ਡਾ.ਰਾਜ ਨੇ ਸੀ.ਐਚ.ਸੀ. ਹਾਰਟਾ ਬੱਡਲਾ ’ਚ ਕਰਾਈ ਐਕਸ-ਰੇ ਪਲਾਂਟ ਅਤੇ ਈ.ਸੀ.ਜੀ. ਦੀ ਸ਼ੁਰੂਆਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਹਲਕਾ ਚੱਬੇਵਾਲ ਤੋਂ ਵਿਧਾਇਕ ਡਾ.ਰਾਜ ਕੁਮਾਰ ਨੇ ਕਮਿਊਨਿਟੀ ਸਿਹਤ ਕੇਂਦਰ, ਹਾਰਟਾ ਬੱਡਲਾ ਵਿੱਚ ਲੋਕਾਂ ਦੀ ਸਹੂਲਤ ਲਈ ਐਕਸ-ਰੇ ਪਲਾਂਟ ਅਤੇ ਈ.ਸੀ.ਜੀ. ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਅਤਿ-ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਇਹ ਹਸਪਤਾਲ ਇਲਾਕੇ ਦੇ ਕਈ ਪਿੰਡਾਂ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ। ਪੰਜਾਬ ਸਰਕਾਰ ਵਲੋਂ ਕਮਿਊਨਿਟੀ ਸਿਹਤ ਕੇਂਦਰ (ਸੀ.ਐਚ.ਸੀ.), ਹਾਰਟਾ ਬੱਡਲਾ ਵਿਖੇ 24X7 ਐਮਰਜੈਂਸੀ ਸੇਵਾਵਾਂ ਸ਼ੁਰੂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਡਾ.ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਸ ਕੇਂਦਰ ਵਿਚਲੀ ਲੈਬੋਰਟਰੀ ਨੂੰ ਵੀ ਅਪਗਰੇਡ ਕਰਦਿਆਂ ਨਵੀਂਆਂ ਮਸ਼ੀਨਾਂ ਰਾਹੀਂ ਟੈਸਟ ਸ਼ੁਰੂ ਕਰ ਦਿੱਤੇ ਗਏ ਹਨ ਜਿਥੇ ਲਾਗਲੇ ਪਿੰਡਾਂ ਦੇ ਵਸਨੀਕ ਰੂਟੀਨ ਦੇ ਟੈਸਟ ਆਸਾਨੀ ਨਾਲ ਕਰਵਾ ਸਕਣਗੇ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ 24 ਘੰਟੇ ਐਮਰਜੈਂਸੀ ਸ਼ੁਰੂ ਕਰਨ ਦੇ ਨਾਲ-ਨਾਲ ਡਾਕਟਰ ਅਤੇ ਲੋੜੀਂਦਾ ਸਟਾਫ਼ ਵੀ ਯਕੀਨੀ ਬਣਾ ਦਿੱਤਾ ਗਿਆ ਹੈ ਤਾਂ ਜੋ ਲੋੜ ਪੈਣ ’ਤੇ ਕਿਸੇ ਵੀ ਵੇਲੇ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਨਵੇਂ ਸ਼ੁਰੂ ਕੀਤੇ ਐਕਸ-ਰੇ ਸੈਂਟਰ ਅਤੇ ਈ.ਸੀ.ਜੀ. ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਚੱਬੇਵਾਲ ਨੇ ਦੱਸਿਆ ਕਿ ਕੋਰੋਨਾ ਸੰਕਟ ਦੌਰਾਨ ਪੰਜਾਬ ਸਰਕਾਰ ਵਲੋਂ ਸੀ.ਐਚ.ਸੀ. ਲਈ ਐਕਸ-ਰੇ ਪਲਾਂਟ ਮਨਜ਼ੂਰ ਕਰ ਦਿੱਤਾ ਗਿਆ ਸੀ ਜੋ ਕਿ ਹੁਣ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀ.ਐਚ.ਸੀ. ਵਿੱਚ ਅਤਿ-ਆਧੁਨਿਕ ਈ.ਸੀ.ਜੀ. ਮਸ਼ੀਨ ਦੀ ਸਥਾਪਤੀ ਨਾਲ ਹੁਣ ਲੋਕ ਐਕਸ-ਰੇ ਦੇ ਨਾਲ-ਨਾਲ ਪਿੰਡਾਂ ਦੇ ਵਸਨੀਕ ਹੁਣ ਲੋੜ ਪੈਣ ’ਤੇ ਈ.ਸੀ.ਜੀ. ਵੀ ਕਰਵਾ ਸਕਣਗੇ।

Advertisements

ਜੱਚਾ-ਬੱਚਾ ਕੇਂਦਰ ਲੋਕਾਂ ਲਈ ਵੱਡੀ ਸਹੂਲਤ, ਨਵਜੰਮੀਆਂ 7 ਬੱਚੀਆਂ ਦੀ ਮਨਾਈ ਲੋਹੜੀ:

ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਸੀ.ਐਚ.ਸੀ. ਹਾਰਟਾ ਬੱਡਲਾ ਵਿੱਚ 2 ਮਹੀਨੇ ਪਹਿਲਾਂ ਸ਼ੁਰੂ ਕੀਤੇ ਜੱਚਾ-ਬੱਚਾ ਸੈਂਟਰ ਬਾਰੇ ਦੱਸਦਿਆਂ ਕਿਹਾ ਕਿ ਇਹ ਸੈਂਟਰ ਲਾਗਲੇ ਪਿੰਡਾਂ ਲਈ ਵੱਡੀ ਸਹੂਲਤ ਬਣ ਚੁੱਕਾ ਹੈ। ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਪ੍ਰੋਗਰਾਮ ‘ਧੀਆਂ ਦੀ ਲੋਹੜੀ’ ਤਹਿਤ ਡਾ.ਰਾਜ ਕੁਮਾਰ ਚੱਬੇਵਾਲ, ਸੀ.ਐਚ.ਸੀ. ਦੇ ਐਸ.ਐਮ.ਓ. ਡਾ. ਰਾਜ ਕੁਮਾਰ ਬੱਧਣ ਅਤੇ ਸਮੂਹ ਸਟਾਫ਼ ਨੇ ਸੀ.ਐਚ.ਸੀ. ਵਿੱਚ ਜਨਮ ਲੈਣ ਵਾਲੀਆਂ 7 ਬੱਚੀਆਂ ਦੀ ਲੋਹੜੀ ਮਨਾਈ। ਇਸ ਮੌਕੇ ਡਾ. ਚੱਬੇਵਾਲ ਨੇ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਗਿਫਟ ਅਤੇ ਸਨਮਾਨ ਚਿੰਨ ਭੇਟ ਕਰਦਿਆਂ ਕਿਹਾ ਕਿ ਸਮਾਜ ਵਿੱਚ ਧੀਆਂ ਦਾ ਬਰਾਬਰ ਮਾਣ-ਸਤਿਕਾਰ ਯਕੀਨੀ ਬਨਾਉਣਾ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੈ ਜਿਸ ਨੂੰ ਪੂਰੀ ਤਰਜੀਹ ਦੇ ਕੇ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਅੱਜ ਦੁਨੀਆਂ ਦੇ ਕਿਸੇ ਵੀ ਖੇਤਰ ਵਿੱਚ ਕਿਸੇ ਪਾਸਿਓਂ ਵੀ ਲੜਕਿਆਂ ਤੋਂ ਪਿੱਛੇ ਨਹੀਂ ਹਨ ਅਤੇ ਸਾਨੂੰ ਸਾਰਿਆਂ ਨੂੰ ਧੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੂੰ ਚਹੁੰਮੁਖੀ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਵਿੱਚ ਕੋਈ ਢਿੱਲਮੱਠ ਨਹੀਂ ਰਹਿਣ ਦੇਣੀ ਚਾਹੀਦੀ।

LEAVE A REPLY

Please enter your comment!
Please enter your name here