2019-20 ਦੋਰਾਨ ਫ਼ਿਰੋਜ਼ਪੁਰ ਦੇ ਲਿੰਗ ਅਨੁਪਾਤ ਵਿੱਚ ਪਿਛਲੇ ਸਾਲ ਨਾਲੋਂ ਹੋਇਆ ਵਾਧਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਮਾਜ ਵਿੱਚ ਭਰੂਣ ਹੱਤਿਆ, ਬਾਲ ਵਿਆਹ ਵਰਗੀਆਂ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ, ਬਾਲ ਕੰਨਿਆਵਾਂ/ਲੜਕੀਆਂ ਦੇ ਅਧਿਕਾਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵੱਖ ਵੱਖ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਂਦੇ ਹਨ, ਜਿਸ ਦੇ ਨਤੀਜੇ ਵਜੋਂ ਸਾਲ 2019-20 ਦੌਰਾਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਲਿੰਗ ਅਨੁਪਾਤ ਵਿੱਚ ਪਿਛਲੇ ਸਾਲ ਨਾਲੋਂ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ 2018-19 ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ਦਾ ਲਿੰਗ ਅਨੁਪਾਤ 881 ਸੀ ਜੋ ਕਿ 2019-20 ਦੌਰਾਨ 947 ਹੋ ਗਿਆ ਹੈ ਅਤੇ ਸੂਬੇ ਦੇ ਕਈ ਜ਼ਿਲ੍ਹਿਆਂ ਨਾਲੋਂ ਵਧੀਆ ਲਿੰਗ ਅਨੁਪਾਤ ਹੈ।

Advertisements

ਇਸੇ ਲੜੀ ਤਹਿਤ ਹਰ ਸਾਲ 24 ਜਨਵਰੀ ਨੂੰ ਰਾਸ਼ਟਰੀ ਬਾਲੜੀ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਉਦੇਸ਼ ਭਰੂਣ ਹੱਤਿਆ,ਬਾਲ ਵਿਆਹ ਬਾਰੇ ਸੁਚੇਤ ਕਰਨਾ ਅਤੇ ਲੜਕੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ ਆਦਿ ਹੁੰਦਾ ਹੈ। ਇਸ ਦੇ ਨਾਲ ਨਾਲ ਹੀ ਉਨਾਂ ਨੂੰ ਪੜ੍ਹਨ ,ਅੱਗੇ ਵਧਣ ਦੇ ਸਾਰੇ ਮੌਕੇ ਦੇਣ ਅਤੇ ਲੜਕਿਆਂ ਵਾਂਗ ਹੀ ਸਮਾਨ ਅਧਿਕਾਰ ਦੇਣ ਤੇ ਜੋਰ ਦਿੱਤਾ ਜਾਂਦਾ ਹੈ। ਲੜਕੀਆਂ ਦੇ ਜਨਮ ਦਰ ਵਿੱਚ ਸੁਧਾਰ ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ ਉਥੇ ਪੜ੍ਹਾਈ ਅਤੇ ਖੇਡਾਂ ਤੇ ਹੋਰਨਾਂ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਲੜਕੀਆਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਸ਼ਟਰੀ ਬਾਲੜੀ ਦਿਵਸ ਦੇ ਸਬੰਧ ਵਿੱਚ 25 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਵਿੱਚ ਲੜਕੀਆਂ ਦੀ ਭਰੂਣ ਹੱਤਿਆ ਨਾ ਕਰ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਲੜਕਿਆਂ ਵਾਂਗ ਕਰਨ ਬਾਰੇ, ਉਨ੍ਹਾਂ ਨੂੰ ਸਮਾਜ ਵਿੱਚ ਅੱਗੇ ਵਧਣ, ਪੜ੍ਹਨ ਆਦਿ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

LEAVE A REPLY

Please enter your comment!
Please enter your name here