ਸੁਪਰ/ਹੈਪੀ ਸੀਡਰ ਮਸ਼ੀਨ, ਝੋਨੇ ਦੀ ਪਰਾਲੀ ਦੀ ਸੰਭਾਲ ਤੇ ਕਣਕ ਦੀ ਬਿਜਾਈ ਲਈ ਬੇਹਤਰ ਵਿਕਲਪ: ਡਾ.ਅਮਰੀਕ

ਪਠਾਨਕੋਟ(ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਦੇ ਪਿੰਡ ਤੰਗੋਸ਼ਾਹ ਵਿੱਚ  ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ  ਸੁਪਰ ਸੀਡਰ ਮਸ਼ੀਨ ਨਾਲ ਕਣਕ ਬਿਜਾਈ ਕਰਵਾਈ ਗਈ ਹੈ ਤਾਂ ਜੋ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਕਣਕ ਦੀ ਫਸਲ ਦਾ ਜਾਇਜ਼ਾ ਲੈਣ ਲਈ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਅਤੇ ਸ਼੍ਰੀ ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ ਅਤੇ ਬਲਵਿੰਦਰ ਕੁਮਾਰ ਸਹਾਇਕ ਤਕਨੀਕੀ ਪ੍ਰਬੰਧਕ ਨੇ ਉੱਦਮੀ ਕਿਸਾਨ ਜਗੀਰ ਸਿੰਘ ਦੇ  ਖੇਤਾਂ ਦਾ ਦੌਰਾ ਕੀਤਾ ।

Advertisements

ਝੋਨੇ ਦੀ ਪਰਾਲੀ ਨੂੰ ਸਾੜਣ ਦੀ ਬਿਜਾਏ ਖੇਤਾਂ ਵਿੱਚ ਸੰਭਾਲ ਬਾਰੇ ਜਾਣਕਾਰੀ ਦਿੰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਸਾੜਣ ਨਾਲ ਕਈ ਤਰਾਂ ਦੀਆਂ ਜ਼ਹਿਰੀਲੀਆਂ ਗੈਸਾਂ ਧੂੰਏਂ ਦੇ ਰੂਪ ਵਿੱਚ ਪੈਦਾ ਹੁੰਦੀਆਂ ਹਨ। ਉਨਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਨਾ ਲਈ ਵਾਤਾਵਰਣ ਸ਼ੁੱਧ ਹੋਵੇ,ਇਹ ਤਾਂ ਹੀ ਹੋ ਸਕਦਾ ਜੇਕਰ ਪਰਾਲੀ ਨੂੰ ਅੱਗ ਲਗਾ ਕੇ ਨਾਂ ਸਾੜਿਆ ਜਾਵੇ। ਉਨਾਂ ਕਿਹਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਮਨੁੱਖੀ ਅਤੇ ਵਾਤਾਵਰਣ ਪੱਖੀ ਹਨ ਅਤੇ ਉਨਾਂ ਦੇ ਮਹਾਂ ਵਾਕ “ਪਵਣ ਗੁਰੁ ਪਾਣੀ ਪਿਤਾ ਮਾਤਾ ਧਰਤਿ ਮਹਤੁ” ਅਨੁਸਾਰ ਹਵਾ,ਪਾਣੀ ਅਤੇ ਮਿੱਟੀ ਦੀ ਸੰਭਾਲ ਮਨੁੱਖਤਾ ਦੇ ਭਲੇ ਲਈ ਅਤਿ ਜ਼ਰੂਰੀ ਹੈ। ਉਨਾਂ ਕਿਹਾ ਕਿ ਇੱਕ ਅਨੁਮਾਨ ਅਨੁਸਾਰ ਪੰਜਾਬ ਵਿੱਚ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਨਾਲ ਤਕਰੀਬਨ 200 ਕਰੋੜ ਦੇ ਡੇਢ ਲੱਖ ਟਨ ਨਾਈਟਰੋਜਨ,ਫਾਸਫੋਰਸ,ਪੋਟਾਸ਼ ਅਤੇ ਸਲਫਰ ਆਦਿ ਖੁਰਾਕੀ ਤੱਤਾਂ ਦਾ ਨੁਕਸਾਨ ਹੁੰਦਾ ਹੈ। ਅਤੇ ਝੋਨੇ ਦੀ ਪਰਾਲੀ ਸਾੜਣ ਕਾਰਨ 150 ਕਰੋੜ ਰੁਪਏ ਕੀਮਤ ਦੀ ਨਾਈਟਰੋਜਨ ਅਤੇ ਫਾਸਫੋਰਸ ਨਸ਼ਟ ਹੋ ਜਾਂਦੀ ਹੈ।

ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜੈ ਬਗੈਰ ਕਣਕ ਦੀ ਬਿਜਾਈ, ਖੇਤ ਨੂੰ ਬਗੈਰ ਵਾਹੇ ਹੈਪੀ ਸੀਡਰ,ਸੁਪਰ ਸੀਡਰ ਨਾਲ ਕਰਨ ਨਾਲ ਖੇਤੀ ਲਾਗਤ ਖਰਚੇ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਅਤੇ ਕਣਕ ਦੀ ਬਿਜਾਈ ਲਈ ਸੁਪਰ ਸੀਡਰ ਮਸ਼ੀਨ ਬੇਹਤਰ ਸਾਬਿਤ ਹੋ ਰਹੀ ਹੈ।ਉਨਾਂ ਕਿ ਮਿਤੀ 12 ਜਨਵਰੀ 2021 ਨੂੰ ਪਿੰਡ ਤੰਗੋਸ਼ਾਹ ਵਿੱਚ ਬਲਾਕ ਪੱਧਰੀ ਜਾਗਰੁਕਤਾ ਕੈਂਪ/ਖੇਤ ਦਿਵਸ ਮਨਾਇਆ ਜਾਵੇਗਾ ਜਿਸ ਵਿੱਚ ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਣਗੇ।  ਉੱਦਮੀ ਕਿਸਾਨ ਜਗੀਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਸਾਂਭ ਸੰਭਾਲ ਸਕੀਮ ਪਿੰਡ ਤੰਗੋਸ਼ਾਹ ਵਿੱਚ ਕਿਸਾਨਾਂ ਦੇ ਸਮੂਹ ਨੂੰ ਸੁਪਰ ਸੀਡਰ ਮਸ਼ੀਨ ਉਪਦਾਨ ਤੇ ਉਪਲਬਧ ਕਰਵਾਈ ਗਈ ਹੈ,ਜਿਸ ਦੀ ਮਦਦ ਨਾਲ 5 ਏਕੜ ਰਕਬੇ ਵਿੱਚ ਕਣਕ  ਦੀ ਬਿਜਾਈ ਸੁਪਰ ਸੀਡਰ ਮਸ਼ੀਨ ਨਾਲ ਕੀਤੀ ਹੈ।

ਉਨਾਂ ਕਿਹਾ ਕਿ ਪਹਿਲਾਂ ਸਾਰੀ ਪਰਾਲੀ ਪਸ਼ੂਪਾਲਕਾਂ ਨੂੰ ਚੁਕਾ ਦਿੱਤੀ ਜਾਂਦੀ ਸੀ ਅਤੇ ਬਦਲੇ ਵਿੱਚ ਪਸ਼ੂਪਾਲਕਾਂ ਕੋਲੋਂ ਦੇਸੀ ਰੂੜੀ ਲੈ ਕੇ ਖੇਤਾਂ ਵਿੱਚ ਪਾ ਲਈ ਜਾਂਦੀ ਸੀ।ਉਨਾਂ ਦੱਸਿਆ ਕਿ ਇਸ ਸਾਲ ਸਾਰੀ ਦੀ ਸਾਰੀ ਪਰਾਲੀ ਖੇਤਾਂ ਵਿੱਚ ਸੰਭਾਲੀ ਗਈ ਹੈ ਜਿਸ ਨਾਲ ਕਣਕ ਦੀ ਫਸਲ ,ਪਿਛਲੇ ਸਾਲ ਨਾਲੋਂ ਬੇਹਤਰ ਜਾਪ ਰਹੀ ਹੈ। ਉਨਾਂ ਕਿਹਾ ਕਿ ਇਕੱਲੇ ਇਕੱਲੇ ਕਿਸਾਨ ਮਹਿੰਗੀ ਖੇਤੀ ਮਸ਼ੀਨਰੀ ਮੁੱਲ਼ ਖਰੀਦਨ ਦੀ ਬਿਜਾਏ ਸਮੂਹ ਬਣਾ ਕੇ ਲੈਣੀ ਚਾਹੀਦੀ ਹੈ ,ਜਿਸ ਲਈ ਸਰਕਾਰ ਵੱਲੋਂ 80 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।ਉਨਾਂ ਕਿਹਾ ਕਿ ਛੋਟੇ ਕਿਸਾਨ ਕਿਰਾਏ ਤੇ ਲੈ ਕੇ ਫਸਲਾਂ ਦੀ ਬਿਜਾਈ ਕਰ ਸਕਦੇ ਹਨ। ਸੁਭਾਸ਼ ਚੰਦਰ ਨੇ  ਕਿਹਾ ਕਿ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਜ਼ਮੀਨਾਂ ਵਿੱਚ ਕਾਰਬਾਨਿਕ ਮਾਦਾ/ਮੱਲੜ ਵਧਾਉਣਾ ਬਹੁਤ ਜ਼ਰੂਰੀ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਣ ਦੀ ਬਿਜਾਏ ਖੇਤਾਂ ਵਿੱਚ ਵਾਹਿਆ ਜਾਵੇ।

LEAVE A REPLY

Please enter your comment!
Please enter your name here