ਜਲੰਧਰ: ਰਾਤ 11 ਵਜੇ ਤੋਂ ਬਾਅਦ ਰੈਸਟੋਰੈਂਟਾਂ, ਬਾਰਾਂ, ਪੱਬਾਂ ਵਿੱਚ ਭੋਜਣ ਅਤੇ ਸ਼ਰਾਬ ਪਰੋਸਣ ਤੇ ਪਾਬੰਦੀ

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਜਗਮੋਹਨ ਸਿੰਘ ਵਲੋਂ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਪੈਂਦੇ ਰੈਸਟੋਰੈਂਟਾਂ,ਬਾਰਾਂ,ਪੱਬਾਂ ਆਦਿ ਵਿੱਚ ਗਾਹਕਾਂ ਦੇ ਦਾਖਲ ਹੋਣ ਅਤੇ ਉਨਾਂ ਨੂੰ ਭੋਜਨ ,ਸ਼ਰਾਬ ਆਦਿ ਪਰੋਸਣ ਸਬੰਧੀ ਸਮਾਂ ਹੱਦ ਬਾਰੇ ਹੁਕਮ ਜਾਰੀ ਕੀਤੇ ਹਨ ।

Advertisements

ਭਾਰਤੀ ਦੰਡਾਵਲੀ 1973 ਦੀ ਧਾਰਾ 144 ਤਹਿਤ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਨੇਕਾਂ ਰੈਸਟੋਰੈਂਟ,ਬਾਰ,ਕਲੱਬ,ਪੱਬ ਦੇਰ ਰਾਤ ਤੱਕ ਖੁੱਲੇ ਰਹਿੰਦੇ ਹਨ ਅਤੇ ਇਨਾਂ ਵਲੋਂ ਡੀ.ਜੇ.ਵੀ ਰਾਤ 10 ਵਜੇ ਤੋਂ ਬਾਅਦ ਤੱਕ ਵਜਾਇਆ ਜਾਂਦਾ ਹੈ ਜਿਸ ਕਰਕੇ ਜਿਥੇ ਅਵਾਜ਼ ਪ੍ਰਦੂਸ਼ਣ ਹੁੰਦਾ ਹੈ ਉਥੇ ਹੀ ਸ਼ਾਂਤੀ ਵੀ ਭੰਗ ਹੁੰਦੀ ਹੈ। ਜਾਰੀ ਹੁਕਮਾਂ ਵਿੱਚ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਵਲੋਂ ਕਿਹਾ ਗਿਆ ਹੈ ਕਿ ਪੁਲਿਸ ਕਮਿਸ਼ਨਰੇਟ ਦੀ ਹੱਦ ਅੰਦਰ ਕਿਸੇ ਵੀ ਰੈਸਟੋਰੈਂਟ,ਬਾਰ ਅਤੇ ਪੱਬਾਂ ਵਿੱਚ ਰਾਤ 11 ਵਜੇ ਤੋਂ ਬਾਅਦ ਭੋਜਨ,ਸ਼ਰਾਬ ਆਦਿ ਨਹੀਂ ਪਰੋਸੀ ਜਾਵੇਗੀ। ਇਸ ਤੋਂ ਇਲਾਵਾ ਰਾਤ 11 ਵਜੇ ਤੋਂ ਬਾਅਦ ਕਿਸੇ ਵੀ ਨਵੇਂ ਗਾਹਕ ਨੂੰ ਰੈਸਟੋਰੈਂਟ, ਕਲੱਬ, ਪਾਰ, ਪੱਬ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨਾਂ ਇਹ ਵੀ ਸਪਸ਼ਟ ਕੀਤਾ ਕਿ ਜਿਨਾਂ ਰੈਸਟੋਰੈਂਟਾਂ,ਕਲੱਬਾਂ,ਪੱਬਾਂ ਤੇ ਬਾਰਾਂ ਪਾਸ ਸ਼ਰਾਬ ਪਰੋਸਣ ਆਦਿ ਦੇ ਲਾਇਸੰਸ ਹਨ ਉਹ ਰਾਤ 12 ਵਜੇ ਤੱਕ ਹਰ ਹਾਲ ਵਿੱਚ ਬੰਦ ਹੋ ਜਾਣੇ ਚਾਹੀਦੇ ਹਨ।

ਜਿਹੜੇ ਅਹਾਤੇ  ਸ਼ਰਾਬ ਦੇ ਠੇਕਿਆਂ ਦੇ ਨਾਲ ਜੁੜੇ ਹਨ ਉਨਾਂ ਨੂੰ ਲਾਇਸੰਸ ਦੀਆਂ ਸ਼ਰਤਾਂ ਅਨੁਸਾਰ ਰਾਤ 11 ਵਜੇ ਤੋਂ ਪਹਿਲਾਂ ਪਹਿਲਾਂ ਬੰਦ ਕਰਨਾ ਹੋਵੇਗਾ। ਉਨਾਂ ਇਹ ਵੀ ਦੱਸਿਆ ਕਿ ਵੱਖ-ਵੱਖ ਸਮਾਗਮਾਂ ਵਿੱਚ ਡੀ.ਜੇ.,ਆਰਕੈਸਟਰਾ ਅਤੇ ਗਾਇਕਾਂ ਦੇ ਗਾਉਣ ਦੀ ਸਮਾਂ ਹੱਦ ਰਾਤ 10 ਵਜੇ ਤੱਕ ਹੈ । ਇਸ ਸਮੇਂ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਅਵਾਜ਼ ਉਸ ਇਮਾਰਤ ਦੀ ਬਾਊਂਡਰੀ ਤੋਂ ਬਾਹਰ ਸੁਣਾਈ ਨਹੀਂ ਦੇਣੀ ਚਾਹੀਦੀ। ਇਸ ਤੋਂ ਇਲਾਵਾ ਵਾਹਨਾਂ ਵਿੱਚ ਲੱਗੇ ਮਿਊਜ਼ਿਕ ਸਿਸਟਮ ਲਈ ਜਾਰੀ ਹਦਾਇਤਾਂ ਅਨੁਸਾਰ ਇਹ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੋਵੇਗਾ ਕਿ ਸੰਗੀਤ ਦੀ ਅਵਾਜ਼ ਵਾਹਨ ਤੋਂ ਬਾਹਰ ਸੁਣਾਈ ਨਾ ਦੇਵੇ।

ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਵਲੋਂ ਜਾਰੀ ਇਕ ਹੋਰ ਹੁਕਮ ਅਨੁਸਾਰ ਕੋਈ ਵੀ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ਦੇ ਮਾਲਕ/ਪ੍ਰਬੰਧਕ ਕਿਸੇ ਵੀ ਵਿਅਕਤੀ/ਯਾਤਰੀ ਨੂੰ ਉਸ ਦੀ ਸ਼ਨਾਖਤ ਕੀਤੇ ਬਗੈਰ ਨਹੀਂ ਠਹਿਰਾਉਣਗੇ। ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ਵਿਚ ਠਹਿਰਣ ਵਾਲੇ ਹਰੇਕ ਵਿਅਕਤੀ/ਯਾਤਰੀ ਦਾ ਫੋਟੋ ਸ਼ਨਾਖਤੀ ਕਾਰਡ, ਜੋ ਸਮਰੱਥ ਅਧਿਕਾਰੀ ਵੱਲੋਂ ਉਸ ਨੂੰ ਜਾਰੀ ਕੀਤਾ ਗਿਆ ਹੋਵੇ, ਦੀ ਉਸ ਵਿਅਕਤੀ/ਯਾਤਰੀ ਵੱਲੋਂ ਸਵੈ-ਤਸਦੀਕਸ਼ੁਦਾ ਫੋਟੋ ਕਾਪੀ ਬਤੌਰ ਰਿਕਾਰਡ ਰੱਖੇਗਾ ਅਤੇ ਵਿਅਕਤੀ/ਯਾਤਰੀ ਦਾ ਮੋਬਾਇਲ ਨੰਬਰ ਤਸਦੀਕ ਕਰਨਗੇ ਅਤੇ ਠਹਿਰਣ ਵਾਲੇ ਵਿਅਕਤੀ/ਯਾਦਰੀ ਦਾ ਰਿਕਾਰਡ ਰਜਿਸਟਰ ’ਤੇ ਮੇਨਟੇਨ ਕਰੇਗਾ। ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ਵਿਚ ਠਹਿਰੇ ਹੋਏ ਵਿਅਕਤੀਆਂ/ਯਾਤਰੀਆਂ ਸਬੰਧੀ ਜਾਣਕਾਰੀ ਤਿਆਰ ਕਰਕੇ ਰੋਜ਼ਾਨਾ ਸਵੇਰੇ 10 ਵਜੇ ਸਬੰਧਿਤ ਮੁੱਖ ਅਫ਼ਸਰ ਥਾਣਾ ਨੂੰ ਭੇਜਣਗੇ ਅਤੇ ਠਹਿਰੇ ਵਿਅਕਤੀਆਂ/ਯਾਤਰੀਆਂ ਸਬੰਧੀ ਰਜਿਸਟਰ ਵਿਚ ਦਰਜ ਰਿਕਾਰਡ ਨੂੰ ਹਰੇਕ ਸੋਮਵਾਰ ਨੂੰ ਸਬੰਧਿਤ ਮੁੱਖ ਅਫ਼ਸਰ ਥਾਣਾ ਪਾਸੋਂ ਤਸਦੀਕ ਕਰਵਾਉਣਗੇ ਅਤੇ ਲੋੜ ਪੈਣ ’ਤੇ ਰਿਕਾਰਡ ਪੁਲਿਸ ਨੂੰ ਮੁਹੱਈਆ ਕਰਵਾਉਣਗੇ।

ਇਸ ਤੋਂ ਇਲਾਵਾ ਜਦੋਂ ਵੀ ਕੋਈ ਵਿਦੇਸ਼ੀ ਵਿਅਕਤੀ ਕਿਸੇ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਵਿਚ ਠਹਿਰਦਾ ਹੈ ਤਾਂ ਇਸ ਸਬੰਧੀ ਇਤਲਾਹ ਇੰਚਾਰਜ ਫੌਰਨਰਸ ਰਜਿਸਟ੍ਰੇਸ਼ਨ ਆਫਿਸ, ਦਫ਼ਤਰ ਕਮਿਸ਼ਨਰ ਪੁਲਿਸ, ਜਲੰਧਰ ਨੂੰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਂ ਦੇ ਕੋਰੀਡੋਰ, ਲਿਫ਼ਟ, ਰਿਸੈਪਸ਼ਨ ਕਾਊਂਟਰ ਅਤੇ ਮੁੱਖ ਪ੍ਰਵੇਸ਼ ਦਰਵਾਜ਼ੇ ’ਤੇ ਸੀ. ਸੀ. ਟੀ. ਵੀ ਕੈਮਰੇ ਲਗਾਏ ਜਾਣ। ਜੇਕਰ ਕੋਈ ਸ਼ੱਕੀ ਵਿਅਕਤੀ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਂ ਵਿਖੇ ਠਹਿਰਦਾ/ਆਉਂਦਾ ਹੈ, ਜੋ ਕਿਸੇ ਪੁਲਿਸ ਕੇਸ ਵਿਚ ਲੋੜੀਂਦਾ ਹੈ ਜਾਂ ਕਿਸੇ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਂ ਵਿਚੋਂ ਠਹਿਰੇ/ਆਏ ਵਿਅਕਤੀ/ਯਾਤਰੀ ਨੂੰ ਕਿਸੇ ਹੋਰ ਰਾਜ/ਜ਼ਿਲ੍ਹੇ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਂ ਦਾ ਮਾਲਕ/ਪ੍ਰਬੰਧਕ ਤੁਰੰਤ ਇਸ ਦੀ ਸੂਚਨਾ ਸਬੰਧਤ ਥਾਣੇ/ਪੁਲਿਸ ਕੰਟਰੋਲ ਰੂਮ ਨੂੰ ਦੇਣ ਦੇ ਜ਼ਿੰਮੇਵਾਰ ਹੋਣਗੇ।

ਡਿਪਟੀ ਕਮਿਸਨਰ ਪੁਲਿਸ ਜਲੰਧਰ ਨੇ ਇਕ ਹੋਰ ਹੁਕਮ ਜਾਰੀ ਕਰਦਿਆਂ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਪੈਂਦੀਆਂ ਵਾਹਨ ਖੜ੍ਹੀਆਂ ਕਰਨ ਦੀਆਂ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਥਾਵਾਂ,ਹਸਪਤਾਲ, ਭੀੜ ਵਾਲੇ ਬਜ਼ਾਰਾਂ ਅਤੇ ਹੋਰ ਵਾਹਨ ਪਾਰਕ ਕਰਨ ਲਈ ਬਣੀਆਂ ਥਾਵਾਂ ਆਦਿ ਦੇ ਮਾਲਕ/ਪ੍ਰਬੰਧਕ (ਕੰਪਲੈਕਸ ਦੇ ਅੰਦਰ ਜਾਂ ਬਾਹਰ ) ਸੀ.ਸੀ.ਟੀ.ਵੀ.ਕੈਮਰੇ ਲਗਾਏ ਬਿਨਾਂ ਵਾਹਨ ਪਾਰਕਿੰਗ ਨਹੀਂ ਚਲਾਉਣਗੇ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸੀ.ਸੀ.ਟੀ.ਵੀ.ਕੈਮਰੇ ਇਸ ਤਰੀਕੇ ਨਾਲ ਲਗਾਏ ਜਾਣ ਕਿ ਜੋ ਵਾਹਨ ਪਾਰਕਿੰਗ ਦੇ ਅੰਦਰ/ਬਾਹਰ ਆਉਂਦਾ-ਜਾਂਦਾ ਹੈ ਉਸ ਦੀ ਵਾਹਨ ਦੀ ਨੰਬਰ ਪਲੇਟ ਅਤੇ ਵਾਹਨ ਚਲਾਉਣ ਵਾਲੇ ਵਿਅਕਤੀ ਦਾ ਚਿਹਰਾ ਸਾਫ਼ ਨਜ਼ਰ ਆਵੇ ਅਤੇ ਇਸ ਸਬੰਧੀ ਲਗਾਏ ਗਏ ਸੀ.ਸੀ.ਟੀ.ਵੀ.ਕੈਮਰੇ ਦੀ 45 ਦਿਨ ਦੀ ਰਿਕਾਰਡਿੰਗ ਦੀ ਸੀ.ਡੀ.ਤਿਆਰ ਕਰਨ ਉਪਰੰਤ ਹਰ 15 ਦਿਨ ਬਾਅਦ ਸਕਿਉਰਟੀ ਬ੍ਰਾਂਚ ਦਫ਼ਤਰ ਪੁਲਿਸ ਕਮਿਸ਼ਨਰ ਜਲੰਧਰ ਵਿੱਚ ਜਮ੍ਹਾਂ ਕਰਵਾਈ ਜਾਵੇ ਅਤੇ ਵਾਹਨ ਪਾਰਕ ਕਰਨ ਵਾਲੇ ਵਾਹਨ ਮਾਲਕਾਂ ਦਾ ਰਿਕਾਰਡ ਜੇਕਰ ਵਾਹਨ ਇੱਕ ਦਿਨ ਲਈ ਖੜ੍ਹਾ ਕਰਨਾ ਹੋਵੇ ਤਾਂ ਰਜਿਸਟਰ ਵਿੱਚ ਉਸ ਦਾ ਅੰਦਰਾਜ ਵਾਹਨ ਮਾਲਕ ਦਾ ਨਾਮ ,ਮੋਬਾਇਲ ਨੰਬਰ, ਵਾਹਨ ਦੀ ਕਿਸਮ, ਰਜਿਸਟਰੇਸ਼ਨ ਨੰਬਰ, ਚੈਸੀ ਨੰਬਰ,ਇੰਜਣ ਨੰਬਰ, ਵਾਹਨ ਪਾਰਕ ਕਰਨ ਦੀ ਮਿਤੀ ਅਤੇ ਵਾਹਨ ਵਾਪਿਸ ਲੈਣ ਦੀ ਮਿਤੀ ਦਰਜ ਕਰਨ ਤੋਂ ਇਲਾਵਾ ਵਾਹਨ ਮਾਲਕ ਦੇ ਰਜਿਸਟਰ ਉਪਰ ਦਸਤਖਤ ਕਰਵਾਏ ਜਾਣ।

ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਵਾਹਨ ਇੱਕ ਦਿਨ  ਤੋਂ ਵੱਧ ਸਮੇਂ ਲਈ ਖੜ੍ਹਾ ਕਰਨਾ ਹੋਵੇ ਤਾਂ ਉਸ ਦਾ ਅੰਦਰਾਜ ਰਜਿਸਟਰ ਵਿੱਚ ਉਕਤ ਅਨੁਸਾਰ ਕਰਕੇ ਵਾਹਨ ਮਾਲਕ ਵਲੋਂ ਵਾਹਨ ਦੇ ਰਜਿਸਟਰੇਸ਼ਨ ਅਤੇ ਡਰਾਇਵਿੰਗ ਲਾਇਸੰਸ ਦੀ ਫੋਟੋ ਕਾਪੀ ਲੈ ਕੇ ਬਤੌਰ ਰਿਕਾਰਡ ਰੱਖਿਆ ਜਾਵੇ ਅਤੇ ਇਸ ਤੋਂ ਇਲਾਵਾ ਪਾਰਕਿੰਗ ਦੀਆਂ ਥਾਵਾਂ ’ਤੇ ਕੰਮ ਕਰ ਰਹੇ ਵਿਅਕਤੀਆਂ ਦੀ ਪੁਲਿਸ ਵੈਰੀਫਿਕੇਸ਼ਨ ਸਬੰਧਿਤ ਥਾਣਾਂ ਤੋਂ ਕਰਵਾਈ ਜਾਵੇ। ਉਪਰੋਕਤ ਇਹ ਸਾਰੇ ਹੁਕਮ 02.05.2021 ਤੱਕ ਲਾਗੂ ਰਹਿਣਗੇ। 

LEAVE A REPLY

Please enter your comment!
Please enter your name here