ਭਾਸ਼ਾ ਵਿਭਾਗ ਨੇ ਮਨਾਇਆ ਸੰਸਕ੍ਰਿਤ ਦਿਵਸ

ਪਟਿਆਲਾ (ਦ ਸਟੈਲਰ ਨਿਊਜ਼)।   ਭਾਸ਼ਾ ਵਿਭਾਗ ਪੰਜਾਬ ਵੱਲੋਂ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਅਗਵਾਈ ‘ਚ ਅੱਜ ਸੰਸਕ੍ਰਿਤ ਦਿਵਸ ਮਨਾਇਆ ਗਿਆ। ਪਬਲਿਕ ਕਾਲਜ ਸਮਾਣਾ ਦੇ ਸਾਬਕਾ ਪ੍ਰਿੰਸੀਪਲ ਡਾ. ਅਰਵਿੰਦ ਮੋਹਨ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਪ੍ਰੋ. ਦੇਵ ਦੱਤ ਭੱਟੀ ਨੇ ਕੀਤੀ। ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਤੇ ਡਾ. ਮਹੇਸ਼ ਚੰਦਰ ਸ਼ਰਮਾ ਗੌਤਮ ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੇ ਸੰਸਕ੍ਰਿਤ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਓਮਨਦੀਪ ਸ਼ਰਮਾ ਨੇ ਭਾਰਤੀ ਭਾਸ਼ਾਵਾਂ ਦੀਆਂ ਵਰਤਮਾਨ ਸਮੱਸਿਆਵਾਂ ਅਤੇ ੳਨ੍ਹਾਂ ਦਾ ਸਮਾਧਾਨ: ਸੰਸਕ੍ਰਿਤ ਭਾਸ਼ਾ ਵਿਸ਼ੇ ‘ਤੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਨਾਮਵਾਰ ਕਵੀਆਂ ਤੇ ਸੰਸਕ੍ਰਿਤ ਵਿਦਵਾਨਾਂ ਨੇ ਆਪਣੀਆਂ ਕਾਵਿ ਰਚਨਾਵਾਂ ਤੇ ਸ਼ਲੋਕ ਉਚਾਰਣ ਕੀਤੇ। ਮੇਜ਼ਬਾਨ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਵੱਖ-ਵੱਖ ਭਾਸ਼ਾਵਾਂ ਸਬੰਧੀ ਸਕੀਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਹਮੇਸ਼ਾ ਹੀ ਵੱਖ-ਵੱਖ ਭਾਸ਼ਾਵਾਂ ਦੇ ਵਿਕਾਸ ਲਈ ਉਪਰਾਲੇ ਕਰਦਾ ਰਹਿੰਦਾ ਹੈ। ਸਮਾਗਮ ਦੀ ਸ਼ੁਰੂਆਤ ਸਾਈਂ ਮਾਡਲ ਸਕੂਲ ਦੀਆਂ ਵਿਦਿਆਰਥਣਾਂ ਨੇ ਸਰਸਵਤੀ ਵੰਦਨਾ ਦਾ ਗਾਇਨ ਕਰਕੇ ਕੀਤੀ।

Advertisements


ਇਸ ਮੌਕੇ ਮੁੱਖ ਮਹਿਮਾਨ ਡਾ. ਅਰਵਿੰਦ ਮੋਹਨ ਨੇ ਕਿਹਾ ਕਿ ਖੁੱਲ੍ਹੀ ਕਵਿਤਾ ਲਿਖਣ ਦਾ ਪ੍ਰਚਲਣ ਸੰਸਕ੍ਰਿਤ ਤੋਂ ਆਰੰਭ ਹੋਇਆ। ਉਨ੍ਹਾਂ ਕਿਹਾ ਕਿ ਹਰੇਕ ਭਾਸ਼ਾ ‘ਚ ਹੋਣ ਵਾਲੇ ਵਿਕਾਸ ਨੂੰ ਖੁੱਲ੍ਹਦਿਲੀ ਨਾਲ ਪ੍ਰਵਾਨ ਕਰਨਾ ਚਾਹੀਦਾ ਹੈ। ਕੋਈ ਭਾਸ਼ਾ ਕਿਸੇ ਜਾਤੀ, ਧਰਮ ਤੇ ਵਰਗ ਲਈ ਵਿਸ਼ੇਸ਼ ਨਹੀਂ ਹੁੰਦੀ ਸਗੋਂ ਭਾਸ਼ਾ ‘ਤੇ ਸਭ ਦਾ ਹੱਕ ਹੁੰਦਾ ਹੈ। ਇਸੇ ਕਰਕੇ ਸਾਨੂੰ ਸਾਰੀਆਂ ਭਾਸ਼ਾਵਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਦੇਵ ਦੱਤ ਭੱਟੀ ਨੇ ਭਾਸ਼ਾ ਵਿਭਾਗ ਵੱਲੋਂ ਸੰਸਕ੍ਰਿਤ ਦਿਵਸ ਮਨਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਇੱਕ ਅਜਿਹੀ ਭਾਸ਼ਾ ਹੈ ਜੋ ਦੂਸਰੀਆਂ ਭਾਸ਼ਾਵਾਂ ਨੂੰ ਨਵੇਂ ਸ਼ਬਦ ਦੇਣ ਦੇ ਸਮਰੱਥ ਹੈ। ਇਹ ਬਹੁਤ ਸਾਰੀਆਂ ਭਾਸ਼ਾਵਾਂ ਦੀ ਸਹੇਲੀ ਹੈ। ਇਸ ਕਰਕੇ ਇਹ ਹੋਰਨਾਂ ਭਾਸ਼ਾਵਾਂ ਦੀ ਨਕੜਦਾਦੀ ਹੈ।


ਵਿਸ਼ੇਸ਼ ਮਹਿਮਾਨ ਡਾ. ਰਤਨ ਸਿੰਘ ਜੱਗੀ ਨੇ ਆਪਣੀ ਹਿੰਦੀ ਤੇ ਸੰਸਕ੍ਰਿਤ ਭਾਸ਼ਾ ਨਾਲ ਸਾਂਝ ਬਾਰੇ ਵਿਸਥਾਰ ‘ਚ ਦੱਸਿਆ। ਉਨ੍ਹਾਂ ਕਿਹਾ ਕਿ ਹਿੰਦੀ ਭਾਸ਼ਾ ਭਾਰਤ ਨੂੰ ਇੱਕਜੁੱਟ ਰੱਖਣ ਲਈ ਜਰੂਰੀ ਹੈ ਅਤੇ ਭਾਰਤੀ ਸੰਸਕ੍ਰਿਤੀ ਨੂੰ ਜਾਣਨ ਲਈ ਸੰਸਕ੍ਰਿਤ ਭਾਸ਼ਾ ਦਾ ਗਿਆਤਾ ਹੋਣਾ ਲਾਜ਼ਮੀ ਹੈ। ਡਾ. ਮਹੇਸ਼ ਚੰਦਰ ਸ਼ਰਮਾ ਗੌਤਮ ਨੇ ਕਿਹਾ ਕਿ ਭਾਸ਼ਾ ਦਾ ਹਮੇਸ਼ਾ ਹੀ ਵਿਕਾਸ ਹੁੰਦਾ ਰਹਿੰਦਾ ਹੈ ਜਿਸ ਨੂੰ ਵਿਕਾਰ ਨਹੀਂ ਮੰਨਿਆ ਜਾਣਾ ਚਾਹੀਦਾ ਸਗੋਂ ਪਰਿਵਰਤਨ ਕਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਭਾਸ਼ਾ ਦੂਸਰੀ ਭਾਸ਼ਾ ਨਾਲ ਸੰਪਰਕ ਬਣਾਉਣ ਤੋਂ ਬਿਨਾ ਅੱਗੇ ਨਹੀਂ ਵਧ ਸਕਦੀ। ਇਸ ਕਰਕੇ ਸੰਸਕ੍ਰਿਤ ਭਾਸ਼ਾ ਦਾ ਵੀ ਵੱਧ ਤੋਂ ਵੱਧ ਗਿਆਨ ਹਾਸਿਲ ਕਰਨਾ ਚਾਹੀਦਾ ਹੈ। ਡਾ. ਓਮਨਦੀਪ ਸ਼ਰਮਾ ਨੇ ਵਿਸ਼ੇਸ਼ ਭਾਸ਼ਨ ‘ਚ ਕਿਹਾ ਕਿ ਭਾਰਤੀ ਭਾਸ਼ਾਵਾਂ ‘ਚ ਵਿਕਾਰ ਪੈਦਾ ਹੋ ਰਹੇ ਹਨ ਜਿੰਨ੍ਹਾਂ ਨੂੰ ਰੋਕਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਭਾਸ਼ਾਵਾਂ ਦੇ ਵਿਕਾਸ ਲਈ ਇੰਨ੍ਹਾਂ ‘ਚ ਖੋਜ ਕਾਰਜਾਂ ‘ਚ ਹੋਰ ਵਾਧਾ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਭਾਸ਼ਾਵਾਂ ਸੰਸਕ੍ਰਿਤ ਤੋਂ ਸ਼ਬਦ ਲੈ ਕੇ ਪ੍ਰਵਾਨ ਚੜੀਆ ਹਨ।


ਇਸ ਮੌਕੇ ਨਾਮਵਰ ਕਵੀ ਕਪਿਲ ਦੇਵ, ਗੁਰਦਾਸ ਸਿੰਘ, ਮਧੂ ਬਾਲਾ, ਡਾ. ਵੀਨਾ, ਬਦੀਸ਼, ਗਗਨਦੀਪ ਪਾਠਕ, ਸੁਨੀਲ ਬਹਿਲ, ਰਵਿੰਦਰ ਕੁਮਾਰ ਆਦਿ ਨੇ ਸੰਸਕ੍ਰਿਤ ‘ਚ ਕਵਿਤਾਵਾਂ ਤੇ ਸ਼ਲੋਕਾਂ ਦਾ ਉਚਾਰਣ ਕੀਤਾ। ਇਸ ਮੌਕੇ ਉੱਘੇ ਵਿਦਵਾਨ ਡਾ. ਸੁਰਜੀਤ ਸਿੰਘ ਭੱਟੀ, ਡਾ. ਗੁਰਸ਼ਰਨ ਕੌਰ ਜੱਗੀ, ਡਾ. ਕਮਲਜੀਤ ਕੌਰ, ਨਾਟਕਕਾਰ ਰਾਜੇਸ਼ ਸ਼ਰਮਾ, ਕਵਿਤਾ ਸ਼ਰਮਾ, ਭਾਸ਼ਾ ਵਿਭਾਗ ਦੀ ਸਹਾਇਕ ਨਿਰਦੇਸ਼ਕਾ ਹਰਭਜਨ ਕੌਰ, ਸਤਨਾਮ ਸਿੰਘ, ਪਰਵੀਨ ਕੁਮਾਰ, ਸੁਰਿੰਦਰ ਕੌਰ, ਜਸਪ੍ਰੀਤ ਕੌਰ ਵੀ ਹਾਜ਼ਰ ਸਨ। ਸਾਰੇ ਵਿਦਵਾਨਾਂ ਤੇ ਕਵੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਡਿਪਟੀ ਡਾਇਰੈਕਟਰ ਪ੍ਰਿਤਪਾਲ ਕੌਰ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ।

LEAVE A REPLY

Please enter your comment!
Please enter your name here