ਕਿਸਾਨਾਂ ਦੇ ਅੰਦੋਲਨ ਚ ਚਟਾਨ ਵਾਂਗ ਖੜੀ ਯੂਥ ਕਾਂਗਰਸ: ਹਰਜਿੰਦਰ ਕੌਰ

ਮਾਹਿਲਪੁਰ (ਦ ਸਟੈਲਰ ਨਿਊਜ਼)। ਅਪਣੀਆਂ ਹੱਕੀ ਮੰਗਾਂ ਲਈ ਕੇਂਦਰ ਸਰਕਾਰ ਵਿਰੁੱਧ ਦਿੱਲੀ ਵਿਖੇ ਪੱਕਾ ਮੋਰਚਾ ਲਗਾਉਣ ਲਈ ਪੰਜਾਬ ਭਰ ਚੋਂ ਪਹੁੰਚ ਰਹੇ ਕਿਸਾਨਾਂ ਦੇ ਠਹਿਰਾਅ ਅਤੇ ਲੰਗਰ ਦਾ ਪੰਜਾਬ ਯੂਥ ਕਾਂਗਰਸ ਵੱਲੋਂ ਇੰਡੀਅਨ ਯੂਥ ਕਾਂਗਰਸ ਦੇ ਦਫਤਰ ਨਵੀਂ ਦਿੱਲੀ  ਵਿਖੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਜਿਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ  ਹਰਜਿੰਦਰ ਕੌਰ ਚੱਬੇਵਾਲ ਨੇ ਕਿਹਾ ਕਿ ਯੂਥ ਕਾਂਗਰਸ ਇਸ ਅੰਦੋਲਨ ਵਿੱਚ ਕਿਸਾਨਾਂ ਨਾਲ ਚਟਾਨ ਵਾਂਗ ਖੜੀ ਹੈ ਜੋ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟੇਗੀ। ਹਰਜਿੰਦਰ ਕੌਰ ਚੱਬੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਸਿਆਸੀ ਰੋਟੀਆਂ ਸੇਕਣ ਵਾਲੀ ਆਪ ਨੂੰ ਦਿੱਲੀ ਵਿੱਚ ਕਿਸਾਨਾਂ ਦਾ ਡਟਵਾਂ ਸਾਥ ਦੇਣਾ ਚਾਹੀਦਾ ਸੀ ਪਰੰਤੂ ਉਹ ਵੀ ਕੇਂਦਰ ਸਰਕਾਰ ਦੀ ਕਠਪੁਤਲੀ ਬਣੀ ਹੋਈ ਹੈ। ਆਪ ਮੁੱਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰਿਆਂ ਤੇ ਹੀ ਭਾਜਪਾ ਦੀ ਬੀ ਟੀਮ ਵਜੋਂ ਕੰਮ ਕਰ ਰਹੇ ਹਨ।

Advertisements

ਸਰਪੰਚ ਹਰਜਿੰਦਰ ਕੌਰ ਚੱਬੇਵਾਲ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜਿਹਨਾਂ ਸਮਾਂ ਕਿਸਾਨ ਅੰਦੋਲਨ ਚੱਲੇਗਾ ਯੂਥ ਕਾਂਗਰਸ ਵੱਲੋਂ ਉਹਨਾਂ ਸਮਾਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਿਸਾਨਾਂ ਲਈ ਠਹਿਰਾਅ ਦਾ ਪਰਬੰਧ ਅਤੇ ਲੰਗਰ ਜਾਰੀ ਰਹੇਗਾ। ਉਹਨਾਂ ਨੇ  ਕੇਂਦਰ ਸਰਕਾਰ ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨਾਲ ਜੋ ਦੁਸ਼ਮਣਾਂ ਵਰਗਾ ਵਰਤਾਓ ਕੀਤਾ ਜਾ ਰਿਹਾ ਹੈ ਉਹ ਅਤਿ ਨਿੰਦਣ ਯੋਗ ਹੈ। ਯੂਥ ਕਾਂਗਰਸ ਦੀ ਮਹਿਲਾ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦਾ ਰਾਖਾ ਕਰਾਰ ਦਿੰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟਰ ਨੂੰ ਖੂਬ ਰਗੜੇ ਲਾਏ।

ਉਹਨਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਖਟਰ ਨੂੰ ਕਿਸਾਨ ਕਦੇ ਵੀ ਮੁਆਫ ਨਹੀਂ ਕਰਨਗੇ। ਕਿਸਾਨਾਂ ਤੇ ਕੀਤੇ ਤਸ਼ੱਦਦ ਦਾ ਇਸ ਨੂੰ ਪੂਰਾ ਪੂਰਾ ਹਿਸਾਬ ਦੇਣਾ ਪਵੇਗਾ। ਇਸ ਮੌਕੇ ਸਰਪੰਚ ਹਰਜਿੰਦਰ ਕੌਰ ਚੱਬੇਵਾਲ ਨਾਲ ਪਵਨ ਕੁਮਾਰ ਉੱਪ ਚੇਅਰਮੈਨ ਬਲਾਕ ਸੰਮਤੀ ਮਾਹਿਲਪੁਰ ਸਮੇਤ ਹੋਰ ਵੀ ਯੂਥ ਕਾਂਗਰਸੀ ਹਾਜ਼ਰ ਸਨ।

LEAVE A REPLY

Please enter your comment!
Please enter your name here