦੇ ਕਹਿਣ ਅਨੁਸਾਰ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਕਿਉਂਕਿ ਲੋੜ ਪੈਣ ਤੇ ਇਹ ਸਾਡੀ ਵਿੱਤੀ ਸਹਾਇਤਾ ਵੀ ਕਰਦਾ ਹੈ। ਇਲੈਕਸ਼ਨ ਵਿੱਚ ਖੜੇ ਉਮੀਦਵਾਰ ਨੇ ਸਾਰੇ ਆਏ ਹੋਏ ਲੋਕਾਂ ਨੰ ਸੰਬੋਧਨ ਕੀਤਾ ਅਤੇ ਅੱਧੇ ਘੰਟੇ ਬਾਅਦ ਉਹ ਅਤੇ ਧਨਾਢ ਵਾਪਿਸ ਚਲੇ ਗਏ। ਬਾਕੀ ਰਹਿੰਦੇ ਲੋਕਾਂ ਨੂੰ ਮੇਰੀ ਚਾਚੀ ਵੀ ਕਹਿਣ ਲੱਗੀ –ਭਾਈ ਹਵਾ ਦਾ ਰੁੱਖ ਦੇਖੋ , ਐਵੇਂ ਪੰਗਾਂ ਨਾ ਲਈਉ। ਅੱਜ ਮੈਨੂੰ ਉਸ ਗੱਲ ਦਾ ਜਵਾਬ ਮਿਲ ਚੁੱਕਾ ਸੀ, ਕਿ ਹਵਾ ਦਾ ਰੁੱਖ ਕੀ ਹੁੰਦਾ ਹੈ?

ਕੰਵਰਦੀਪ ਸਿੰਘ ਭੱਲਾ, ਪਿੱਪਲਾਂ ਵਾਲਾ, ਹੁਸ਼ਿਆਰਪੁਰ।  (99-881-94776)      
ਸਹਾਇਕ ਮੈਨੇਜਰ, ਕੇਂਦਰੀ ਸਹਿਕਾਰੀ ਬੈਂਕ, ਹੁਸ਼ਿਆਰਪੁਰ।

LEAVE A REPLY

Please enter your comment!
Please enter your name here