ਜਲੰਧਰ: ਬਰਡ ਫਲੂ ਨੂੰ ਫੈਲਣ ਤੋਂ ਰੋਕਣ ਲਈ ਲੋੜੀਂਦੇ ਪ੍ਰਬੰਧਾਂ ਸਬੰਧੀ ਕੀਤਾ ਵਿਚਾਰ-ਵਟਾਂਦਰਾ

ਜਲੰਧਰ (ਦ ਸਟੈਲਰ ਨਿਊਜ਼)। ਨੋਰਦਰਨ ਰੀਜਨਲ ਡਿਜ਼ੀਜ਼ ਡਾਇਗਨੋਸਟਿਕ ਲੈਬੋਰੇਟਰੀ, (ਐਨਆਰਡੀਡੀਐਲ) ਜਲੰਧਰ ਵਿਖੇ ਅੱਜ ਪੰਜਾਬ ਦੇ ਵੈਟਰਨਰੀ ਪੋਲੀਕਲੀਨਿਕਾਂ ਦੇ ਪੈਥੋਲੋਜਿਸਟਾਂ, ਹਰੇਕ ਜ਼ਿਲ੍ਹੇ ਵਿੱਚ ਨਾਮਜ਼ਦ ਕੀਤੇ ਗਏ ਬਰਡ ਫਲੂ ਨਾਲ ਸਬੰਧਤ ਨੋਡਲ ਅਫ਼ਸਰਾਂ ਅਤੇ ਵਣ ਤੇ ਜੰਗਲੀ ਜੀਵਨ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਡਾਇਰੈਕਟਰ ਡਾ. ਐਚ ਐਸ ਕਾਹਲੋਂ ਵੱਲੋਂ ਕੀਤੀ ਗਈ।

Advertisements

ਡਾ. ਕਾਹਲੋਂ ਨੇ ਮੀਟਿੰਗ ਵਿੱਚ ਮੌਜੂਦ ਅਧਿਕਾਰੀਆਂ/ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਆਂਢੀ ਸੂਬਿਆਂ ਵਿੱਚ ਬਰਡ ਫਲੂ ਦੇ ਫੈਲਾਅ ਦੇ ਮੱਦੇਨਜ਼ਰ ਸੂਬੇ ਵਿੱਚ ਬਰਡ ਫਲੂ ਦੇ ਫੈਲਾਅ ਨੂੰ ਰੋਕਣ ਲਈ ਸਾਵਧਾਨੀਆਂ ਵਰਤਣ ਸਬੰਧੀ ਨਿਰਦੇਸ਼ ਜਾਰੀ ਕੀਤੇ। ਸਰਕਾਰ ਵੱਲੋਂ ਬਰਡ ਫਲੂ ਦੇ ਮਾਮਲਿਆਂ ਨੂੰ ਲੈ ਕੇ ਨਿਗਰਾਨੀ ਵਧਾਉਣ ਲਈ ਐਨਆਰਡੀਡੀਐਲ ਜਲੰਧਰ ਵਿਖੇ ਰੋਜ਼ਾਨਾ 1500 ਸੈਂਪਲ ਟੈਸਟ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਉਨ੍ਹਾਂ ਹਰੇਕ ਜ਼ਿਲ੍ਹੇ ਨੂੰ ਰੋਜ਼ਾਨਾ 50 ਸੈਂਪਲ ਭੇਜਣ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਇਨ੍ਹਾਂ ਸੈਂਪਲਾਂ ਦੀ ਸਮੇਂ ਸਿਰ ਜਾਂਚ ਨਾਲ ਬਰਡ ਫਲੂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਮੀਟਿੰਗ ਵਿੱਚ ਐਨਆਰਡੀਡੀਐਲ ਦੇ ਜੁਆਇੰਟ ਡਾਇਰੈਕਟਰ ਡਾ. ਮਹਿੰਦਰਪਾਲ ਨੇ ਭਰੋਸਾ ਦਿਵਾਇਆ ਕਿ ਐਨਆਰਡੀਡੀਐਲ ਵਿੱਚ ਬਰਡ ਫਲੂ ਦੇ ਸੈਂਪਲ ਟੈਸਟ ਕਰਨ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ।

ਮੀਟਿੰਗ ਦੌਰਾਨ ਡਾ. ਪਰਵਿੰਦਰ ਕੌਰ ਵੈਟਰਨਰੀ ਅਫ਼ਸਰ ਨੂੰ ਬਰਡ ਫਲੂ ਦਾ ਨੋਡਲ ਅਫ਼ਸਰ ਲਗਾਇਆ ਗਿਆ, ਜੋ ਕਿ ਹਰ ਤਰ੍ਹਾਂ ਦੀ ਜਾਣਕਾਰੀ ਦਾ ਬਾਕੀ ਜ਼ਿਲ੍ਹਿਆਂ ਨਾਲ ਅਦਾਨ-ਪ੍ਰਦਾਨ ਕਰਨਗੇ। ਇਸ ਮੌਕੇ ਡਾ. ਚਰਨਜੀਤ ਸਾਰੰਗਲ ਅਤੇ ਡਾ. ਮੁਕੇਸ਼ ਮਿੱਤਲ ਨੇ ਆਏ ਹੋਏ ਅਧਿਕਾਰੀਆਂ/ਕਰਮਚਾਰੀਆਂ ਨੂੰ ਸੈਂਪਲ ਇਕੱਤਰ ਕਰਨ ਅਤੇ ਡਿਸਪੈਚ ਕਰਨ ਸਬੰਧੀ ਪਾਵਰ ਪੁਆਇੰਟ ਪ੍ਰੈਜ਼ੈਨਟੇਸ਼ਨ ਰਾਹੀਂ ਪੂਰਨ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here