ਜਲੰਧਰ: ਯੂਡੀਆਈਡੀ ਸਕੀਮ ਤਹਿਤ ਵੱਧ ਤੋਂ ਵੱਧ ਕਾਰਡ ਬਣਾਉਣ ਲਈ ਲਗਾਏ ਜਾਣਗੇ ਮੈਗਾ ਕੈਂਪ: ਡਿਪਟੀ ਕਮਿਸ਼ਨਰ

ਜਲੰਧਰ (ਦ ਸਟੈਲਰ ਨਿਊਜ਼)।  ਵਿਲੱਖਣ ਅਪੰਗਤਾ ਪਹਿਚਾਣ ਕਾਰਡ ਤੋਂ ਕੋਈ ਵਾਂਝਾ ਨਾ ਰਹਿ ਜਾਵੇ, ਇਸ ਨੂੰ ਯਕੀਨੀ ਬਣਾਉਣ ਦੇ ਮੰਤਵ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਜ਼ਿਲ੍ਹੇ ਭਰ ਵਿੱਚ ਮਾਰਚ ਮਹੀਨੇ ਦੌਰਾਨ ਮੈਗਾ ਕੈਂਪ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਇਹ ਮੈਗਾ ਕੈਂਪ ਯੋਗ ਲਾਭਪਾਤਰੀਆ ਨੂੰ ਇਕੋ ਛੱਤ ਹੇਠ ਮੌਕੇ ’ਤੇ ਮੈਡੀਕਲ ਜਾਂਚ ਤੋਂ ਇਲਾਵਾ ਹੋਰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨਗੇ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾ ਮੈਗਾ ਕੈਂਪ 1 ਅਤੇ 2 ਮਾਰਚ 2021 ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 4 ਮਾਰਚ ਨੂੰ ਕਮਿਊਨਿਟੀ ਸਿਹਤ ਸੈਂਟਰ ਫਿਲੌਰ, 5 ਮਾਰਚ ਨੂੰ ਸੀ.ਐਚ.ਸੀ. ਬੜਾ ਪਿੰਡ, 10 ਮਾਰਚ ਨੂੰ ਅੱਪਰਾ, 12 ਮਾਰਚ ਨੂੰ ਨੂਰਮਹਿਲ, 18 ਮਾਰਚ ਨੂੰ ਨਕੋਦਰ, 19 ਮਾਰਚ ਨੂੰ ਮਹਿਤਪੁਰ, 25 ਮਾਰਚ ਨੂੰ ਜਮਸ਼ੇਰ, 26 ਮਾਰਚ ਨੂੰ ਕਰਤਾਰਪੁਰ ਅਤੇ ਪਹਿਲੀ ਅਪ੍ਰੈਲ 2021 ਨੂੰ ਲੋਹੀਆਂ ਖਾਸ ਵਿਖੇ ਯੂ.ਡੀ.ਆਈ.ਡੀ.ਸਕੀਮ ਤਹਿਤ ਮੈਗਾ ਕੈਂਪ ਲਗਾਏ ਜਾਣਗੇ।

ਸ਼੍ਰੀ ਥੋਰੀ ਨੇ ਅੱਗੇ ਦੱਸਿਆ ਕਿ ਡਾਕਟਰਾਂ ਦਾ ਪੈਨਲ, ਜਿਸ ਵਿੱਚ ਮੈਡੀਕਲ ਅਤੇ ਅੱਖਾਂ ਦੇ ਮਾਹਰ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਯੂ.ਡੀ.ਆਈ.ਕਾਰਡ ਲਈ ਸਰੀਰਿਕ ਜਾਂਚ ਵਾਸਤੇ ਸਿਵਲ ਹਸਪਤਾਲ ਜਲੰਧਰ ਵਿਖੇ ਹਰ ਮੰਗਲਵਾਰ 9 ਮਾਰਚ, 16 ਮਾਰਚ, 23 ਮਾਰਚ ਅਤੇ 30 ਮਾਰਚ ਨੂੰ ਉਪਲਬੱਧ ਰਹਿਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਯੂ.ਡੀ.ਆਈ.ਡੀ.ਕਾਰਡ ਲਈ ਇਨਰੋਲਮੈਂਟ ਵਾਸਤੇ ਸਰੀਰਿਕ ਜਾਂਚ ਲਈ ਇਨ੍ਹਾਂ ਤਾਰੀਕਾਂ ਨੂੰ ਸਿਵਲ ਹਸਪਤਾਲ ਆ ਸਕਦਾ ਹੈ। 

ਸ੍ਰੀ ਥੋਰੀ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਦੀ ਸੇਵਾ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਇਹ ਫਰਜ਼ ਬਣਦਾ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਰੋਜ਼ਗਾਰ ਅਤੇ ਸਮਾਜਿਕ ਸੁਰੱਖਿਆ ਦੇ ਸਮਾਨ ਮੌਕੇ ਪ੍ਰਦਾਨ ਕੀਤੇ ਜਾਣ।

ਉਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਸੱਦਾ ਦਿੱਤਾ ਕਿ ਯੂ.ਡੀ.ਆਈ.ਡੀ.ਕਾਰਡ ਲਈ ਰਜਿਸਟਰਡ ਹੋਣ ਲਈ ਆਪਣੇ ਨਾਲ ਅਧਾਰ ਕਾਰਡ, ਵੋਟਰ ਪਹਿਚਾਣ ਪੱਤਰ ਅਤੇ ਉਮਰ ਦੇ ਹੋਰ ਸਬੂਤ ਦੇ ਨਾਲ ਆਪਣੀ ਤਾਜ਼ਾ ਪਾਸਪੋਰਟ ਸਾਈਜ਼ ਦੀ ਫੋਟੋ ਲੈ ਕੇ ਆਉਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੇਤਰਹੀਣ ਵਿਅਕਤੀ ਯੂ.ਡੀ.ਆਈ.ਡੀ.ਕਾਰਡ ਨਾਲ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਤੋਂ ਇਲਾਵਾ ਰੋਜ਼ਗਾਰ ਦੇ ਮੌਕਿਆਂ ਅਤੇ ਹੋਰ ਜ਼ਰੂਰੀ ਸਹੂਲਤਾਂ ਦਾ ਲਾਭ ਉਠਾ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂ.ਡੀ.ਆਈ.ਕਾਰਡ ਦੇ ਨੋਡਲ ਅਫ਼ਸਰ ਡਾ.ਅੰਨੂ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਸਾਰੇ ਯੋਗ ਲਾਭਪਾਤਰੀ ਇਕ ਛੱਤ ਹੇਠ ਲੋੜੀਂਦੀਆਂ ਸਹੂਲਤਾਂ ਜਿਵੇਂ ਕਿ ਮਾਹਿਰਾਂ ਵਲੋਂ ਸਰੀਰਿਕ ਜਾਂਚ, ਜੋ ਕਿ ਕੈਂਪ ਵਿੱਚ ਮੌਜੂਦ ਰਹਿਣਗੇ ਪਾਸੋਂ ਲਾਭ ਉਠਾ ਸਕਣਗੇ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਜਲੰਧਰ ਵਿੱਖ 15818 ਯੂ.ਡੀ.ਆਈ.ਡੀ.ਕਾਰਡ ਬਣਾਏ ਜਾ ਚੁੱਕੇ ਹਨ ਅਤੇ ਵੱਡੇ ਪੱਧਰ ’ਤੇ ਈ-ਕਾਰਡ ਬਣਾਉਣ ਲਈ ਜਲੰਧਰ ਪੂਰੇ ਸੂਬੇ ਵਿੱਚ ਮੋਹਰੀ ਜ਼ਿਲ੍ਹਾ ਬਣ ਕੇ ਉਭਰਿਆ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਕੈਂਪਾਂ ਦੌਰਾਨ ਯੋਗ ਲਾਭਪਾਤਰੀਆਂ ਨੂੰ ਲਾਭ ਪਹੁੰਚਾਉਣ ਲਈ ਪ੍ਰਮੁੱਖ ਵਿਭਾਗਾਂ ਪਾਸੋਂ ਸਹਿਯੋਗ ਲਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਰੈਫਰ ਕੀਤੇ ਗਏ ਮਰੀਜ਼ਾਂ ਲਈ ਬੱਸ ਦੀ ਸਹੂਲਤ, ਆਡੀਓਮੈਟਰੀ ਟੈਸਟ ਅਤੇ ਐਮ.ਆਰ.ਮਰੀਜ਼ਾਂ ਦੇ ਹੋਰ ਸਿਹਤ ਸੰਸਥਾਵਾਂ ਵਿੱਚ ਟੈਸਟਾਂ ਅਤੇ ਪਿੰਗਲਾ ਘਰਾਂ ਵਿੱਚ ਪ੍ਰਸ਼ਾਸਨ ਵੱਲੋਂ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਯੋਗ ਲਾਭਪਾਤਰੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਯੂ.ਡੀ.ਆਈ.ਡੀ. ਕਾਰਡ ’ਤੇ ਮੌਜੂਦ ਕੁਇਕ ਰਿਸਪੌਂਸ (ਕਿਊ ਆਰ) ਕੋਡ ਕਾਰਡ ਹੋਲਡਰ ਦੀ ਪਹਿਚਾਣ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗਾ।

LEAVE A REPLY

Please enter your comment!
Please enter your name here